PGI ਸੈਟੇਲਾਈਟ ਸੈਂਟਰ ਫਿਰੋਜ਼ਪੁਰ ਨੂੰ ਸ਼ੁਰੂ ਕਰਨ ਲਈ ਕੀਤੇ ਨਿਰੰਤਰ ਯਤਨਾਂ ਨੂੰ ਬੂਰ ਪਿਆ: ਸੁਖਬੀਰ ਬਾਦਲ
ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ 100 ਬਿਸਤਰਿਆਂ ਵਾਲਾ ਇਹ ਸੈਟੇਲਾਈਟ ਸੈਂਟਰ ਦੋ ਸਾਲਾਂ ਵਿਚ ਬਣ ਕੇ ਤਿਆਰ ਹੋ ਜਾਵੇਗਾ
Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੀ ਜੀ ਆਈ ਐਮ ਈ ਆਰ ਸੈਟੇਲਾਈਟ ਸੈਂਟਰ ਸ਼ੁਰੂ ਕਰਨ ਲਈ ਕੀਤੇ ਨਿਰੰਤਰ ਯਤਨਾਂ ਨੂੰ ਬੂਰ ਪੈ ਗਿਆ ਹੈ ਤੇ ਪੀ ਜੀ ਆਈ ਚੰਡੀਗੜ੍ਹ ਨੇ 233 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਪ੍ਰਵਾਨ ਚੜ੍ਹਾਉਣ ਲਈ ਏਜੰਸੀ ਨਿਯੁਕਤ ਕਰ ਦਿੱਤੀ ਹੈ ਤੇ ਇਸ ਵਾਸਤੇ ਟੈਂਡਰ ਮੰਗੇ ਗਏ ਹਨ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁੱਖ ਮਾਂਡਵੀਆ ਨਾਲ ਮਾਰਚ ਵਿਚ ਮੁਲਾਕਾਤ ਕਰ ਕੇ ਕੇਂਦਰ ਤੋਂ ਸਿਧਾਂਤਕ ਮਨਜ਼ੂਰੀ ਲਈ ਸੀ।
ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ 100 ਬਿਸਤਰਿਆਂ ਵਾਲਾ ਇਹ ਸੈਟੇਲਾਈਟ ਸੈਂਟਰ ਦੋ ਸਾਲਾਂ ਵਿਚ ਬਣ ਕੇ ਤਿਆਰ ਹੋ ਜਾਵੇਗਾ ਅਤੇ ਕਿਹਾ ਕਿ ਇਹ ਸਹੂਲਤ ਇਸ ਸਰਹੱਦੀ ਪੱਟੀ ਵਾਸਤੇ ਬਹੁਤ ਲਾਹੇਵੰਦ ਸਾਬਤ ਹੋਵੇਗੀ ਤੇ ਲੋਕਾਂ ਨੂੰ ਉਹ ਵਿਸ਼ੇਸ਼ ਮੈਡੀਕਲ ਸੇਵਾਵਾਂ ਮਿਲ ਜਾਣਗੀਆਂ ਜਿਸ ਤੋਂ ਉਹ ਦਹਾਕਿਆਂ ਤੱਕ ਵਾਂਝੇ ਰਹੇ।
ਹੋਰ ਵੇਰਵੇ ਸਾਂਝੇ ਕਰਦਿਆਂ ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ ਦਲ ਸਰਕਾਰ ਨੇ 2016 ਵਿਚ ਪ੍ਰਾਜੈਕਟ ਵਾਸਤੇ 27.5 ਏਕੜ ਜ਼ਮੀਨ ਦੇ ਦਿੱਤੀ ਸੀ ਪਰ ਲੰਬੇ ਸਮੇਂ ਤੱਕ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ ਕਿਉਂਕਿ ਪਹਿਲਾਂ ਕਾਂਗਰਸ ਸਰਕਾਰ ਤੇ ਫਿਰ ਆਮ ਆਦਮੀ ਸਰਕਾਰ ਇਸ ਪ੍ਰਾਜੈਕਟ ਵਿਚ ਤੇਜ਼ੀ ਲਿਆਉਣ ਵਾਸਤੇ ਕੋਈ ਕੰਮ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਇਸ ਮਗਰੋਂ ਉਹਨਾਂ ਨੇ ਪ੍ਰਾਜੈਕਟ ਦੀ ਕੇਂਦਰ ਸਰਕਾਰ ਕੋਲ ਪੈਰਵੀ ਕੀਤੀ ਤੇ ਹੁਣ ਉਹਨਾਂ ਨੂੰ ਖੁਸ਼ੀ ਹੈ ਕਿ ਇਸ ਦਾ ਕੰਮ ਸ਼ੁਰੂ ਹੋ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਫਿਰੋਜ਼ਪੁਰ ਪਾਰਲੀਮਾਨੀ ਹਲਕੇ ਦੇ ਲੋਕਾਂ ਦੀ ਖੁਸ਼ੀ ਵਿੱਚ ਸ਼ਾਮਲ ਹਾਂ ਜਿਹਨਾਂ ਨੂੰ ਹੁਣ ਸਪੈਸ਼ਲਟੀ ਮੈਡੀਕਲ ਸੇਵਾਵਾਂ ਵਾਸਤੇ ਦੂਰ ਦੁਰਾਡੇ ਦਾ ਸਫ਼ਰ ਨਹੀਂ ਕਰਨਾ ਪਵੇਗਾ।