T20 World Cup: ਇੰਗਲੈਂਡ ਖ਼ਿਲਾਫ਼ ਸੈਮੀਫਾਈਨਲ ਤੋਂ ਪਹਿਲਾਂ ਜ਼ਖ਼ਮੀ ਹੋਏ ਕਪਤਾਨ ਰੋਹਿਤ ਸ਼ਰਮਾ
T20 World Cup India vs England: ਸੈਮੀਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਲਈ ਬੁਰੀ ਖ਼ਬਰ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਅਭਿਆਸ ਸੈਸ਼ਨ ਦੌਰਾਨ ਜ਼ਖਮੀ ਹੋ ਗਏ ਹਨ। ਅਭਿਆਸ ਦੌਰਾਨ ਰੋਹਿਤ ਦੇ ਗੁੱਟ 'ਤੇ ਸੱਟ ਲੱਗ ਗਈ। ਹਾਲਾਂਕਿ ਰੋਹਿਤ ਨੇ ਅਭਿਆਸ ਕਰਨਾ ਜਾਰੀ ਰੱਖਿਆ ਹੈ। ਕਪਤਾਨ ਰੋਹਿਤ ਸ਼ਰਮਾ ਦੀ ਸੱਟ ਕਿੰਨੀ ਗੰਭੀਰ ਹੈ, ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਦੱਸਿਆ ਜਾ ਸਕਦਾ।
ਕਾਬਿਲੇਗੌਰ ਹੈ ਕਿ ਰੋਹਿਤ ਇੰਡੀਅਨ ਨੈੱਟ ਸੈਸ਼ਨ ਵਿੱਚ ਐਸ ਰਘੂ ਤੋਂ ਥ੍ਰੋਡਾਉਨ ਲੈ ਰਹੇ ਸਨ ਜਦੋਂ ਇਕ ਛੋਟੀ ਗੇਂਦ ਉਨ੍ਹਾਂ ਦੇ ਸੱਜੇ ਹੱਥ ਵਿੱਚ ਲੱਗੀ ਅਤੇ ਉਹ ਤੁਰੰਤ ਦਰਦ ਨਾਲ ਰੌਲਾ ਪਾਉਣ ਲੱਗੇ ਜਿਸ ਤੋਂ ਬਾਅਦ ਉਨ੍ਹਾਂ ਨੇ ਕੁਝ ਸਮੇਂ ਲਈ ਅਭਿਆਸ ਕਰਨਾ ਬੰਦ ਕਰ ਦਿੱਤਾ। ਗੌਰਤਲਬ ਹੈ ਕਿ ਭਾਰਤੀ ਟੀਮ ਨੇ 9 ਨਵੰਬਰ ਨੂੰ ਐਡੀਲੇਡ ਵਿੱਚ ਇੰਗਲੈਂਡ ਖਿਲਾਫ਼ ਸੈਮੀਫਾਈਨਲ ਮੈਚ ਖੇਡਣਾ ਹੈ। ਇਥੇ ਖਾਸ ਗੱਲ ਇਹ ਹੈ ਕਿ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਇਸ ਵਿਸ਼ਵ ਕੱਪ ਵਿੱਚ ਕੁਝ ਖਾਸ ਨਹੀਂ ਕਰ ਸਕੇ ਹਨ। ਉਸ ਨੇ ਸਿਰਫ 89 ਦੌੜਾਂ ਬਣਾਈਆਂ ਹਨ। ਬੀਸੀਸੀਆਈ ਸੈਮੀਫਾਈਨਲ ਤੋਂ ਪਹਿਲਾਂ ਸੱਟ ਕਿੰਨੀ ਗੰਭੀਰ ਹੈ, ਇਸ ਬਾਰੇ ਅਪਡੇਟ ਬਾਅਦ ਵਿੱਚ ਦੇਵੇਗੀ ਪਰ ਰਿਪੋਰਟ ਮੁਤਾਬਕ ਰੋਹਿਤ ਨੇ ਫਿਰ ਤੋਂ ਅਭਿਆਸ ਸ਼ੁਰੂ ਕਰ ਦਿੱਤਾ ਹੈ। ਅਜਿਹੇ 'ਚ ਉਮੀਦ ਹੈ ਕਿ ਰੋਹਿਤ ਸੈਮੀਫਾਈਨਲ 'ਚ ਟੀਮ ਦਾ ਹਿੱਸਾ ਹੋਣਗੇ। ਜਦੋਂ ਸੋਸ਼ਲ ਮੀਡੀਆ 'ਤੇ ਰੋਹਿਤ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਤਾਂ ਪ੍ਰਸ਼ੰਸਕ ਕਾਫੀ ਹੈਰਾਨ ਰਹਿ ਗਏ ਪਰ ਜਦੋਂ ਰੋਹਿਤ ਨੇ ਦੁਬਾਰਾ ਅਭਿਆਸ ਸ਼ੁਰੂ ਕੀਤਾ ਤਾਂ ਪ੍ਰਸ਼ੰਸਕਾਂ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਡੇਂਗੂ ਦੇ 'ਡੰਗ' ਕਾਰਨ ਲੋਕ ਪਰੇਸ਼ਾਨ, ਸ਼ਾਹੀ ਸ਼ਹਿਰ 'ਚ ਸਭ ਤੋਂ ਵੱਧ ਕੇਸ
ਜ਼ਿਕਰਯੋਗ ਹੈ ਕਿ 35 ਸਾਲ ਬਾਅਦ ਭਾਰਤ ਅਤੇ ਇੰਗਲੈਂਡ ਵਿਚਾਲੇ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ 1987 ਦੇ ਵਿਸ਼ਵ ਕੱਪ 'ਚ ਭਾਰਤ ਅਤੇ ਇੰਗਲੈਂਡ ਵਿਚਾਲੇ 50 ਓਵਰਾਂ ਦੇ ਵਿਸ਼ਵ ਕੱਪ 'ਚ ਸੈਮੀਫਾਈਨਲ ਮੈਚ ਖੇਡਿਆ ਗਿਆ ਸੀ, ਜਿਸ 'ਚ ਇੰਗਲੈਂਡ ਨੇ ਜਿੱਤ ਦਰਜ ਕੀਤੀ ਸੀ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਸੈਮੀਫਾਈਨਲ 'ਚ ਇੰਗਲੈਂਡ ਨੇ ਭਾਰਤ ਨੂੰ 35 ਦੌੜਾਂ ਨਾਲ ਹਰਾ ਦਿੱਤਾ ਸੀ।