ਸੁਸ਼ੀਲ ਕੁਮਾਰ ਰਿੰਕੂ, ਸ਼ੀਤਲ ਅੰਗੁਰਾਲ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਨਾਰਾਜ਼ ਮੰਤਰੀ

By  Amritpal Singh March 28th 2024 09:00 AM

ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਪੱਛਮੀ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਖ਼ਿਲਾਫ਼ ‘ਆਪ’ ਵਰਕਰਾਂ ਨੇ ਬਸਤੀ ਦਾਨਿਸ਼ਮੰਦਾ ਚੌਕ ਵਿੱਚ ਪ੍ਰਦਰਸ਼ਨ ਕੀਤਾ।

ਇਸ ਦੌਰਾਨ ਕਮਿਸ਼ਨਰੇਟ ਪੁਲਿਸ ਨੇ ਰਿੰਕੂ ਅਤੇ ਅੰਗੁਰਾਲ ਦੇ ਘਰ ਅਤੇ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਹੈ। ਭਾਜਪਾ ਨੇ ਇਸ ਸਾਰੀ ਘਟਨਾ ਸਬੰਧੀ ਜਲੰਧਰ ਦੇ ਚੋਣ ਅਧਿਕਾਰੀ ਕਮ ਡੀਸੀ ਹਿਮਾਂਸ਼ੂ ਅਗਰਵਾਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਮੰਤਰੀ ਬਲਕਾਰ ਸਿੰਘ, ਵਿਧਾਇਕ ਰਮਨ ਅਰੋੜਾ, ਇੰਦਰਜੀਤ ਕੌਰ ਮਾਨ, ਸਕੱਤਰ ਰਾਜਵਿੰਦਰ ਕੌਰ ਥਿਆੜਾ ਅਤੇ ਹੋਰ ਉੱਚ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ।


ਇਸ ਦੌਰਾਨ ਪੁਲਿਸ ਨੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ। ਪ੍ਰਦਰਸ਼ਨਕਾਰੀਆਂ ਵਿੱਚ ਕੈਬਨਿਟ ਮੰਤਰੀ ਬਲਕਾਰ ਸਿੰਘ, ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ, ਨਕੋਦਰ ਤੋਂ ‘ਆਪ’ ਵਿਧਾਇਕ ਇੰਦਰਜੀਤ ਕੌਰ ਸਮੇਤ ਹੋਰ ਵੱਡੇ ਆਗੂ ਸ਼ਾਮਲ ਸਨ। ਆਗੂਆਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਇੰਨਾ ਭਖ ਗਿਆ ਕਿ ਰਿੰਕੂ ਅਤੇ ਅੰਗੁਰਾਲ ਦੇ ਘਰ ਅੱਗੇ ਲੱਗੇ ਚੌਕ ’ਤੇ ਲੱਗੇ ਸਰਕਾਰੀ ਬੋਰਡ ਦੀ ਵੀ ਭੰਨ-ਤੋੜ ਕੀਤੀ ਗਈ। ਤੋੜਨ ਤੋਂ ਪਹਿਲਾਂ ਬੋਰਡ 'ਤੇ ਲਾਲ ਰੰਗ ਦਾ ਛਿੜਕਾਅ ਕੀਤਾ ਗਿਆ।

ਦੂਜੇ ਪਾਸੇ ਭਾਜਪਾ ਦੇ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਦੇ ਡੀਸੀ ਕਮ ਚੋਣ ਅਧਿਕਾਰੀ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਸੰਸਦ ਮੈਂਬਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਸ਼ਰਮਾ ਨੇ ਲਿਖਿਆ ਕਿ 'ਆਪ' ਵਰਕਰ ਭਾਜਪਾ 'ਚ ਸ਼ਾਮਲ ਹੋਏ ਆਗੂਆਂ ਦੇ ਘਰਾਂ ਦੇ ਬਾਹਰ ਧਰਨਾ ਦੇ ਰਹੇ ਹਨ। ਇਸ ਲਈ ਉਨ੍ਹਾਂ ਦੀ ਸੁਰੱਖਿਆ ਵਧਾਈ ਜਾਵੇ। ਤਾਂ ਜੋ ਉਨ੍ਹਾਂ ਦੇ ਪਰਿਵਾਰ ਦਾ ਕੋਈ ਨੁਕਸਾਨ ਨਾ ਹੋਵੇ।

Related Post