ਹਿਮਾਚਲ ਦੇ ਦਰਿਆਈ ਪਾਣੀਆਂ 'ਤੇ ਹਰਿਆਣਾ ਦਾ ਕੋਈ ਹੱਕ ਹੈ ਜਾਂ ਨਹੀਂ? ਕੀ ਹੈ ਸੁਖਬੀਰ ਸਿੰਘ ਬਾਦਲ ਦਾ ਕਹਿਣਾ, ਜਾਣੋ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁੱਖੂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਸਹਿਮਤੀ ਤੋਂ ਬਗੈਰ ਹਰਿਆਣਾ ਨੂੰ ਪਾਣੀ ਦੇਣ ਵਾਸਤੇ ਨਹਿਰ ਦੀ ਉਸਾਰੀ ਵਾਸਤੇ ਕਿਸੇ ਤਰੀਕੇ ਦੀ ਗੱਲਬਾਤ ਨਾ ਕਰਨ।`

By  Jasmeet Singh June 2nd 2023 05:40 PM -- Updated: July 18th 2023 03:20 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਹਰਿਆਣਾ  ਦਾ ਹਿਮਾਚਲ ਪ੍ਰਦੇਸ਼ ਤੋਂ ਆਉਂਦੇ ਰਾਵੀ-ਬਿਆਸ ਦਰਿਆਵਾਂ ਦੇ ਪਾਣੀਆਂ ’ਤੇ ਕੋਈ ਹੱਕ ਨਹੀਂ ਬਣਦਾ ਕਿਉਂਕਿ ਉਹ ਇਕ ਗੈਰ ਰਾਈਪੇਰੀਅਨ ਰਾਜ ਹੈ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਹਿਮਾਚਲ ਪ੍ਰਦੇਸ਼ ਕਿਸੇ ਵੀ ਗੈਰ ਰਾਈਪੇਰੀਅਨ ਰਾਜ ਨੂੰ ਦਰਿਆਈ ਪਾਣੀ ਦੇਣ ਦੀ ਗੱਲ ਉਦੋਂ ਤੱਕ ਨਾ ਕਰੇ ਜਦੋਂ ਕਿ ਜਿਹੜੇ ਰਾਜ ਵਿਚੋਂ ਇਹ ਦਰਿਆ ਲੰਘਦੇ ਹਨ, ਉਹ ਸਹਿਮਤੀ ਨਾ ਦੇਵੇ।

ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦਰਿਆਈ ਪਾਣੀਆਂ ਦੇ ਸਾਂਝੇ ਮਾਲਕ - ਬਾਦਲ 



ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵੱਲੋਂ ਹਿਮਾਚਲ ਪ੍ਰਦੇਸ਼ ਤੋਂ ਹਰਿਆਣਾ ਨੂੰ ਸਿੱਧਾ ਨਹਿਰ ਰਾਹੀਂ ਪਾਣੀ ਦੇਣ ਦਾ ਸਮਝੌਤਾ 5 ਜੂਨ ਨੂੰ ਪ੍ਰਵਾਨ ਚੜ੍ਹਨ ਬਾਰੇ ਮੀਡੀਆ ਰਿਪੋਰਟਾਂ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹਣ ਵਾਸਤੇ ਇਕ ਹੋਰ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਅਸੀਂ ਇਹ ਕਿਸੇ ਕੀਮਤ ’ਤੇ ਸਫਲ ਨਹੀਂ ਹੋਣ ਦਿਆਂਗੇ। 

ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦਰਿਆਈ ਪਾਣੀਆਂ ਦੇ ਸਾਂਝੇ ਮਾਲਕ ਹਨ ਕਿਉਂਕਿ ਹਿਮਾਚਲ ਪ੍ਰਦੇਸ਼ ਤੋਂ ਇਹ ਦਰਿਆ ਸ਼ੁਰੂ ਹੁੰਦੇ ਹਨ ਤੇ ਪੰਜਾਬ ਵਿਚੋਂ ਲੰਘਦੇ ਹਨ। ਉਹਨਾਂ ਕਿਹਾ ਕਿ ਜਿਸ ਰਾਜ ਤੋਂ ਇਹ ਦਰਿਆ ਸ਼ੁਰੂ ਹੁੰਦੇ ਹਨ, ਉਹ ਹੇਠਲੇ ਰਾਜ ਜਿਥੋਂ ਦਰਿਆ ਲੰਘਦਾ ਹੈ, ਦੀ ਸਹਿਮਤੀ ਤੋਂ ਬਗੈਰ ਇਹ ਪਾਣੀ ਨਹੀਂ ਦੇ ਸਕਦਾ।

ਇਹਨਾਂ ਤੱਥਾਂ ਦੀ ਰੋਸ਼ਨੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਹਿਮਾਚਲ ਤੋਂ ਹਰਿਆਣਾ ਨੂੰ ਦਰਿਆਈ ਪਾਣੀ ਦੇਣ ਬਾਰੇ ਕਿਸੇ ਵੀ ਤਰੀਕੇ ਦੀ ਗੱਲਬਾਤ ਨਾ ਕਰਨ। ਉਹਨਾਂ ਕਿਹਾ ਕਿ ਹਿਮਾਚਲ ਪੰਜਾਬ ਦੀ ਸਹਿਮਤੀ ਤੋਂ ਬਗੈਰ ਕਿਸੇ ਗੈਰ ਰਾਈਪੇਰੀਅਨ ਰਾਜ ਨੂੰ ਪਾਣੀ ਨਹੀਂ ਦੇ ਸਕਦਾ।

ਕਦੋਂ ਖ਼ਤਮ ਹੋਇਆ ਸੀ SYL ਦਾ ਮੁੱਦਾ, ਜਾਣੋ 



ਉਹਨਾਂ ਕਿਹਾ ਕਿ ਪੰਜਾਬ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਸ ਵਾਈ ਐਲ ਨਹਿਰ ਦੀ ਜ਼ਮੀਨ ਉਹਨਾਂ ਦੇ ਅਸਲ ਮਾਲਕ ਕਿਸਾਨਾਂ ਨੂੰ ਵਾਪਸ ਦੇਣ ਤੋਂ ਬਾਅਦ ਇਹ ਮੁੱਦਾ ਖਤਮ ਹੋ ਗਿਆਸੀ  ਤੇ ਹੁਣ ਇਸਨੂੰ ਮੁੜ ਖੋਲ੍ਹਣ ਨਾਲ ਪੁਰਾਣੇ ਜ਼ਖ਼ਮ ਮੁੜ ਰਿਸ ਪੈਣਗੇ। ਉਹਨਾਂ ਕਿਹਾ ਕਿ ਇਸ ਨਾਲ ਅੰਤਰ ਰਾਜੀਵ ਤੇ ਅੰਤਰ ਲੋਕ ਟਕਰਾਅ ਸ਼ੁਰੂ ਹੋਵੇਗਾ ਜੋ ਖਿੱਤੇ ਵਿਚਲੀ ਸ਼ਾਂਤੀ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।

ਸੁੱਤੇ ਨਾ ਰਹੋ ਆਪ ਅਤੇ ਕਾਂਗਰਸ - ਸੁਖਬੀਰ ਸਿੰਘ ਬਾਦਲ 

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਸੰਵੇਦਨਸ਼ੀਲ ਮੁੱਦੇ ’ਤੇ ਸੁੱਤੇ ਹੀ ਨਾ ਰਹਿ ਜਾਣ ਕਿਉਂਕਿ ਇਹ ਮਾਮਲਾ ਪੰਜਾਬ ਦੇ ਕਿਸਾਨਾਂ ਦੀਆਂ ਜ਼ਿੰਦਗੀਆਂ ਤੇ ਉਹਨਾਂ ਦੇ ਜੀਵਨ ਨਿਰਬਾਹ ਨਾਲ ਸਬੰਧਤ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਆਪ ਸਰਕਾਰ ਵਾਰ ਵਾਰ ਪੰਜਾਬ ਵਿਰੋਧੀ ਫੈਸਲਿਆਂ ਦੇ ਖਿਲਾਫ ਡੱਟ ਕੇ ਖੜ੍ਹੀ ਨਹੀਂ ਹੋ ਸਕੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਸਾਜ਼ਿਸ਼ ਨੂੰ ਸਫਲ ਨਾ ਹੋਣ ਦੇਣਾ ਯਕੀਨੀ ਬਣਾਉਣ ਵਾਸਤੇ ਸਰਗਰਮ ਕਦਮ ਚੁੱਕਣੇ ਪੈਣਗੇ।

ਬਾਦਲ ਨੇ ਪੰਜਾਬ ਕਾਂਗਰਸ ਨੂੰ ਵੀ ਆਖਿਆ ਕਿ ਉਹ ਇਸ ਮਾਮਲੇ ’ਤੇ ਆਪਣਾ ਸਟੈਂਡ ਸਪਸ਼ਟ ਕਰੇ। ਉਹਨਾਂ ਕਿਹਾ ਕਿ ਕਾਂਗਰਸ ਵੱਖ-ਵੱਖ ਰਾਜਾਂ ਵਿਚ ਇਕੋ ਮੁੱਦੇ ’ਤੇ ਵੱਖ-ਵੱਖ ਸਟੈਂਡ ਲੈਣੀ ਦੀ ਚਹੇਤੀ ਰਹੀਹੈ।  ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਨੂੰ ਆਪਣੀ ਹਾਈ ਕਮਾਂਡ ਨੂੰ ਰਾਜ਼ੀ ਕਰਨਾ ਚਾਹੀਦਾ ਹੈ ਕਿ ਉਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਹਦਾਇਤ ਦੇਵੇ ਕਿ ਉਹ ਦਰਿਆਈ ਪਾਣੀ ਹਰਿਆਣਾ ਨੂੰ ਦੇਣ ਲਈ ਆਪਣੇ ਹਮਰੁਤਬਾ ਨਾਲ ਕੋਈ ਸਮਝੌਤਾ ਨਾ ਕਰਨ। ਉਹਨਾਂ ਕਿਹਾ ਕਿ ਜਿਸ ਤਰੀਕੇ ਪੰਜਾਬ ਕਾਂਗਰਸ ਨੇ ਦਿੱਲੀ ਸਰਕਾਰ ਦੀਆਂ ਤਾਕਤਾਂ ਸੀਮਤ ਕਰਨ ਵਾਸਤੇ ਜਾਰੀ ਕੇਂਦਰੀ ਆਰਡੀਨੈਂਸ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੀ ਹਮਾਇਤ ਕਰਨ ਤੋਂ ਕਾਂਗਰਸ ਹਾਈ ਕਮਾਂਡ ਨੂੰ ਰੋਕਿਆ, ਉਸੇ ਤਰੀਕੇ ਮੌਜੂਦਾ ਮਾਮਲੇ ਵਿਚ ਵੀ ਕਰੇ।

ਹੋਰ ਖ਼ਬਰਾਂ ਪੜ੍ਹੋ

Related Post