'ਵਿਵਾਦ ਖਤਮ ਕਰਨ ਲਈ ਆਪਣੀ ਝੋਲੀ ਲਏ ਇਲਜ਼ਾਮ', ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਲਾਏ ਜਾਣ 'ਤੇ ਬੋਲੇ ਸੁਖਬੀਰ ਸਿੰਘ ਬਾਦਲ

Sukhbir Singh Badal : ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਾਘੀ ਮੇਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਦੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਤੇ ਹਰ ਵਰਕਰ ਦੀ ਡਿਊਟੀ ਲਗਾਈ ਗਈ ਕਿ ਕਾਨਫਰੰਸ ਦੇ ਵਿੱਚ ਵੱਧ ਤੋਂ ਵੱਧ ਇਕੱਠ ਕੀਤਾ ਜਾਵੇ।

By  KRISHAN KUMAR SHARMA January 6th 2025 04:55 PM -- Updated: January 6th 2025 04:59 PM

Shiromani Akali Dal Maghi Conference : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰਕੰਦੀ ਵਿਖੇ ਪਾਰਟੀ ਦੇ ਸਾਬਕਾ ਐਮਐਲਏ ਕੰਵਰਜੀਤ ਸਿੰਘ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਸ੍ਰੀ ਮੁਕਤਸਰ ਸਾਹਿਬ ਵਿੱਚ ਹੋਣ ਜਾ ਰਹੇ ਮਾਘੀ ਮੇਲੇ ਦੌਰਾਨ ਅਕਾਲੀ ਦਲ ਵੱਲੋਂ ਕਾਨਫਰੰਸ ਕਰਨ ਨੂੰ ਲੈ ਕੇ ਕੀਤੀ ਗਈ। ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਵੱਡੀ ਗਿਣਤੀ ਦੇ ਵਿੱਚ ਵਰਕਰ ਮੌਜੂਦ ਰਹੇ।

ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਾਘੀ ਮੇਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਦੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਤੇ ਹਰ ਵਰਕਰ ਦੀ ਡਿਊਟੀ ਲਗਾਈ ਗਈ ਕਿ ਕਾਨਫਰੰਸ ਦੇ ਵਿੱਚ ਵੱਧ ਤੋਂ ਵੱਧ ਇਕੱਠ ਕੀਤਾ ਜਾਵੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਆਰਾਮ ਕਰ ਰਿਹਾ ਸੀ, ਅਕਾਲੀ ਦਲ ਖਤਮ ਨਹੀਂ ਹੋਇਆ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਵੀਆਂ ਤਾਕਤਾਂ ਆ ਰਹੀਆਂ ਹਨ, ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪਰ ਸ਼੍ਰੋਮਣੀ ਅਕਾਲੀ ਦਲ ਖਤਮ ਹੋਣ ਵਾਲਾ ਨਹੀਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸੌ ਸਾਲ ਤੋਂ ਪੁਰਾਣੀ ਪਾਰਟੀ ਹੈ। ਉਹ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਈ ਗਈ ਧਾਰਮਿਕ ਸਜ਼ਾ ਬਾਰੇ ਵੀ ਬੋਲੇ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਬੇਅਦਬੀ ਦਾ ਝੂਠਾ ਇਲਜ਼ਾਮ ਲਗਾਇਆ ਤੇ ਇਸ ਉੱਤੇ ਵਾਰ ਵਾਰ ਸਿਆਸਤ ਕੀਤੀ ਜਾ ਰਹੀ ਸੀ, ਜਿਸ ਨੂੰ ਲੈ ਕੇ ਇਹ ਸਭ ਕੁਝ ਮੈਂ ਆਪਣੀ ਝੋਲੀ ਵਿੱਚ ਪਾ ਲਿਆ। ਹਾਲਾਂਕਿ ਉਸ ਵਕਤ ਮੈਂ ਇੱਥੇ ਮੌਜੂਦ ਵੀ ਨਹੀਂ ਸੀ।

ਸੁਖਬੀਰ ਸਿੰਘ ਬਾਦਲ ਨੇ ਵਿਰੋਧੀ ਪਾਰਟੀਆਂ 'ਤੇ ਵੀ ਤੰਜ ਕਸੇ ਗਏ। ਉਨ੍ਹਾਂ ਨੇ ਕਿਹਾ ਕਿ 'ਆਪ' ਦੀ ਸਰਕਾਰ ਦੇ ਵਿੱਚ ਸ਼ਰੇਆਮ ਲੁੱਟਾਂ-ਖੋਹਾਂ ਹੋ ਰਹੀਆਂ ਹਨ ਤੇ ਗੈਂਗਸਟਰ ਕਿਸੇ ਨੂੰ ਵੀ ਫੋਨ ਕਰਕੇ ਫਿਰੌਤੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਤੁਸੀਂ ਇਹ ਨਵੀਂ ਪਾਰਟੀ ਦੀ ਸਰਕਾਰ ਬਣਾਈ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੀ ਤੇ ਜੋ ਇਹਨਾਂ ਵੱਲੋਂ ਆਪਣੇ ਨਵੇਂ ਤੋਂ ਨਵੇਂ ਜਥੇਦਾਰ ਖੜੇ ਕੀਤੇ ਹਨ ਕਿ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੇ ਹਨ। ਉਹਨਾਂ ਨੇ ਕਿਹਾ ਕਿ ਇੱਕ ਹੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਹੈ, ਜੋ ਖੇਤਰੀ ਪਾਰਟੀ ਹੈ ਤੇ ਸ੍ਰੀ ਅਕਾਲ ਤਖਤ ਨੂੰ ਮੰਨਦੀ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸੁਪਰੀਮ ਪਾਵਰ ਹੈ।

ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ

Related Post