ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ, ਜਿਨ੍ਹਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਤੋਂ ਪਾਰਟੀ ਉਮੀਦਵਾਰ ਐਨ.ਕੇ. ਸ਼ਰਮਾ ਦੇ ਹੱਕ 'ਚ ਪ੍ਰਚਾਰ ਕੀਤਾ। ਉਨ੍ਹਾਂ ਨੇ ਸਮਾਣਾ 'ਚ ਕਿਹਾ ਕਿ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ, ਜਿਨ੍ਹਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ। ਉਨ੍ਹਾਂ ਕਿਹਾ ਕਿ ਕਿਹਾ ਕਿ ਅਕਾਲੀ ਦਲ ਦਾ ਪਟਿਆਲਾ ਉਮੀਦਵਾਰ ਜ਼ਮੀਨ ਨਾਲ ਜੁੜਿਆ ਜਿਸਦਾ ਸਮਾਜ ਸੇਵਾ ’ਚ ਵੱਡਾ ਰਿਕਾਰਡ ਹੈ।

By  KRISHAN KUMAR SHARMA May 13th 2024 07:47 PM

ਪਟਿਆਲਾ/ਸਮਾਣਾ: ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal)ਨੇ ਅੱਜ ਪੰਜਾਬੀਆਂ ਨੂੰ ਕਿਹਾ ਕਿ ਉਹ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰਨ, ਜਿਨ੍ਹਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ ਤੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਪਹਿਲਾਂ ਹੀ ਆਪਣੀ ਜ਼ਮੀਰ ਵੇਚ ਦਿੱਤੀ ਹੈ ਤੇ ਇਹਨਾਂ ਤੋਂ ਤੁਹਾਡੇ ਲਈ ਕੁਝ ਵੀ ਕਰਨ ਦੀ ਆਸ ਨਹੀਂ ਕੀਤੀ ਜਾ ਸਕਦੀ।

ਅਕਾਲੀ ਦਲ ਦੇ ਪ੍ਰਧਾਨ, ਜੋ ਇਥੇ ਪੰਜਾਬ ਬਚਾਓ ਯਾਤਰਾ ਤਹਿਤ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਨਾਲ ਰਲ ਕੇ ਸੀਨੀਅਰ ਆਗੂ ਐਨ ਕੇ ਸ਼ਰਮਾ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਸਨ, ਨੇ ਕਿਹਾ ਕਿ ਤਿੰਨੋਂ ਪਾਰਟੀਆਂ ਦੇ ਆਗੂ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਤੇ ਧਰਮਵੀਰ ਗਾਂਧੀ ਨੇ ਆਪੋ-ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ ਹੈ। ਅਜਿਹੇ ਆਗੂ ਤੁਹਾਨੂੰ ਫਿਰ ਧੋਖਾ ਦੇ ਸਕਦੇ ਹਨ ਤੇ ਇਸ ਵਾਰ ਇਨ੍ਹਾਂ ਦਾ ਚੋਣਾਂ ਵਿਚ ਹਾਰਨਾ ਜ਼ਰੂਰੀ ਹੈ।

ਉਨ੍ਹਾਂ ਨੇ ਕਿਹਾ ਕਿ ਕਿਵੇਂ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਪੰਜਾਬੀਆਂ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਨੂੰ ਪੂਰਨ ਕਰਜ਼ਾ ਮੁਆਫੀ ਅਤੇ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਪਰ ਕੀਤਾ ਕੱਖ ਵੀ ਨਹੀਂ।ਇਸੇ ਤਰੀਕੇ ਆਪ ਸਰਕਾਰ ਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ। ਇਸ ਸਰਕਾਰ ਨੇ ਸਾਰੀਆਂ ਫਸਲਾਂ ’ਤੇ ਪੰਜ ਮਿੰਟ ਵਿਚ ਐਮ ਐਸ ਪੀ ਦੇਣ ਦਾ ਵਾਅਦਾ ਕੀਤਾ ਪਰ ਕੀਤਾ ਕੱਖ ਵੀ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਵਿਸ਼ਵਾਸ ਉਠ ਗਿਆ ਹੈ ਤੇ ਲੋਕ ਉਨ੍ਹਾਂ ਨੂੰ ਸਿਰਫ ਇਕ ਸ਼ਰਾਬੀ ਹੀ ਸਮਝਦੇ ਹਨ ਜੋ ਸਸਤੇ ਤਮਾਸ਼ੇ ਕਰਦਾ ਹੈ।

ਲੋਕਾਂ ਨੂੰ ਐਨ.ਕੇ. ਸ਼ਰਮਾ ਦੀ ਉਮੀਦਵਾਰੀ ਦੀ ਹਮਾਇਤ ਕਰਨ ਦੀ ਜ਼ੋਰਦਾਰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਉਮੀਦਵਾਰ ਜ਼ਮੀਨੀ ਪੱਧਰ ਨਾਲ ਜੁੜਿਆ ਆਗੂ ਹੈ ਜਿਸਦਾ ਸਮਾਜ ਸੇਵਾ ਵਿਚ ਵੱਡਾ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਸਿਰਫ ਅਕਾਲੀ ਦਲ ਹੀ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚਲ ਸਕਦਾ ਹੈ, ਸਰਵ ਪੱਖੀ ਵਿਕਾਸ ਕਰ ਸਕਦਾ ਹੈ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖ ਸਕਦਾ ਹੈ।

ਇਸ ਦੌਰਾਨ ਸਾਬਕਾ ਮੰਤਰੀ ਤੇ ਸਮਾਣਾ ਦੇ ਇੰਚਾਰਜ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪਟਿਆਲਾ ਸੀਟ ’ਤੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਪਾਰਟੀ ਦੇ ਸਾਰੇ ਵਰਕਰ ਇਸ ਸੀਟ ਤੋਂ ਸ਼ਰਮਾ ਨੂੰ ਜਿਤਾਉਣ ਵਾਸਤੇ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਲੋਕ ਇਸ ਗੱਲ ਤੋਂ ਖੁਸ਼ ਹਨ ਕਿ ਅਜਿਹਾ ਉਮੀਦਵਾਰ ਮਿਲਿਆ ਹੈ ਜੋ ਕਿਰਦਾਰ ਤੇ ਕਾਰਗੁਜ਼ਾਰੀ ਵਿਚ ਸਰਵੋਤਮ ਹੈ।

Related Post