ਟਾਈਟੈਨਿਕ ਦੇਖਣ ਗਈ ਅਰਬਪਤੀਆਂ ਨਾਲ ਭਰੀ ਪਣਡੁੱਬੀ ਹੋਈ ਲਾਪਤਾ, ਤਲਾਸ਼ੀ ਮੁਹਿੰਮ ਜਾਰੀ
ਪੀ.ਟੀ.ਸੀ. ਵੈੱਬ ਡੈਸਕ: ਟਾਈਟੈਨਿਕ ਦੇ ਮਲਬੇ ਨੇੜੇ ਇੱਕ ਵਪਾਰਕ ਪਣਡੁੱਬੀ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਟਾਈਟੈਨਿਕ ਦੇ ਮਲਬੇ ਨੂੰ ਦੇਖਣ ਗਈ ਇੱਕ ਸੈਲਾਨੀ ਪਣਡੁੱਬੀ ਐਤਵਾਰ ਨੂੰ ਅਟਲਾਂਟਿਕ ਮਹਾਸਾਗਰ ਵਿੱਚ ਲਾਪਤਾ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਪਣਡੁੱਬੀ ਵਿੱਚ ਇੱਕ ਪਾਇਲਟ ਅਤੇ ਚਾਰ ਸੈਲਾਨੀ ਸਵਾਰ ਸਨ। ਇਨ੍ਹਾਂ ਲੋਕਾਂ 'ਚ ਬ੍ਰਿਟਿਸ਼ ਅਰਬਪਤੀ ਹਾਮਿਸ਼ ਹਾਰਡਿੰਗ ਵੀ ਸ਼ਾਮਲ ਹੈ। ਦੱਸ ਦੇਈਏ ਕਿ ਪਣਡੁੱਬੀ ਦੇ ਡੁੱਬਣ ਦਾ ਖ਼ਦਸ਼ਾ ਜਤਾਉਂਦਿਆਂ ਅਮਰੀਕਾ ਅਤੇ ਕੈਨੇਡਾ ਨੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ।
ਵੱਡੇ ਪੱਧਰ 'ਤੇ ਆਰੰਭੀ ਤਲਾਸ਼ੀ ਮੁਹਿੰਮ
ਯੂ.ਐੱਸ. ਅਤੇ ਕੈਨੇਡੀਅਨ ਏਜੰਸੀਆਂ, ਨੇਵੀ ਅਤੇ ਵਪਾਰਕ ਡੂੰਘੇ ਸਮੁੰਦਰੀ ਫਰਮਾਂ ਸਾਰੇ ਬਚਾਅ ਕਾਰਜ ਵਿੱਚ ਮਦਦ ਕਰ ਰਹੀਆਂ ਹਨ। ਦੱਸ ਦਈਏ ਕਿ ਨਿਊਫਾਊਂਡਲੈਂਡ ਦੇ ਕਿਨਾਰੇ ਤੋਂ 700 ਕਿਲੋਮੀਟਰ ਦੂਰ ਐਤਵਾਰ ਨੂੰ ਲਾਪਤਾ ਹੋਏ ਟਾਈਟਨ ਸਬ 'ਤੇ ਪੰਜ ਲੋਕ ਸਵਾਰ ਸਨ। ਉਨ੍ਹਾਂ ਸਾਰਿਆਂ ਦਾ ਟਾਈਟੈਨਿਕ ਦੇ ਮਲਬੇ ਨੂੰ ਦੇਖਣ ਲਈ ਡੁਬਕੀ ਸ਼ੁਰੂ ਕਰਨ ਤੋਂ ਇੱਕ ਘੰਟਾ 45 ਮਿੰਟ ਬਾਅਦ ਸਰਫੇਸ ਵੈਸਲ ਨਾਲ ਸੰਪਰਕ ਟੁੱਟ ਗਿਆ। ਮਾਹਿਰਾਂ ਅਨੁਸਾਰ ਇਸ ਦੂਰ-ਦੁਰਾਡੇ ਦੇ ਖੇਤਰ ਵਿੱਚ ਖੋਜ ਕਰਨਾ ਇੱਕ ਚੁਣੌਤੀ ਸਾਬਤ ਹੋਵੇਗਾ ਪਰ ਅਜੇ ਵੀ ਕੋਸ਼ਿਸ਼ਾਂ ਜਾਰੀ ਹਨ ਤਾਂ ਜੋ ਪਣਡੁੱਬੀ ਵਿੱਚ ਸਵਾਰ ਲੋਕਾਂ ਨੂੰ ਬਚਾਇਆ ਜਾ ਸਕੇ।
ਪਣਡੁੱਬੀ 'ਚ ਮੌਜੂਦ ਹਨ ਇਹ ਅਰਬਪਤੀ
ਲਾਪਤਾ ਲੋਕਾਂ ਵਿੱਚ ਪਾਕਿਸਤਾਨੀ ਕਾਰੋਬਾਰੀ ਸ਼ਾਹਜ਼ਾਦਾ ਦਾਊਦ ਅਤੇ ਉਸ ਦਾ ਪੁੱਤਰ ਸੁਲੇਮਾਨ ਅਤੇ 58 ਸਾਲਾ ਬ੍ਰਿਟਿਸ਼ ਅਰਬਪਤੀ ਕਾਰੋਬਾਰੀ ਅਤੇ ਖੋਜੀ ਹਾਮਿਸ਼ ਹਾਰਡਿੰਗ ਵੀ ਸ਼ਾਮਲ ਹਨ। ਫ੍ਰੈਂਚ ਐਕਸਪਲੋਰਰ ਪੌਲ ਹੈਨਰੀ ਨਾਰਗਿਓਲੇਟ ਦੀ ਵੀ ਬੋਰਡ 'ਤੇ ਹੋਣ ਦੀ ਸੰਭਾਵਨਾ ਮੰਨੀ ਜਾ ਰਹੀ ਹੈ। ਗੋਤਾਖੋਰੀ ਦੇ ਪਿੱਛੇ ਓਸ਼ਨਗੇਟ ਫਰਮ ਦੇ ਮੁੱਖ ਕਾਰਜਕਾਰੀ ਸਟਾਕਟਨ ਰਸ਼ ਦੇ ਵੀ ਬੋਰਡ 'ਤੇ ਹੋਣ ਦੀ ਵਿਆਪਕ ਤੌਰ 'ਤੇ ਰਿਪੋਰਟ ਕੀਤੀ ਜਾ ਰਹੀ ਹੈ।
ਐਮਰਜੈਂਸੀ ਆਕਸੀਜਨ ਖ਼ਤਮ ਹੋਣ ਦਾ ਖ਼ਦਸ਼ਾ
ਅਮਰੀਕੀ ਕੋਸਟ ਗਾਰਡ ਨੇ ਪਾਣੀ ਦੀ ਸਤ੍ਹਾ 'ਤੇ ਪਣਡੁੱਬੀ ਦੀ ਖੋਜ ਲਈ ਦੋ ਸੀ-130 ਹਰਕਿਊਲਿਸ ਜਹਾਜ਼ ਭੇਜੇ ਹਨ। ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਸੋਮਵਾਰ ਰਾਤ ਨੂੰ ਯੂ.ਐੱਸ. ਕੋਸਟ ਗਾਰਡ ਨੇ ਅੰਦਾਜ਼ਾ ਲਗਾਇਆ ਕਿ ਜਹਾਜ਼ ਕੋਲ ਕਰੀਬ 70 ਤੋਂ 96 ਘੰਟਿਆਂ ਦਾ ਹੀ ਐਮਰਜੈਂਸੀ ਆਕਸੀਜਨ ਬਚਿਆ ਹੋਇਆ ਹੈ।
ਬ੍ਰਿਟਿਸ਼ ਅਰਬਪਤੀ-ਕਾਰੋਬਾਰੀ ਹਾਮਿਸ਼ ਹਾਰਡਿੰਗ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਵੀ ਇਸ ਪਣਡੁੱਬੀ ਵਿੱਚ ਸਵਾਰ ਹਨ। 58 ਸਾਲਾ ਹਾਰਡਿੰਗ ਇੱਕ ਖੋਜੀ ਵੀ ਹਨ। ਪਿਛਲੇ ਹਫਤੇ ਹਾਰਡਿੰਗ ਨੇ ਸੋਸ਼ਲ ਮੀਡੀਆ 'ਤੇ ਕਿਹਾ, ''ਮੈਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਟਾਈਟੈਨਿਕ ਦੇ ਮਲਬੇ ਦੀ ਮੁਹਿੰਮ ਦਾ ਹਿੱਸਾ ਹਾਂ।"
ਦੂਰ ਦੁਰਾਡੇ ਤੋਂ ਟਾਈਟੈਨਿਕ ਵੇਖਣ ਆਉਂਦੇ ਨੇ ਸੈਲਾਨੀ
ਇਸ ਜਹਾਜ਼ ਦੇ ਮਲਬੇ ਨੂੰ ਲੈ ਕੇ ਸੈਲਾਨੀਆਂ 'ਚ ਕਾਫੀ ਉਤਸੁਕਤਾ ਹੈ। ਉਹ ਇਸਦੇ ਲਈ ਭੁਗਤਾਨ ਵੀ ਕਰਦੇ ਹਨ ਅਤੇ ਪਣਡੁੱਬੀ ਦੀ ਮਦਦ ਨਾਲ ਇਸਦੇ ਮਲਬੇ ਤੱਕ ਪਹੁੰਚ ਜਾਂਦੇ ਹਨ। ਟਾਈਟੈਨਿਕ ਜਹਾਜ਼ ਦਾ ਮਲਬਾ ਲਗਭਗ 3800 ਮੀਟਰ ਡੂੰਘੇ, ਕੈਨੇਡਾ ਦੇ ਨਿਊਫਾਊਂਡਲੈਂਡ 'ਚ ਉੱਤਰੀ ਐਟਲਾਂਟਿਕ ਦੇ ਤਲ 'ਤੇ ਪਿਆ ਹੈ। ਪਣਡੁੱਬੀ ਵਿੱਚ ਇੱਕ ਪਾਇਲਟ ਅਤੇ ਚਾਰ ਮਿਸ਼ਨ ਸਪੈਸ਼ਲਿਸਟ ਸਵਾਰ ਸਨ। ਕਾਬਲੇਗੌਰ ਹੈ ਕਿ ਅੱਠ ਦਿਨਾਂ ਦੀ ਇਸ ਟੂਰਿਸਟ ਯਾਤਰਾ ਦੀ ਟਿਕਟ ਦੀ ਕੀਮਤ ਢਾਈ ਲੱਖ ਡਾਲਰ ਜਾਨੀ ਕਰੀਬ ਦੋ ਕਰੋੜ ਰੁਪਏ ਹੈ। ਇਸ ਦੌਰੇ ਦੌਰਾਨ ਪਣਡੁੱਬੀ ਨੂੰ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ 3800 ਮੀਟਰ ਹੇਠਾਂ ਜਾਣਾ ਪੈਂਦਾ ਹੈ।
ਕਦੋਂ ਡੁੱਬਿਆ ਸੀ ਟਾਈਟੈਨਿਕ ਜਹਾਜ਼ ....?
14 ਅਪ੍ਰੈਲ 1912 ਨੂੰ ਟਾਈਟੈਨਿਕ ਜਹਾਜ਼ ਦੇ ਉੱਤਰੀ ਅਟਲਾਂਟਿਕ ਮਹਾਸਾਗਰ ਵਿੱਚ ਇੱਕ ਆਈਸਬਰਗ ਨਾਲ ਟਕਰਾਉਣ ਤੋਂ ਬਾਅਦ ਦੋ ਟੋਟੇ ਹੋਣ ਮਗਰੋਂ ਉਹ ਡੁੱਬ ਗਿਆ ਸੀ। ਟਾਈਟੈਨਿਕ ਦੇ ਡੁੱਬਣ ਕਾਰਨ 1500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। 10 ਅਪ੍ਰੈਲ ਨੂੰ ਇਹ ਜਹਾਜ਼ ਬ੍ਰਿਟੇਨ ਦੀ ਸਾਊਥੈਂਪਟਨ ਬੰਦਰਗਾਹ ਤੋਂ ਨਿਊਯਾਰਕ ਲਈ ਯਾਤਰਾ 'ਤੇ ਨਿਕਲਿਆ ਸੀ, ਜੋ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਹੋਰ ਖ਼ਬਰਾਂ ਵੀ ਪੜ੍ਹੋ:
- ਗੁਰਬਾਣੀ ਪ੍ਰਸਾਰਣ ਮੁੱਦੇ ਨੂੰ ਲੈ ਕੇ PTC ਦੇ MD ਰਬਿੰਦਰ ਨਾਰਾਇਣ ਦੀ ਚੁਣੌਤੀ, ਇੱਕ ਕਰੋੜ ਦੇ ਇਨਾਮ ਦਾ ਐਲਾਨ
- ਪੰਜਾਬ ਵਿਧਾਨਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ; ਇਹ ਮਤੇ ਕੀਤੇ ਗਏ ਪਾਸ
- ਇਸ਼ਾਰਿਆਂ-ਇਸ਼ਾਰਿਆਂ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਦਿੱਤੀ ਚੇਤਾਵਨੀ