ਸੂਰੀ ਦੇ ਬੇਟੇ ਨੇ ਅੰਤਿਮ ਸੰਸਕਾਰ ਤੋਂ ਕੀਤਾ ਇਨਕਾਰ, ਰੱਖੀ ਇਹ ਮੰਗ
ਅੰਮ੍ਰਿਤਸਰ, 3 ਨਵੰਬਰ: ਅੰਮ੍ਰਿਤਸਰ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਗਏ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੇ ਬੇਟੇ ਪਾਰਸ ਸੂਰੀ ਨੇ ਵੱਡਾ ਐਲਾਨ ਕੀਤਾ ਹੈ। ਪਾਰਸ ਸੂਰੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ। ਇਕ ਪਾਸੇ ਹਿੰਦੂ ਸੰਗਠਨਾਂ ਨੇ ਸੁਧੀਰ ਸੂਰੀ ਦੇ ਕਤਲ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਅਤੇ ਦੂਜੇ ਪਾਸੇ ਸੁਧੀਰ ਸੂਰੀ ਦੇ ਬੇਟੇ ਪਾਰਸ ਦੀ ਮੰਗ 'ਤੇ ਸਾਰੀਆਂ ਹਿੰਦੂ ਜਥੇਬੰਦੀਆਂ ਇਕਜੁੱਟ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਪਾਰਸ ਸੂਰੀ ਦਾ ਕਹਿਣਾ ਹੈ ਕਿ ਸੁਧੀਰ ਸੂਰੀ, ਜੋ ਸਾਰੀ ਉਮਰ ਹਿੰਦੂਆਂ ਲਈ ਲੜਦੇ ਰਹੇ, ਉਹ ਅੱਜ ਵੀ ਉਨ੍ਹਾਂ ਵਿਚਾਲੇ ਜ਼ਿੰਦਾ ਹਨ। ਪਾਰਸ ਸੂਰੀ ਵੱਲੋਂ ਆਪਣੇ ਪਿਤਾ ਲਈ ਮੰਗੇ ਗਏ ਸ਼ਹੀਦ ਦਾ ਦਰਜਾ ਦੇਣ ਲਈ ਸਾਰੀਆਂ ਜਥੇਬੰਦੀਆਂ ਨੇ ਹਾਮੀ ਭਰੀ ਹੈ ਅਤੇ ਉਨ੍ਹਾਂ ਦੀ ਲੜਾਈ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਹੈ।
ਸੁਧੀਰ ਸੂਰੀ ਦੀ ਲਾਸ਼ ਦੀ ਸੀਟੀ ਸਕੈਨ ਰਿਪੋਰਟ 'ਚ ਖੁਲਾਸਾ
ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਲਿਆਂਦਾ ਗਿਆ ਹੈ। ਇੱਥੇ ਮ੍ਰਿਤਕ ਦੇਹ ਦਾ ਸਿਟੀ ਸਕੈਨ ਕੀਤਾ ਗਿਆ। ਸਿਟੀ ਸਕੈਨ ਤੋਂ ਬਾਅਦ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਸਿਟੀ ਸਕੈਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਸਿਟੀ ਸਕੈਨ ਤੋਂ ਪਤਾ ਲੱਗਾ ਕਿ ਸੁਧੀਰ ਸੂਰੀ ਨੂੰ 4 ਗੋਲੀਆਂ ਲੱਗੀਆਂ ਹਨ। ਦੋ ਗੋਲੀਆਂ ਛਾਤੀ ਵਿੱਚ ਲੱਗੀਆਂ, ਇੱਕ ਗੋਲੀ ਪੇਟ ਦੇ ਨੇੜੇ ਅਤੇ ਇੱਕ ਗੋਲੀ ਮੋਢੇ ਵਿੱਚੋਂ ਲੰਘੀ।
ਲਖਬੀਰ ਲੰਡਾ ਗਰੁੱਪ ਨੇ ਲਈ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ
ਲਖਬੀਰ ਲੰਡਾ ਗਰੁੱਪ ਨੇ ਆਪਣੇ ਫੇਸਬੁੱਕ ਪੇਜ ਉੱਤੇ ਇੱਕ ਪੋਸਟ ਸਾਂਝੀ ਕਰ ਦੱਸਿਆ ਕਿ ਬੀਤੇ ਦਿਨ ਸ਼ਿਵ ਸੈਨਾ ਆਗੂ ਦਾ ਕਤਲ ਉਨ੍ਹਾਂ ਦੇ ਸਾਥੀ ਵੱਲੋਂ ਕੀਤਾ ਗਿਆ। ਉਨ੍ਹਾਂ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਆਪਣੀ ਪੋਸਟ ਵਿੱਚ ਉਨ੍ਹਾਂ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਹੋਰ ਕੋਈ ਵੀ ਕੌਮ ਬਾਰੇ ਜਾਂ ਕਿਸੇ ਹੋਰ ਵੀ ਧਰਮ ਬਾਰੇ ਮਾੜਾ ਬੋਲਦਾ ਤਾਂ ਉਹ ਨਤੀਜਾ ਭੁਗਤਣ ਲਈ ਤਿਆਰ ਰਹੇ।