ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ’ਚ ਅੱਗ ਦਾ ਤਾਂਡਵ; ਜਾਣੋ ਕਿੰਨਾ ਹੋਇਆ ਦੁਕਾਨਾਂ ਨੁਕਸਾਨ, ਦੇਖੋ ਹਾਲਾਤ

By  Aarti January 30th 2024 11:23 AM
ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ’ਚ ਅੱਗ ਦਾ ਤਾਂਡਵ; ਜਾਣੋ ਕਿੰਨਾ ਹੋਇਆ ਦੁਕਾਨਾਂ ਨੁਕਸਾਨ, ਦੇਖੋ ਹਾਲਾਤ

Chandigarh Furniture Market Fire: ਚੰਡੀਗੜ੍ਹ ਦੇ ਸੈਕਟਰ 52 ਦੀ ਫਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ। ਲੱਖਾਂ ਰੁਪਏ ਦਾ ਫਰਨੀਚਰ ਸੜ ਕੇ ਸਵਾਹ ਹੋ ਗਿਆ। ਦੁਕਾਨਦਾਰਾਂ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਕਰੀਬ 15 ਦੁਕਾਨਾਂ ਨੂੰ ਲੱਗੀ ਅੱਗ ਦੀਆਂ ਭਿਆਨਕ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਹਨ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਸੈਕਟਰ-52 ਚੰਡੀਗੜ੍ਹ ਮੋਹਾਲੀ ਬਾਰਡਰ 'ਤੇ ਹੈ। ਇੱਥੇ ਚੰਡੀਗੜ੍ਹ ਦੀ ਮਸ਼ਹੂਰ ਫਰਨੀਚਰ ਮਾਰਕੀਟ ਹੈ। ਮੰਗਲਵਾਰ ਸਵੇਰੇ ਕਰੀਬ 10 ਵਜੇ ਇੱਥੋਂ ਦੀ ਇਸ ਮਾਰਕੀਟ ਵਿੱਚ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਅੱਗ 'ਤੇ ਕੁਝ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ। ਲੋਕਾਂ ਨੇ ਬਾਲਟੀਆਂ ਦੀ ਵਰਤੋਂ ਕਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਫਿਲਹਾਲ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ। 

 

ਘਟਨਾ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ ਨੇ ਆਪਣਾ ਸਾਮਾਨ ਸੜਕ 'ਤੇ ਰੱਖ ਦਿੱਤਾ ਹੈ। ਅੱਗ ਦੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਕਾਫੀ ਦੂਰ ਤੱਕ ਧੂੰਆਂ ਅਤੇ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੱਸ ਦੇਈਏ ਕਿ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਵਿੱਚ ਹਰ ਸਾਲ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸਵਾਹ ਹੋ ਜਾਂਦਾ ਹੈ। ਘਟਨਾ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।

ਚੰਡੀਗੜ੍ਹ ਅਤੇ ਮੋਹਾਲੀ ਦੀ ਸਰਹੱਦ 'ਤੇ ਸੈਕਟਰ-53 'ਚ ਬਣੀ ਇਹ ਚੰਡੀਗੜ੍ਹ-ਪੰਚਕੂਲਾ-ਮੋਹਾਲੀ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਹੈ। ਇੱਥੇ ਜ਼ਿਆਦਾਤਰ ਦੁਕਾਨਾਂ ਟੀਨ ਦੇ ਸ਼ੈੱਡਾਂ ਦੀਆਂ ਬਣੀਆਂ ਹੋਈਆਂ ਹਨ। ਦੂਜੇ ਰਾਜਾਂ ਤੋਂ ਵੀ ਲੋਕ ਇੱਥੇ ਖਰੀਦਦਾਰੀ ਲਈ ਆਉਂਦੇ ਹਨ ਅਤੇ ਇੱਥੇ ਰੋਜ਼ਾਨਾ ਲੱਖਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ। 22 ਜੂਨ 2022 ਨੂੰ ਸ਼ਾਮ ਕਰੀਬ 4 ਵਜੇ ਇਸ ਮਾਰਕੀਟ ਵਿੱਚ ਅੱਗ ਲੱਗ ਗਈ।

ਉਸ ਸਮੇਂ ਇੱਕ ਦੁਕਾਨ ਵਿੱਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਇਸ ਵਿੱਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਅੱਗ ਭੜਕ ਗਈ ਅਤੇ ਕੁਝ ਹੀ ਸਮੇਂ ਵਿੱਚ ਇੱਕ ਤੋਂ ਬਾਅਦ ਇੱਕ 9 ਤੋਂ 10 ਦੁਕਾਨਾਂ ਵਿੱਚ ਫੈਲ ਗਈ। ਇਨ੍ਹਾਂ ਵਿੱਚ ਰੱਖਿਆ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਚੰਡੀਗੜ੍ਹ ਅਤੇ ਮੁਹਾਲੀ ਤੋਂ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਵਿੱਚੋਂ ਸਾਮਾਨ ਕੱਢ ਕੇ ਆਪਣਾ ਬਚਾਅ ਕੀਤਾ।

ਇਹ ਵੀ ਪੜ੍ਹੋ: Chandigarh Mayor Election Live Update: ਬੀਜੇਪੀ ਨੇ ਮੁੜ ਮੇਅਰ ਦੀ ਸੀਟ ’ਤੇ ਕੀਤਾ ਕਬਜ਼ਾ, ਬੀਜੇਪੀ ਦੇ ਮਨੋਜ ਕੁਮਾਰ ਬਣੇ ਮੇਅਰ

 

Related Post