ਚੰਡੀਗੜ੍ਹ 'ਚ CM ਰਿਹਾਇਸ਼ ਦੇ ਸਾਹਮਣੇ ਵਾਲੀ ਸੜਕ ਫਿਲਹਾਲ ਨਹੀਂ ਖੁੱਲ੍ਹੇਗੀ, ਹਾਈਕੋਰਟ ਦੇ ਹੁਕਮਾਂ 'ਤੇ ਲੱਗੀ ਰੋਕ

ਚੰਡੀਗੜ੍ਹ ਦੇ ਸੈਕਟਰ 2 ਸਥਿਤ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਬੰਦ ਕੀਤੀ ਸੜਕ ਨੂੰ ਖੋਲ੍ਹਣ ਦੇ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ।

By  Amritpal Singh May 3rd 2024 12:59 PM

ਚੰਡੀਗੜ੍ਹ ਦੇ ਸੈਕਟਰ 2 ਸਥਿਤ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਬੰਦ ਕੀਤੀ ਸੜਕ ਨੂੰ ਖੋਲ੍ਹਣ ਦੇ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮਾਂ ’ਤੇ ਰੋਕ ਲਾ ਦਿੱਤੀ ਹੈ। ਹਾਈਕੋਰਟ ਦੇ ਫੈਸਲੇ ਨੂੰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ।

ਪੰਜਾਬ ਸਰਕਾਰ ਵੱਲੋਂ ਇਹ ਦਲੀਲ ਦਿੱਤੀ ਗਈ ਕਿ ਪੰਜਾਬ ਦਾ ਮਾਹੌਲ ਹੁਣ ਠੀਕ ਨਹੀਂ ਹੈ। ਇਸ ਲਈ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਸ ਸੜਕ ਨੂੰ ਖੋਲ੍ਹਣਾ ਠੀਕ ਨਹੀਂ ਹੈ। ਜੇਕਰ ਇਹ ਸੜਕ ਖੁੱਲ੍ਹ ਜਾਂਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਹਾਈ ਕੋਰਟ ਨੇ ਇਸ ਸੜਕ ਨੂੰ 1 ਮਈ ਤੋਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੋਲ੍ਹਣ ਦੇ ਹੁਕਮ ਦਿੱਤੇ ਸਨ।

ਹਾਈਕੋਰਟ ਦਾ ਮੰਨਣਾ ਸੀ ਕਿ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਸੜਕ 'ਤੇ ਟ੍ਰੈਫਿਕ ਜਾ ਸਕਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰੋਂ ਆਵਾਜਾਈ ਕਿਉਂ ਰੋਕੀ ਗਈ ਹੈ। ਅਦਾਲਤ ਨੇ ਖੁਦ ਇਸ ਦਾ ਨੋਟਿਸ ਲਿਆ ਹੈ।

ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸੜਕ ਬੰਦ ਕਰ ਦਿੱਤੀ ਗਈ

ਮੁੱਖ ਮੰਤਰੀ ਦੀ ਸੁਰੱਖਿਆ ਕਾਰਨ ਇਸ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਸੜਕ 1995 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ। ਉਸ ਸਮੇਂ ਇਹ ਦਲੀਲ ਦਿੱਤੀ ਗਈ ਸੀ ਕਿ ਜਿਸ ਤਰ੍ਹਾਂ ਬੇਅੰਤ ਸਿੰਘ ਦਾ ਕਤਲ ਹੋਇਆ ਸੀ, ਭਵਿੱਖ ਵਿੱਚ ਕਿਸੇ ਵੀ ਮੁੱਖ ਮੰਤਰੀ ਦਾ ਵੀ ਇਸੇ ਤਰ੍ਹਾਂ ਕਤਲ ਹੋ ਸਕਦਾ ਹੈ। ਦੱਸ ਦੇਈਏ ਕਿ 31 ਅਗਸਤ 1995 ਨੂੰ ਪੰਜਾਬ ਸਿਵਲ ਸਕੱਤਰੇਤ ਦੇ ਅੰਦਰ ਬੰਬ ਧਮਾਕੇ ਰਾਹੀਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ।

ਪੰਜਾਬ ਦੇ ਕਈ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੁੰਦਾ ਹੈ

ਇਹ ਸੜਕ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਹੈ। ਇਸ ਸੜਕ ਦੇ ਖੁੱਲ੍ਹਣ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਖੇਤਰ ਤੋਂ ਹਾਈ ਕੋਰਟ, ਰੌਕ ਗਾਰਡਨ, ਸੁਖਨਾ ਝੀਲ, ਵਰਡ ਪਾਰਕ ਅਤੇ ਆਈਟੀ ਪਾਰਕ ਨੂੰ ਜਾਣ ਵਾਲੇ ਲੋਕਾਂ ਨੂੰ ਮਿਲੇਗਾ। ਇਸ ਸੜਕ ਦੇ ਖੁੱਲ੍ਹਣ ਨਾਲ ਜਿੱਥੇ ਟ੍ਰੈਫਿਕ ਜਾਮ ਦੀ ਸਮੱਸਿਆ ਘੱਟ ਹੋਵੇਗੀ ਉੱਥੇ ਖਾਸ ਕਰਕੇ ਸਵੇਰ ਅਤੇ ਸ਼ਾਮ ਦੀ ਡਿਊਟੀ ਅਤੇ ਦਫ਼ਤਰੀ ਸਮੇਂ ਦੌਰਾਨ ਲੋਕਾਂ ਨੂੰ ਰਾਹਤ ਮਿਲੇਗੀ। ਪੰਜਾਬ ਦੇ ਨਯਾਗਾਓਂ, ਕਰੌਰਾਂ, ਟਾਂਡਾ, ਟਾਂਡੀ, ਮਸੌਲ, ਕਾਣੇ ਕਾ ਵਾੜਾ, ਨੱਡਾ, ਪੱਛਾ, ਗੁੜਾ, ਭਾਗਿੰਦੀ, ਕਸੌਲੀ, ਜੈਅੰਤੀ ਮਾਜਰੀ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ 'ਚ ਰਾਹਤ ਮਿਲੇਗੀ।

Related Post