ਕੋਰੋਨਾ ਤੋਂ ਵੀ ਖ਼ਤਰਨਾਕ ਹੈ ਇਹ ਬੈਕਟੀਰੀਆ, 48 ਘੰਟੇ 'ਚ ਹੋ ਸਕਦੀ ਹੈ ਵਿਅਕਤੀ ਦੀ ਮੌਤ...ਜਾਣੋ ਭਾਰਤ 'ਚ ਪ੍ਰਭਾਵ

Streptococcal Toxic Shock Syndrome : ਜਾਪਾਨ ਦੀ ਟੋਕੀਓ ਵੂਮੈਨਜ਼ ਮੈਡੀਕਲ ਯੂਨੀਵਰਸਿਟੀ ਵਿੱਚ ਛੂਤ ਦੀਆਂ ਬਿਮਾਰੀਆਂ ਦੇ ਪ੍ਰੋਫੈਸਰ ਕੇਨ ਕਿਕੂਚੀ ਦਾ ਕਹਿਣਾ ਹੈ ਕਿ ਜੇਕਰ ਜਾਪਾਨ 'ਚ ਸੰਕਰਮਣ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਸਾਲ 2024 ਵਿੱਚ ਲਗਭਗ 2500 ਲੋਕ ਇਸ ਬੈਕਟੀਰੀਆ ਦਾ ਸ਼ਿਕਾਰ ਹੋ ਸਕਦੇ ਹਨ।

By  KRISHAN KUMAR SHARMA June 17th 2024 11:25 AM

Streptococcal Toxic Shock Syndrome : ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋਇਆ ਹੈ ਅਤੇ ਇਸ ਦੌਰਾਨ ਹੀ ਜਾਪਾਨ 'ਚ ਫੈਲ ਰਹੇ ਇਕ ਖਤਰਨਾਕ ਬੈਕਟੀਰੀਆ ਨੇ ਸਾਰਿਆਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟਿਸ਼ੂ ਨੂੰ ਨੁਕਸਾਨ ਪਹੁੰਚਾਉਣ ਵਾਲਾ ਬੈਕਟੀਰੀਆ ਹੈ ਅਤੇ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਸਿਰਫ 48 ਘੰਟਿਆਂ 'ਚ ਵਿਅਕਤੀ ਦੀ ਮੌਤ ਹੋ ਸਕਦੀ ਹੈ। ਇਸ ਘਾਤਕ ਬੈਕਟੀਰੀਆ ਕਾਰਨ ਹੋਣ ਵਾਲੀ ਬਿਮਾਰੀ ਨੂੰ ਸਟ੍ਰੈਪਟੋਕੋਕਲ ਟੌਕਸਿਕ ਸ਼ੌਕ ਸਿੰਡਰੋਮ (STSS) ਕਿਹਾ ਜਾਂਦਾ ਹੈ।

ਜੂਨ ਤੱਕ 977 ਮਾਮਲੇ ਆ ਚੁੱਕੇ ਹਨ ਸਾਹਮਣੇ

ਜਾਪਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਇਹ ਇੱਕ ਅਨੋਖਾ ਬੈਕਟੀਰੀਆ ਹੈ, ਜਿਸ ਦੇ ਮਾਮਲੇ ਜਾਪਾਨ ਵਿੱਚ 1999 ਤੋਂ ਦਰਜ ਕੀਤੇ ਜਾ ਰਹੇ ਹਨ। ਇਸ ਨਾਲ ਹਰ ਸਾਲ ਸੈਂਕੜੇ ਲੋਕ ਬਿਮਾਰ ਹੋ ਜਾਂਦੇ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫੈਕਸ਼ਨਸ ਡਿਜ਼ੀਜ਼ਜ਼ ਦੇ ਅਨੁਸਾਰ, ਸਾਲ 2023 ਵਿੱਚ ਇਸ ਖਤਰਨਾਕ ਬੈਕਟੀਰੀਆ ਕਾਰਨ 941 ਲੋਕ ਪ੍ਰਭਾਵਿਤ ਹੋਏ ਸਨ। ਹਾਲਾਂਕਿ ਇਸ ਸਾਲ 2 ਜੂਨ ਤੱਕ ਹੀ 977 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਨਾਲ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜਾਪਾਨ ਤੋਂ ਇਲਾਵਾ ਯੂਰਪੀ ਦੇਸ਼ਾਂ ਸਮੇਤ ਕਈ ਹੋਰ ਦੇਸ਼ਾਂ ਵਿਚ ਵੀ ਅਜਿਹੀ ਹੀ ਬੀਮਾਰੀ ਦੇ ਮਾਮਲੇ ਸਾਹਮਣੇ ਆਏ ਹਨ।

48 ਘੰਟਿਆਂ 'ਚ ਹੋ ਸਕਦੀ ਹੈ ਵਿਅਕਤੀ ਦੀ ਮੌਤ

ਜਾਪਾਨ ਦੀ ਟੋਕੀਓ ਵੂਮੈਨਜ਼ ਮੈਡੀਕਲ ਯੂਨੀਵਰਸਿਟੀ ਵਿੱਚ ਛੂਤ ਦੀਆਂ ਬਿਮਾਰੀਆਂ ਦੇ ਪ੍ਰੋਫੈਸਰ ਕੇਨ ਕਿਕੂਚੀ ਦਾ ਕਹਿਣਾ ਹੈ ਕਿ ਜੇਕਰ ਜਾਪਾਨ 'ਚ ਸੰਕਰਮਣ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਸਾਲ 2024 ਵਿੱਚ ਲਗਭਗ 2500 ਲੋਕ ਇਸ ਬੈਕਟੀਰੀਆ ਦਾ ਸ਼ਿਕਾਰ ਹੋ ਸਕਦੇ ਹਨ। ਪਰ ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਬੀਮਾਰੀ ਨਾਲ ਮੌਤ ਦਰ 30 ਫੀਸਦੀ ਹੈ ਅਤੇ ਜ਼ਿਆਦਾਤਰ ਮਰੀਜ਼ਾਂ ਦੀ ਸਿਰਫ 48 ਘੰਟਿਆਂ 'ਚ ਮੌਤ ਹੋ ਸਕਦੀ ਹੈ। 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਸ ਬੈਕਟੀਰੀਆ ਦੀ ਲਾਗ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਇਸ ਘਾਤਕ ਬੈਕਟੀਰੀਆ ਦੇ ਮਾਮਲੇ ਸਿਰਫ਼ ਜਾਪਾਨ ਵਿੱਚ ਹੀ ਨਹੀਂ ਸਗੋਂ ਕਈ ਦੇਸ਼ਾਂ ਵਿੱਚ ਪਾਏ ਗਏ ਹਨ। ਭਾਰਤ ਵਿੱਚ ਹੁਣ ਤੱਕ ਇਸ ਬਿਮਾਰੀ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਮਾਹਿਰਾਂ ਅਨੁਸਾਰ ਦੇਸ਼ ਵਿੱਚ ਇਸ ਸਮੇਂ ਇਸ ਬੈਕਟੀਰੀਆ ਦਾ ਕੋਈ ਖ਼ਤਰਾ ਨਹੀਂ ਹੈ ਪਰ ਇਸ ਸਬੰਧੀ ਸਾਵਧਾਨੀ ਵਰਤਣੀ ਚਾਹੀਦੀ ਹੈ। WHO ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2022 ਵਿੱਚ, STSS ਦੇ ਕੇਸਾਂ ਸਮੇਤ ਘੱਟੋ-ਘੱਟ 5 ਯੂਰਪੀ ਦੇਸ਼ਾਂ ਵਿੱਚ ਗਰੁੱਪ ਏ ਸਟ੍ਰੈਪਟੋਕਾਕਸ (iGAS) ਬਿਮਾਰੀ ਦੇ ਮਾਮਲੇ ਸਾਹਮਣੇ ਆਏ ਸਨ।

Related Post