Punjab News : ਕਿਸਾਨਾਂ ਦੀ SC ਵੱਲੋਂ ਬਣਾਈ ਹਾਈ-ਪਾਵਰ ਕਮੇਟੀ ਨਾਲ ਹੋਈ ਮੀਟਿੰਗ, ਜਾਣੋ ਕਿਹੜੇ ਮੁੱਦਿਆਂ 'ਤੇ ਹੋਈਆਂ ਵਿਚਾਰਾਂ
ਸੁਪਰੀਮ ਕੋਰਟ ਦੀ ਅਗਵਾਈ ਹੇਠ ਗਠਿਤ ਇਸ ਕਮੇਟੀ ਦੀ ਮੀਟਿੰਗ ਹਰਿਆਣਾ ਨਿਵਾਸ ਵਿਖੇ ਜਸਟਿਸ ਨਵਾਬ ਸਿੰਘ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਖੇਤੀਬਾੜੀ ਅਤੇ ਆਰਥਿਕ ਮਾਹਿਰ ਸਮੇਤ ਕਿਸਾਨ ਆਗੂ ਹਾਜ਼ਰ ਹੋਏ।
Shambhu Border : ਸ਼ੰਭੂ ਬਾਰਡਰ ਖੋਲ੍ਹਣ ਸਬੰਧੀ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਸੁਪਰੀਮ ਕੋਰਟ (Supreme Court) ਵੱਲੋਂ ਬਣਾਈ ਕਮੇਟੀ ਦੀ ਕਿਸਾਨਾਂ ਨਾਲ ਮੀਟਿੰਗ ਸ਼ੁਰੂ ਹੋ ਗਈ ਹੈ।
ਮੀਟਿੰਗ ਉਪਰੰਤ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਅੱਜ ਸੁਪਰੀਮ ਕੋਰਟ ਦੀ ਬਣਾਈ ਹਾਈ ਪਾਵਰ ਕਮੇਟੀ ਵਿੱਚ ਪਹੁੰਚੇ, ਕਿਉਂਕਿ ਕੋਈ ਵੀ ਹੱਲ ਨਿਕਲਣਾ ਹੈ ਤਾਂ ਉਹ ਟੇਬਲ ਟਾਕ ਜ਼ਰੀਏ ਹੀ ਨਿਕਲਣਾ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਆਪਣੀਆਂ ਮੰਗਾਂ ਸਬੰਧੀ ਕਮੇਟੀ ਨੂੰ ਦੱਸਿਆ ਹੈ। ਕਮੇਟੀ ਨੂੰ ਦੱਸਿਆ ਗਿਆ ਹੈ ਕਿ ਕਿਸਾਨਾਂ ਦੀਆਂ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਮੇਟੀ ਨੇ ਭਰੋਸਾ ਦਿੱਤਾ ਹੈ ਕਿ ਉਹ ਇੱਕ ਚੰਗੀ ਰਿਪੋਰਟ ਤਿਆਰ ਕਰੇਗੀ, ਜਿਸ ਵਿੱਚ ਕਿਸਾਨੀ ਮੰਗਾਂ ਸ਼ਾਮਲ ਹੋਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਸਾਡੀਆਂ 12 ਮੰਗਾਂ ਸਨ ਅਤੇ ਹੁਣ 13ਵੀਂ ਮੰਗ ਕਿਸਾਨ ਸ਼ੁਭਕਰਨ ਦੇ ਕੇਸ ਦੀ ਨਿਰਪੱਖ ਜਾਂਚ ਦੀ ਮੰਗ ਵੀ ਹੈ।
ਸੁਪਰੀਮ ਕੋਰਟ ਦੀ ਅਗਵਾਈ ਹੇਠ ਗਠਿਤ ਇਸ ਕਮੇਟੀ ਦੀ ਮੀਟਿੰਗ ਹਰਿਆਣਾ ਨਿਵਾਸ ਵਿਖੇ ਜਸਟਿਸ ਨਵਾਬ ਸਿੰਘ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਖੇਤੀਬਾੜੀ ਅਤੇ ਆਰਥਿਕ ਮਾਹਿਰ ਸਮੇਤ ਕਿਸਾਨ ਆਗੂ ਹਾਜ਼ਰ ਹੋਏ। ਹਾਲਾਂਕਿ ਇਸ ਹਾਈ ਪਾਵਰ ਕਮੇਟੀ ਦੀ ਮੀਟਿੰਗ ਵਿੱਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਅਤੇ ਅਭਿਮਨਿਊ ਕੋਹਾੜ ਹਾਜ਼ਰ ਨਹੀਂ ਹੋਏ।
ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਸਾਰੇ ਆਗੂਆਂ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਆਪਣਾ ਪੱਖ ਰੱਖਿਆ ਹੈ, ਮੀਟਿੰਗ ਵਿੱਚ ਸਾਰੇ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਪਰਾਲੀ ਦੇ ਮੁੱਦੇ 'ਤੇ ਸਰਕਾਰ ਦੀ ਨਾਕਾਮੀ ਹੈ, ਕਿਉਂਕਿ ਜੇਕਰ ਸਰਕਾਰ ਖੇਤੀਬਾੜੀ ਔਜਾਰ ਮੁਹੱਈਆ ਨਹੀਂ ਕਰਵਾਉਂਦੀ ਤਾਂ ਅੱਗ ਹੀ ਲਾਂਵਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਇੰਨੀ ਮਹਿੰਗੀ ਸਬਸਿਡੀ 'ਤੇ ਸੰਦ ਕਿਸਾਨਾਂ ਨੂੰ ਦਿੰਦੀ ਹੈ, ਜੋ ਕਿ ਕਿਸੇ ਵੀ ਪੱਧਰ 'ਤੇ ਕਿਸਾਨਾਂ ਦੇ ਲਈ ਲਾਹੇਵੰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਮੁੱਖ ਮੰਤਰੀ ਦੇ ਕਹਿਣ 'ਤੇ ਹੀ PR 126 ਫਸਲ ਬੀਜੀ ਹੈ, ਪਰ ਹੁਣ ਅੱਗੇ ਫਸਲ ਬੀਜਣੀ ਹੈ ਤਾਂ DAP ਖਾਦ ਨਹੀਂ ਮਿਲਦੀ, ਹਰੇਕ ਪਾਸੇ ਇਹ ਸਰਕਾਰ ਫੇਲ ਹੈ।
ਪੰਧੇਰ ਅਤੇ ਡੱਲੇਵਾਲ ਕਿਉਂ ਨਹੀਂ ਪਹੁੰਚੇ?
ਕਿਸਾਨ ਆਗੂਆਂ ਡੱਲੇਵਾਲ ਅਤੇ ਪੰਧੇਰ ਦੇ ਮੀਟਿੰਗ 'ਚ ਸ਼ਾਮਲ ਨਾ ਹੋਣ 'ਤੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਝੰਡੇ ਦਾ ਕਹਿਣਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਸਰਦ ਰੁੱਤ ਸੈਸ਼ਨ ਸ਼ੁਰੂ ਹੋਵੇਗਾ ਅਤੇ ਉਹ ਉਸ ਦਿਨ ਤੋਂ ਹੀ ਖਨੌਰੀ ਬਾਰਡਰ ਉੱਤੇ ਮਰਨ ਵਰਤ ਉੱਤੇ ਬੈਠ ਜਾਣਗੇ। ਉਨ੍ਹਾਂ ਕਿਹਾ ਕਿ ਮੀਟਿੰਗ 'ਚ SKM-ਗ਼ੈਰ ਰਾਜਨੀਤਕ ਦੇ ਸਾਰੇ ਆਗੂ ਪਹੁੰਚੇ ਹਨ।
ਹਾਲਾਂਕਿ, ਸਰਵਨ ਸਿੰਘ ਪੰਧੇਰ ਦੇ ਨਾ ਆਉਣ 'ਤੇ ਉਨ੍ਹਾਂ ਕਿਹਾ ਕਿ ਸੁਨੇਹਾ ਦੇ ਦਿੱਤਾ ਗਿਆ ਸੀ, ਪਰ ਜੇਕਰ ਉਹ ਨਹੀਂ ਆਏ ਤਾਂ ਉਨ੍ਹਾਂ ਦੀ ਆਪਣੀ ਮਰਜ਼ੀ ਜਾਂ ਫੈਸਲਾ ਹੋ ਸਕਦਾ ਹੈ।