ਹੈਰਾਨੀਜਨਕ ਮਾਮਲਾ: ਜਨਮਦਿਨ ਵਾਲੇ ਦਿਨ 10 ਸਾਲ ਦੀ ਬੱਚੀ ਦੀ ਕੇਕ ਖਾਣ ਨਾਲ ਹੋਈ ਮੌਤ
ਪਟਿਆਲਾ ਤੋਂ ਇੱਕ ਹੈਰਾਨ ਕਰ ਦੇਣਾ ਵਾਲਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਅਨਾਜ ਮੰਡੀ ਦੇ ਵਿੱਚ ਪੈਂਦੇ ਅਮਨ ਨਗਰ ਦੇ ਵਿੱਚ ਰਹਿਣ ਵਾਲੀ 10 ਸਾਲਾ ਮਾਨਵੀ ਦੀ ਕੇਕ ਖਾਣ ਨਾਲ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਮਾਨਵੀ ਦੇ ਜਨਮਦਿਨ ਤੇ 24 ਮਾਰਚ ਨੂੰ ਇਹ ਕੇਕ ਮੰਗਵਾਇਆ ਗਿਆ ਸੀ, ਜਿਸ ਨੂੰ ਖਾਣ ਤੋਂ ਬਾਅਦ ਤਬੀਅਤ ਖਰਾਬ ਹੋ ਗਈ। ਇਸ ਘਟਨਾ ‘ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਜਾਣਕਾਰੀ ਅਨੁਸਾਰ ਥਾਣਾ ਅਨਾਜ ਮੰਡੀ ਪਟਿਆਲਾ ਦੇ ਅਧੀਨ ਪੈਂਦੇ ਅਮਨ ਨਗਰ ਵਿੱਚ ਮਾਨਵੀ ਨਾਮ ਦੀ ਲੜਕੀ ਦਾ ਸਾਰੇ ਪਰਿਵਾਰ ਨੇ ਰਲ਼ ਕੇ ਜਨਮ ਦਿਨ ਮਨਾਇਆ ਸੀ ਪਰ ਕੁਝ ਦੇਰ ਬਾਅਦ ਪਰਿਵਾਰ ਦੇ ਮੈਂਬਰ ਬਿਮਾਰ ਪੈ ਗਏ।
ਇਨ੍ਹਾਂ ਵਿੱਚੋਂ ਮਾਨਵੀ ਦੀ ਤਾਂ ਅਗਲੀ ਸਵੇਰ ਮੌਤ ਹੀ ਹੋ ਗਈ। ਸਮਝਿਆ ਜਾ ਰਿਹਾ ਹੈ ਕਿ ਅਜਿਹੀ ਸਥਿਤੀ ਕੇਕ ਖਾਣ ਨਾਲ ਹੋਈ ਹੈ ਜਿਸ ਦੇ ਚੱਲਦਿਆਂ ਕਾਜਲ ਵਾਸੀ ਅਮਨ ਨਗਰ ਪਟਿਆਲਾ ਵੱਲੋਂ ਪੁਲੀਸ ਕੋਲ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸ਼ਿਕਾਇਤ ਵਿੱਚ ਆਖਿਆ ਗਿਆ ਹੈ ਕਿ ਉਨ੍ਹਾਂ ਦੀ ਲੜਕੀ ਮਾਨਵੀ ਦਾ ਜਨਮ ਦਿਨ ਸੀ।
ਇਸ ਸਬੰਧੀ ਉਨ੍ਹਾਂ ਨੇ ਸ਼ਹਿਰ ਵਿਚਲੀ ਹੀ ਇੱਕ ਦੁਕਾਨ ਤੋਂ ਕੇਕ ਮੰਗਵਾਇਆ ਸੀ। ਸ਼ਾਮ ਨੂੰ ਕੇਕ ਕੱਟਿਆ, ਪਰ ਕੇਕ ਖਾਣ ਉਪਰੰਤ ਪਰਿਵਾਰਕ ਮੈਂਬਰਾਂ ਦੀ ਤਬੀਅਤ ਖਰਾਬ ਹੋ ਗਈ। ਮਾਨਵੀ ਨੂੰ ਉਲਟੀਆਂ ਲੱਗ ਗਈਆਂ। ਉੱਲਟੀਆਂ ਤੋਂ ਬਾਅਦ ਉਹ ਸੌਂ ਗਈ, ਪਰ ਅਗਲੀ ਸਵੇਰ ਚਾਰ ਵਜੇ ਜਦੋਂ ਉਨ੍ਹਾਂ ਆਪਣੀ ਲੜਕੀ ਨੂੰ ਦੇਖਿਆ ਤਾਂ ਉਸ ਦਾ ਸਰੀਰ ਠੰਢਾ ਪੈ ਚੁੱਕਾ ਸੀ। ਉਹ ਉਸ ਨੂੰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਰਿਵਾਰ ਨੇ ਕਥਿਤ ਦੋਸ਼ ਲਗਾਇਆ ਹੈ ਕਿ ਮਾਨਵੀ ਦੀ ਮੌਤ ਕੇਕ ਖਾਣ ਕਾਰਨ ਹੋਈ ਹੈ।
ਅਨਾਜ ਮੰਡੀ ਪਟਿਆਲਾ ਦੀ ਪੁਲੀਸ ਵੱਲੋਂ ਇਹ ਕੇਸ ਭਾਰਤੀ ਦੰਡਾਵਲੀ ਦੀ ਧਾਰਾ 273 ਅਤੇ 304-ਏ ਤਹਿਤ ਦਰਜ ਕੀਤਾ ਗਿਆ ਹੈ।