ਸੁਖਬੀਰ ਸਿੰਘ ਬਾਦਲ ਨੇ PM ਮੋਦੀ ਨੂੰ ਕੀਤੀ ਅਪੀਲ , ਕਿਹਾ ਸਿੱਖ ਕੌਮ ਤੇ ਹੋਰ ਘੱਟ ਗਿਣਤੀਆਂ ਨਾਲ ਕੋਈ ਵਿਤਕਰਾ ਨਾ ਹੋਵੇ

By  Amritpal Singh November 21st 2023 08:48 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਸੁਪਰੀਮ ਕੋਰਟ ਕਾਲਜੀਅਮ ਵੱਲੋਂ ਦੋ ਸਿੱਖ ਵਕੀਲਾਂ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਜੱਜ ਵਜੋਂ ਨਿਯੁਕਤੀ ਕਰਨ ਦੀ ਸਿਫਾਰਸ਼ ਦੇ ਮਾਮਲੇ ਵਿਚ ਦਖਲ ਦੇ ਕੇ ਉਹਨਾਂ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਦੋ ਵਕੀਲਾਂ ਹਰਮੀਤ ਸਿੰਘ ਗਰੇਵਾਲ ਤੇ ਦੀਪਿੰਦਰ ਸਿੰਘ ਨਲਵਾ ਦੀ ਨਿਯੁਕਤੀ ਕੇਂਦਰ ਸਰਕਾਰ ਨੇ ਰੋਕ ਲਈ ਜਦੋਂ ਕਿ ਉਹਨਾਂ ਦੇ ਨਾਲ ਹੀ ਤਿੰਨ ਨਾਵਾਂ ਦੀ ਕੀਤੀ ਗਈ ਸਿਫਾਰਸ਼ ਨੂੰ ਪ੍ਰਵਾਨ ਕਰਦਿਆਂ ਉਹਨਾਂ ਦੇ ਨਾਵਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ।

ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸਿੱਖ ਕੌਮ ਤੇ ਹੋਰ ਘੱਟ ਗਿਣਤੀਆਂ ਨਾਲ ਕੋਈ ਵਿਤਕਰਾ ਨਾ ਹੋਵੇ  ਤੇ ਉਹਨਾਂ ਦੀ ਹਾਈ ਕੋਰਟਾਂ ਵਿਚ ਜੱਜ ਵਜੋਂ ਨਿਯੁਕਤੀ ਹੋਵੇ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਇਸ ਮਾਮਲੇ ਵਿਚ ਕੇਂਦਰ ਸਰਕਾਰ ਆਪਣੀ ਮਰਜ਼ੀ ਮੁਤਾਬਕ ਚੁਣ ਚੁਣ ਕੇ ਫੈਸਲੇ ਲੈ ਰਹੀ ਹੈ ਜੋ ਕਿ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਹੈ ਤੇ ਇਸ ਨਾਲ ਸਿੱਖ ਕੌਮ ਪ੍ਰਤੀ ਸਰਕਾਰ ਦੀ ਮਨਸ਼ਾ ਬਾਰੇ ਗਲਤ ਸੰਦੇਸ਼ ਜਾਂਦਾ ਹੈ।

ਬਾਦਲ ਨੇ ਕਿਹਾ ਕਿ ਅਜਿਹਾ ਵਿਤਕਰਾ ਪਹਿਲਾਂ ਵੀ ਹੋਇਆ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਕਾਲਜੀਅਮ ਦੀ ਸਿਫਾਰਸ਼ ਨੂੰ ਮੰਨਿਆ ਜਾਣਾ ਚਾਹੀਦਾ ਹੈ ਤੇ ਸਰਕਾਰ ਨੂੰ ਬੇਤੁਕੇ ਆਧਾਰਾਂ ’ਤੇ ਨਾਂ ਨਹੀਂ ਰੋਕਣੇ ਚਾਹੀਦੇ। ਉਹਨਾਂ ਕਿਹਾ ਕਿ ਗਰੇਵਾਲ ਤੇ ਨਲਵਾ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤੀ ਹੋਣੀ ਚਾਹੀਦੀ ਹੈ ਅਤੇ ਇਸਨੂੰ ਛੇਤੀ ਤੋਂ ਛੇਤੀ ਨੋਟੀਫਾਈ ਕੀਤਾ ਜਾਣਾ ਚਾਹੀਦਾ ਹੈ।

Related Post