ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਦੀ ਵੱਡੀ ਅਣਗਹਿਲੀ : 26 ਦਸੰਬਰ ਮਗਰੋਂ ਨਹੀਂ ਜਾਰੀ ਹੋਇਆ ਕੋਵਿਡ ਬੁਲੇਟਿਨ
ਕੋਰੋਨਾ ਮਹਾਮਾਰੀ ਦੇ ਵਿਚਕਾਰ ਪੰਜਾਬ ਸਰਕਾਰ ਕੋਰੋਨਾ ਬੁਲੇਟਿਨ ਜਾਰੀ ਕਰਨਾ ਭੁੱਲ ਗਈ ਹੈ। 26 ਦਸੰਬਰ ਤੋਂ ਬਾਅਦ ਸੂਬਾ ਸਰਕਾਰ ਨੇ ਕੋਰੋਨਾ ਬੁਲੇਟਿਨ ਜਾਰੀ ਨਹੀਂ ਕੀਤਾ। ਕੋਰੋਨਾ ਟੈਸਟਿੰਗ ਦੀ ਰਫ਼ਤਾਰ ਕਾਫੀ ਮੱਠੀ ਹੈ।
ਚੰਡੀਗੜ੍ਹ : ਹਰ ਚੀਜ਼ ਦਾ ਸਿਹਰਾ ਲੈਣ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਕੋਰੋਨਾ ਵਾਇਰਸ ਨੂੰ ਲੈ ਕੇ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੀਆਂ ਪ੍ਰਾਪਤੀਆਂ ਦੀ ਗੱਲ ਹੋਵੇ, ਭਾਵੇਂ ਪੁਰਾਣੇ ਸਮੇਂ ਤੋਂ ਅਦਾਲਤਾਂ 'ਚ ਲਟਕਦੇ ਕੇਸਾਂ ਦੇ ਫ਼ੈਸਲੇ ਹੋਣ ਜਾਂ ਕੰਪਨੀਆਂ ਨਾਲ ਪੁਰਾਣੇ ਸਮਝੌਤੇ ਖ਼ਤਮ ਹੋਣ ਦੀ ਗੱਲ ਹੋਵੇ, ਪੰਜਾਬ ਸਰਕਾਰ ਹਰ ਮਾਮਲੇ ਨੂੰ ਗਿਣਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ।
ਚੀਨ, ਜਾਪਾਨ ਤੇ ਅਮਰੀਕਾ ਵਿਚ ਕੋਰੋਨਾ ਕਾਰਨ ਹਾਹਕਾਰ ਮਚੀ ਹੋਈ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸੂਬਾ ਸਰਕਾਰ ਕੋਵਿਡ ਦੀ ਮਹਾਮਾਰੀ ਨੂੰ ਭੁੱਲ ਗਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕੋਵਿਡ ਟੈਸਟਿੰਗ ਜ਼ੀਰੋ ਫ਼ੀਸਦੀ ਹੈ। ਸੂਬਾ ਸਰਕਾਰ ਨੇ ਕੋਰੋਨਾ ਸਬੰਧੀ ਜਾਣਕਾਰੀ ਛੁਪਾਉਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ 26 ਦਸੰਬਰ 2022 ਤੋਂ ਕੋਵਿਡ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਪਰ ਇਸ ਤੋਂ ਇਲਾਵਾ ਸਰਕਾਰ ਸਾਰੇ ਮਾਮਲਿਆਂ ਵਿੱਚ ਆਪਣੀ ਪਿੱਠ ਥਪਥਪਾਉਣ ਵਿੱਚ ਲੱਗੀ ਹੋਈ ਹੈ। ਸੂਬੇ ਦੇ ਜ਼ਿਲ੍ਹਿਆਂ ਵਿੱਚ ਕੋਵਿਡ ਟੈਸਟਿੰਗ ਵਿੱਚ ਵਾਧਾ ਕੀਤਾ ਗਿਆ ਹੈ ਜਾਂ ਨਹੀਂ, ਸਰਕਾਰ ਵੱਲੋਂ ਸਾਲ ਦੇ ਅੰਤ ਵਿੱਚ ਇਸਦੀ ਜਾਣਕਾਰੀ ਨਹੀਂ ਦਿੱਤੀ ਗਈ। 26 ਦਸੰਬਰ ਦੇ ਬੁਲੇਟਿਨ ਅਨੁਸਾਰ ਇਕ ਨਵੇਂ ਮਰੀਜ਼ ਦੇ ਆਉਣ ਨਾਲ ਪੰਜਾਬ 'ਚ ਕੋਵਿਡ ਦੇ ਕੁੱਲ ਐਕਟਿਵ ਕੇਸ 38 ਤੱਕ ਪਹੁੰਚ ਗਏ ਹਨ ਪਰ ਫਾਜ਼ਿਲਕਾ ਅਤੇ ਮਾਨਸਾ ਵਿੱਚ ਇੱਕ ਵੀ ਕੋਵਿਡ ਟੈਸਟ ਨਹੀਂ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸਾਲ ਦੇ ਆਖਰੀ ਦਿਨ ਦਰਮਿਆਨੀ ਧੁੰਦ ਤੇ ਠੰਢੀਆਂ ਹਵਾਵਾਂ ਚੱਲੀਆਂ
26 ਦਸੰਬਰ ਨੂੰ ਫਿਰੋਜ਼ਪੁਰ, ਕਪੂਰਥਲਾ, ਮਲੇਰਕੋਟਲਾ, ਮੋਗਾ, ਮੁਕਤਸਰ, ਰੋਪੜ ਤੇ ਐਸਬੀਐਸ ਨਗਰ ਵਿੱਚ ਕੋਵਿਡ ਦੇ 1 ਤੋਂ 5 ਟੈਸਟ ਕੀਤੇ ਗਏ ਸਨ। ਇਸ ਤਰੀਕ ਤੱਕ ਪੰਜਾਬ 'ਚ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 7,85,414 ਹੈ। 764863 ਮਰੀਜ਼ ਠੀਕ ਹੋਏ ਹਨ, ਜਦੋਂ ਕਿ ਕੋਵਿਡ ਕਾਰਨ 20513 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕਿਹਾ ਗਿਆ ਸੀ ਕਿ ਕੋਵਿਡ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਰ ਚੀਜ਼ 'ਤੇ ਪ੍ਰਾਪਤੀਆਂ ਗਿਣਨ ਵਾਲੀ ਸੂਬਾ ਸਰਕਾਰ 4 ਦਿਨਾਂ ਤੋਂ ਕੋਵਿਡ ਦੀ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਕਰ ਰਹੀ ਹੈ।