ਮੱਧ ਪ੍ਰਦੇਸ਼ 'ਚ ਵਾਪਰਿਆ ਭਿਆਨਕ ਹਾਦਸਾ'; ਪਿਕਅੱਪ ਗੱਡੀ ਪਲਟਣ ਕਾਰਨ 14 ਲੋਕਾਂ ਦੀ ਮੌਤ

By  Aarti February 29th 2024 10:05 AM

Madhya Pradesh Road Accident: ਡਿੰਡੋਰੀ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 21 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਪਿਕਅੱਪ ਗੱਡੀ ਬੇਕਾਬੂ ਹੋ ਕੇ ਸ਼ਾਹਪੁਰਾ ਥਾਣਾ ਅਤੇ ਬਿਛੀਆ ਪੁਲਸ ਚੌਕੀ ਖੇਤਰ ਅਧੀਨ ਪੈਂਦੇ ਬਡਝਰ ਦੇ ਘਾਟ 'ਚ ਪਲਟ ਗਈ, ਜਿਸ 'ਚ 14 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹਾਦਸੇ ਦਾ ਸ਼ਿਕਾਰ ਹੋਏ ਲੋਕ ਕਿਸੇ ਫੰਕਸ਼ਨ ਵਿੱਚ ਸ਼ਾਮਲ ਹੋ ਕੇ ਵਾਪਸ ਪਰਤ ਰਹੇ ਸੀ। ਹਾਦਸੇ 'ਚ ਜ਼ਖਮੀਆਂ ਦਾ ਸ਼ਾਹਪੁਰਾ ਕਮਿਊਨਿਟੀ ਹੈਲਥ ਸੈਂਟਰ 'ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਸੂਚਨਾ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਦੱਸਿਆ ਜਾ ਰਿਹਾ ਹੈ ਕਿ ਸਾਰੇ ਪਿੰਡ ਦੇਓੜੀ ਪਿੰਡ ਦੇ ਰਹਿਣ ਵਾਲੇ ਹਨ। ਮੁੱਖ ਮੰਤਰੀ ਡਾ: ਮੋਹਨ ਯਾਦਵ ਨੇ ਡਿੰਡੋਰੀ ਜ਼ਿਲ੍ਹੇ ਵਿੱਚ ਵਾਪਰੇ ਇੱਕ ਵਾਹਨ ਹਾਦਸੇ ਵਿੱਚ ਕਈ ਕੀਮਤੀ ਜਾਨਾਂ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ।

ਜਾਣਕਾਰੀ ਅਨੁਸਾਰ ਇਹ ਹਾਦਸਾ ਬੀਛੀਆ ਚੌਕ ਨੇੜੇ ਵਾਪਰਿਆ। ਪਿਕਅੱਪ ਗੱਡੀ ਐਮਪੀ-20ਜੀਬੀ-4146 ਵਿੱਚ ਸਾਰੇ ਯਾਤਰੀ ਬੈਠੇ ਸਨ। 14 ਮਰਨ ਵਾਲਿਆਂ ਵਿੱਚ ਨੌਂ ਪੁਰਸ਼ ਅਤੇ ਪੰਜ ਔਰਤਾਂ ਸ਼ਾਮਲ ਹਨ। 21 ਜ਼ਖਮੀਆਂ 'ਚ 9 ਪੁਰਸ਼ ਅਤੇ 12 ਔਰਤਾਂ ਸ਼ਾਮਲ ਹਨ। ਦੋ ਵਿਅਕਤੀਆਂ ਨੂੰ ਜਬਲਪੁਰ ਰੈਫਰ ਕੀਤਾ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਰਸਤੇ ਵਿੱਚ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਝਾਰਖੰਡ ਦੇ ਜਾਮਤਾੜਾ ਸਟੇਸ਼ਨ ਨੇੜੇ ਵੱਡਾ ਹਾਦਸਾ; 12 ਯਾਤਰੀਆਂ ’ਤੇ ਚੜੀ ਟਰੇਨ, 2 ਦੀ ਮੌਤ

 

Related Post