ਇਸ ਪਿਓ ਨੂੰ ਸਲਾਮ! ਸੱਤ ਦੀਆਂ ਸੱਤ ਧੀਆਂ ਪੁਲਿਸ 'ਚ, ਕਦੇ ਕੁੜੀਆਂ ਨੂੰ ਬੋਝ ਕਹਿੰਦੇ ਸੀ ਲੋਕ

By  KRISHAN KUMAR SHARMA February 12th 2024 05:58 PM

Success Story: ਧੀਆਂ, ਪੁੱਤਾਂ ਨਾਲੋਂ ਕਿਸੇ ਵੀ ਗੱਲ ਵਿੱਚ ਘੱਟ ਨਹੀਂ ਹੁੰਦੀਆਂ। ਇਸ ਗੱਲ ਨੂੰ ਬਿਹਾਰ (Bihar) ਦੇ ਸਾਰਨ ਜ਼ਿਲ੍ਹੇ ਦੇ ਇੱਕ ਸ਼ਖਸ ਨੇ ਸਿੱਧ ਕਰ ਵਿਖਾਇਆ ਹੈ, ਜਿਸ ਦੀਆਂ ਸੱਤ ਦੀਆਂ ਸੱਤ ਕੁੜੀਆਂ ਪੁਲਿਸ ਮਹਿਕਮੇ ਵਿੱਚ ਮੁਲਾਜ਼ਮ ਹਨ। ਇੱਕ ਮੁੰਡੇ ਤੇ 7 ਕੁੜੀਆਂ ਦਾ ਇਹ ਪਿਓ ਰਾਜ ਕੁਮਾਰ ਇਲਾਕੇ ਵਿੱਚ ਧੀਆਂ ਦੀ ਇਸ ਕਾਮਯਾਬੀ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਜਾਣਕਾਰੀ ਅਨੁਸਾਰ ਜਦੋਂ ਰਾਜਕੁਮਾਰ ਦੀਆਂ ਸੱਤ ਕੁੜੀਆਂ ਹੋਈਆਂ ਸਨ ਤਾਂ ਉਦੋਂ ਲੋਕ ਉਸ ਨੂੰ ਤਾਅਨੇ ਮਾਰਦੇ ਸਨ। ਸਾਰੇ ਰਿਸ਼ਤੇਦਾਰਾਂ ਨੂੰ ਚਿੰਤਾ ਸੀ ਕਿ ਰਾਜਕੁਮਾਰ ਦੀ ਸਾਰੀ ਬਚਤ ਇੰਨੀਆਂ ਧੀਆਂ ਦੇ ਵਿਆਹ 'ਤੇ ਖਰਚ ਹੋ ਜਾਵੇਗੀ। ਪਰ ਰਾਜਕੁਮਾਰ ਨੇ ਇਨ੍ਹਾਂ ਤਾਅਨਿਆਂ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਅੱਜ ਉਹੀ ਲੋਕ ਧੀਆਂ (daughter) ਨੂੰ ਲੈ ਕੇ ਰਾਜਕੁਮਾਰ ਦੇ ਘਰ ਦੀ ਮਿਸਾਲ ਦੇ ਰਹੇ ਹਨ।

ਲੋਕ ਮਾਰਦੇ ਸੀ ਤਾਅਨੇ

ਬਿਹਾਰ ਦੇ ਇੱਕ ਛੋਟੇ ਪਿੰਡ ਦਾ ਰਹਿਣ ਵਾਲਾ ਰਾਜ ਕੁਮਾਰ ਆਟਾ ਚੱਕੀ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਇੱਕ ਸਮਾਂ ਸੀ ਜਦੋਂ ਰਾਜਕੁਮਾਰ ਆਪਣੇ ਅੱਠ ਬੱਚਿਆਂ ਨਾਲ ਇੱਕ ਕਮਰੇ ਦੇ ਘਰ ਵਿੱਚ ਰਹਿੰਦਾ ਸੀ। ਆਲੇ-ਦੁਆਲੇ ਦੇ ਲੋਕ ਸੱਤ ਧੀਆਂ ਨੂੰ ਤਾਅਨੇ ਮਾਰਦੇ ਸਨ। ਪਰ ਅੱਜ ਉਸ ਦੀਆਂ ਸਾਰੀਆਂ ਧੀਆਂ ਪੁਲਿਸ ਵਿੱਚ ਹਨ। ਇਨ੍ਹਾਂ ਧੀਆਂ ਨੇ ਆਪਣੇ ਪਿਤਾ ਲਈ ਦੋ ਘਰ ਬਣਾਏ ਹਨ।

ਰਾਜਕੁਮਾਰ ਦੀ ਇੱਕ ਧੀ ਬਿਹਾਰ ਪੁਲਿਸ (bihar-police) ਵਿੱਚ, ਦੂਜੀ ਐਸਐਸਬੀ ਵਿੱਚ, ਤੀਜੀ ਸੀਆਰਪੀਐਫ ਵਿੱਚ, ਚੌਥੀ ਕ੍ਰਾਈਮ ਬ੍ਰਾਂਚ ਵਿੱਚ, ਪੰਜਵੀਂ ਆਬਕਾਰੀ ਵਿਭਾਗ ਵਿੱਚ, ਛੇਵੀਂ ਬਿਹਾਰ ਪੁਲਿਸ ਵਿੱਚ ਅਤੇ ਸੱਤਵੀਂ ਜੀਆਰਐਫ ਵਿੱਚ ਕੰਮ ਕਰ ਰਹੀ ਹੈ।

ਰਾਜ ਕੁਮਾਰ ਨੂੰ ਹੁਣ ਲੋਕ ਤਾਅਨੇ ਨਹੀਂ ਮਾਰਦੇ, ਸਗੋਂ ਉਸ ਦੀ ਮਿਸਾਲ ਦਿੰਦੇ ਹਨ। ਰਾਜ ਕੁਮਾਰ ਦੇ ਘਰ ਵਧਾਈ ਦੇਣ ਵਾਲਿਆਂ ਦਾ ਵੀ ਤਾਂਤਾ ਲੱਗਿਆ ਰਹਿੰਦਾ ਹੈ ਅਤੇ ਲੋਕਾਂ 'ਚ ਸੱਤ ਦੀਆਂ ਸੱਤ ਧੀਆਂ ਦੀ ਕਾਮਯਾਬੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Related Post