'ਯਾਦ ਰੱਖਿਓ ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ...' ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ

ਅਕਾਲੀ ਦਲ ਦੇ ਪ੍ਰਧਾਨ ਅੱਜ ਲੋਕ ਸਭਾ ਹਲਕੇ 'ਚ ਚੋਣ ਮੀਟਿੰਗਾਂ ਦੌਰਾਨ ਕਿਹਾ ਕਿ ਤੁਸੀਂ 1 ਜੂਨ 1984 ਯਾਦ ਰੱਖਿਓ ਐਤਕੀਂ, ਇਸੇ ਦਿਨ ਤੁਸੀਂ ਵੋਟਾਂ ਪਾਉਣੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਦਿਨ ਇੰਦਰਾ ਗਾਂਧੀ ਨੇ ਤੋਪਾਂ ਤੇ ਟੈਂਕਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਸੀ।

By  KRISHAN KUMAR SHARMA May 12th 2024 06:42 PM

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਦੋਵਾਂ ਨੇ ਪੰਜਾਬੀਆਂ ਨੂੰ ਫੇਲ੍ਹ ਕੀਤਾ ਹੈ ਤੇ ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਮੁੜ ਤਰੱਕੀ ਤੇ ਖੁਸ਼ਹਾਲੀ ਦੇ ਰਾਹ ’ਤੇ ਲਿਜਾਣ ਵਾਸਤੇ ਅਕਾਲੀ ਦਲ ਨੂੰ ਵੋਟਾਂ ਪਾਉਣ।

ਅਕਾਲੀ ਦਲ ਦੇ ਪ੍ਰਧਾਨ ਅੱਜ ਲੋਕ ਸਭਾ ਹਲਕੇ 'ਚ ਚੋਣ ਮੀਟਿੰਗਾਂ ਦੌਰਾਨ ਕਿਹਾ ਕਿ ਤੁਸੀਂ 1 ਜੂਨ 1984 ਯਾਦ ਰੱਖਿਓ ਐਤਕੀਂ, ਇਸੇ ਦਿਨ ਤੁਸੀਂ ਵੋਟਾਂ ਪਾਉਣੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਦਿਨ ਇੰਦਰਾ ਗਾਂਧੀ ਨੇ ਤੋਪਾਂ ਤੇ ਟੈਂਕਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਉਹ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਨੇ ਦੇਸ਼ ਭਰ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ। ਉਨ੍ਹਾਂ ਕਿਹਾ ਕਿ ਕੋਈ ਵੀ ਕਾਂਗਰਸ ਨੂੰ ਕਦੇ ਵੋਟ ਨਹੀਂ ਪਾ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਇਸ ਪਾਰਟੀ ਦਾ ਸੂਬੇ ਵਿਚ ਰਾਜ ਸੀ ਤਾਂ ਇਸਨੇ ਤੁਹਾਨੂੰ ਫੇਲ੍ਹ ਕੀਤਾ। ਇਸਨੇ ਆਪਣੇ ਕਰਜ਼ਾ ਮੁਆਫੀ ਤੇ ਘਰ-ਘਰ ਨੌਕਰੀ ਦੇ ਵਾਅਦੇ ਮੁਤਾਬਕ ਨਾ ਕਰਜ਼ਾ ਮੁਆਫ ਕੀਤਾ ਤੇ ਨਾ ਨੌਕਰੀਆਂ ਦਿੱਤੀਆਂ।

ਆਪ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਪਾਰਟੀ ਨਾਲ ਤਜ਼ਰਬਾ ਕਰਨਾ ਪੰਜਾਬੀਆਂ ਨੂੰ ਬਹੁਤ ਮਹਿੰਗਾ ਪਿਆ ਹੈ।ਉਨ੍ਹਾਂ ਕਿਹਾ ਕਿ ਇਸ ਪਾਰਟੀ ਨੇ ਤੁਹਾਡਾ ਜੀਵਨ ਨਰਕ ਬਣਾ ਦਿੱਤਾ ਹੈ। ਇਸਨੇ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਪਰ ਇਸਦੇ ਪਸਾਰ ਦੀ ਪੁਸ਼ਤ ਪਨਾਹੀ ਕੀਤੀ। ਇਸਨੇ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਕੱਖ ਨਹੀਂ ਕੀਤਾ ਤੇ ਉਲਟਾ ਪੰਜਾਬੀ ਨੌਜਵਾਨਾਂ ਦੀ ਥਾਂ ਬਾਹਰਲਿਆਂ ਨੂੰ ਰੋਜ਼ਗਾਰ ਦੇ ਦਿੱਤਾ।

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਪੰਜਾਬ ਨੇ ਕਦੇ ਵੀ ਪਹਿਲਾਂ ਅਜਿਹਾ ਮੁੱਖ ਮੰਤਰੀ ਨਹੀਂ ਵੇਖਿਆ ਜਿਸਨੂੰ ਸ਼ਰਾਬ ਨਾਲ ਰੱਜੇ ਹੋਣ ਕਰ ਕੇ ਜਰਮਨੀ ਵਿਚ ਹਵਾਈ ਜਹਾਜ਼ ਤੋਂ ਹੇਠਾਂ ਲਾਹ ਦਿੱਤਾ ਗਿਆ ਜਿਸ ਨਾਲ ਸਮੁੱਚੇ ਪੰਜਾਬ ਦੀ ਬਦਨਾਮੀ ਹੋਈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਉਨ੍ਹਾਂ ਦਾ ਪਰਿਵਾਰ ਸੂਬੇ ਦੇ ਸਰੋਤਾਂ ਦੀ ਦੁਰਵਰਤੋਂ ਕਰ ਰਹੇ ਹਨ। ਆਪ ਤਾਂ ਕਹਿੰਦੀ ਸੀ ਕਿ ਉਹ ਵੀ ਆਈ ਪੀ ਕਲਚਰ ਤੇ ਸਕਿਓਰਿਟੀ ਦੇ ਖਿਲਾਫ ਹੈ ਪਰ ਅੱਜ ਸਿਰਫ ਮੁੱਖ ਮੰਤਰੀ, ਉਨ੍ਹਾਂ ਦੀ ਪਤਨੀ, ਭੈਣ ਤੇ ਮਾਂ ਦੀ ਸੁਰੱਖਿਆ ਵਿਚ ਹੀ ਹਜ਼ਾਰਾਂ ਪੁਲਿਸ ਮੁਲਾਜ਼ਮ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸੂਬੇ ਦੇ ਚਾਰ ਮੁੱਖ ਮੰਤਰੀ ਹਨ। ਉਨ੍ਹਾਂ ਨੇ ਲੁਧਿਆਣਾ ਨੂੰ ਅਣਡਿੱਠ ਕਰਨ ’ਤੇ ਵੀ ਮੁੱਖ ਮੰਤਰੀ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਭਗਵੰਤ ਮਾਨ ਨੇ ਤਾਂ ਪਿਛਲੇ ਢਾਈ ਸਾਲਾਂ ਵਿਚ ਆਪਣੇ ਹਲਕੇ ਧੂਰੀ ਨੂੰ ਹੀ ਅਣਡਿੱਠ ਕਰ ਦਿੱਤਾ ਹੈ ਤੇ ਸਿਰਫ ਦੋ ਵਾਰ ਉਥੇ ਗਏ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਅਕਾਲੀ ਦਲ ਦੀ ਸਰਕਾਰ ਵੱਲੋਂ ਕਰਵਾਏ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਚੌੜੀਆਂ ਸੜਕਾਂ, ਫਲਾਈਓ ਤੇ ਰੇਲਵੇ ਪੁੱਲਾਂ ਨਾਲ ਲੁਧਿਆਣਾ ਦਾ ਚੇਹਰਾ-ਮੋਹਰਾ ਹੀ ਬਦਲ ਦਿੱਤਾ ਸੀ। ਅਸੀਂ ਨਾਗਰਿਕ ਸਹੂਲਤਾਂ ਵਿਚ ਸੁਧਾਰ ਕੀਤਾ। ਉਨ੍ਹਾਂ  ਨੇ ਕਿਹਾ ਕਿ ਕਾਂਗਰਸ ਤੇ ਆਪ ਦੇ ਸੱਤ ਸਾਲਾਂ ਦੇ ਰਾਜ ਵਿਚ ਸ਼ਹਿਰ ਵਿਚ ਇਕ ਵੀ ਨਵਾਂ ਪ੍ਰਾਜੈਕਟ ਨਹੀਂ ਆਇਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦੀ ਹਮਾਇਤ ਕਰਨ ਤਾਂ ਜੋ ਵਿਕਾਸ ਦਾ ਦੌਰ ਮੁੜ ਵਾਪਸ ਲਿਆਂਦਾ ਜਾ ਸਕੇ ਤੇ ਸੰਸਦ ਵਿਚ ਪੰਜਾਬੀਆਂ ਦੀ ਆਵਾਜ਼ ਸੁਣੀ ਜਾ ਸਕੇ।

ਉਨ੍ਹਾਂ ਨੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਦਰਸ਼ਨ ਸਿੰਘ ਸ਼ਿਵਾਲਿਕ, ਰਣਜੀਤ ਸਿੰਘ ਢਿੱਲੋਂ, ਜਗਬੀਰ ਸਿੰਘ ਸੋਖੀ, ਸ਼ਰਨਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭਿੰਦਾ ਅਤੇ ਸੁਰਜੀਤ ਸਿੰਘ ਵੱਲੋਂ ਆਯੋਜਿਤ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ ਅਤੇ  ਦੰਗਾ ਪੀੜਤ ਐਸੋਸੀਏਸ਼ਨ ਦੇ ਬੀਬੀ ਗੁਰਦੀਪ ਕੌਰ ਦੀ ਰਿਹਾਇਸ਼ ’ਤੇ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ।

Related Post