Avani Lekhara : 12 ਸਾਲ ਦੀ ਉਮਰ 'ਚ ਹੋ ਗਿਆ ਸੀ ਅਧਰੰਗ, ਪਰ ਨਹੀਂ ਮੰਨੀ ਹਾਰ, ਹੁਣ ਬਣੀ ਭਾਰਤ ਦੀ ਸਭ ਤੋਂ ਕਾਮਯਾਬ ਸ਼ੂਟਰ
Avani Lekhara Profile : ਪੈਰਾ ਨਿਸ਼ਾਨੇਬਾਜ਼ ਅਵਨੀ ਲੇਖਾਰਾ ਇੱਕੋ ਪੈਰਾ ਓਲੰਪਿਕ 'ਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ। ਦਸ ਦਈਏ ਕਿ ਅਵਨੀ SH1 ਸ਼੍ਰੇਣੀ ਦੀ 10 ਮੀਟਰ ਏਅਰ ਰਾਈਫਲ ਸ਼ੂਟਰ ਹੈ।
ਕੌਣ ਹੈ ਅਵਨੀ ਲੇਖਰਾ? ਜਾਣੋ ਉਸ ਦੇ ਜੀਵਨ ਨਾਲ ਜੁੜੀ ਪ੍ਰੇਰਣਾਦਾਇਕ ਕਹਾਣੀ ਬਾਰੇ
Paris Paralympic 2024 ਦੇ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਭਾਰਤੀ ਸਟਾਰ ਖਿਡਾਰਨ ਅਵਨੀ ਲੇਖਾਰਾ ਨੇ ਸੋਨ ਤਗਮਾ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਨਾਲ ਹੀ ਮੋਨਾ ਅਗਰਵਾਲ ਨੇ ਵੀ ਕਾਂਸੀ ਤਗਮਾ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ। ਦੱਸ ਦਈਏ ਕਿ ਇਸ ਵਾਰ ਪੈਰਿਸ ਪੈਰਾਲੰਪਿਕ 2024 'ਚ ਭਾਰਤ ਦੇ 84 ਪੈਰਾ ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਇਹ ਭਾਰਤ ਦੇ ਹਿੱਸੇ ਆਏ ਸਭ ਤੋਂ ਪਹਿਲੇ ਤਗਮੇ ਹਨ।
ਪੈਰਾਓਲੰਪਿਕ ਦੌਰਾਨ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਉਣ ਵਾਲੀ ਅਵਨੀ ਲੇਖਾਰਾ ਦੀ ਕਹਾਣੀ ਵੀ ਸੋਨ ਤਗਮਾ ਜਿੱਤਣ ਲਈ ਕੀਤੇ ਸੰਘਰਸ਼ ਵਾਂਗ ਰਹੀ ਹੈ, ਜਿਸ ਨੇ ਆਪਣੀ ਸਖ਼ਤ ਮਿਹਨਤ, ਹਿੰਮਤ ਅਤੇ ਸਮਰਪਣ ਨਾਲ ਮੁਸ਼ਕਿਲਾਂ ਭਰੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਅਤੇ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਵੀ ਬਣੀ। ਤਾਂ ਆਉ ਜਾਣਦੇ ਹਾਂ ਅਵਨੀ ਲੇਖਾਰਾ ਕੌਣ ਹੈ? ਅਤੇ ਉਨ੍ਹਾਂ ਦੇ ਜੀਵਨ ਨਾਲ ਜੁੜੀ ਪ੍ਰੇਰਣਾਦਾਇਕ ਕਹਾਣੀ, ਜੋ ਸਾਨੂੰ ਸਿਖਾਉਂਦੀ ਹੈ ਕਿ ਕਿਸੇ ਵੀ ਸਥਿਤੀ 'ਚ ਹਾਰ ਨਹੀਂ ਮੰਨਣੀ ਚਾਹੀਦੀ।
ਕੌਣ ਹੈ ਅਵਨੀ ਲੇਖਰਾ?
ਪੈਰਾ ਨਿਸ਼ਾਨੇਬਾਜ਼ ਅਵਨੀ ਲੇਖਾਰਾ ਇੱਕੋ ਪੈਰਾ ਓਲੰਪਿਕ 'ਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ। ਦਸ ਦਈਏ ਕਿ ਅਵਨੀ SH1 ਸ਼੍ਰੇਣੀ ਦੀ 10 ਮੀਟਰ ਏਅਰ ਰਾਈਫਲ ਸ਼ੂਟਰ ਹੈ। ਮੀਡਿਆ ਰਿਪੋਰਟਾਂ ਮੁਤਾਬਕ ਉਸਨੇ ਟੋਕੀਓ ਪੈਰਾ ਓਲੰਪਿਕ 'ਚ ਇਸੇ ਵਰਗ 'ਚ ਸੋਨ ਤਗਮਾ ਜਿੱਤਿਆ ਸੀ।
ਮਾਹਿਰਾਂ ਮੁਤਾਬਕ SH1 ਸ਼੍ਰੇਣੀ ਰਾਈਫਲ ਉਨ੍ਹਾਂ ਨਿਸ਼ਾਨੇਬਾਜ਼ਾਂ ਲਈ ਹੁੰਦੀ ਹੈ ਜਿਨ੍ਹਾਂ ਦੇ ਹੇਠਲੇ ਅੰਗਾਂ ਦੀ ਕਮਜ਼ੋਰੀ ਹੈ ਜਿਵੇਂ ਕਿ ਅੰਗ ਕੱਟਣਾ ਜਾਂ ਪੈਰਾਪਲੇਜੀਆ ਅਤੇ ਜੋ ਬਿਨਾਂ ਕਿਸੇ ਮੁਸ਼ਕਲ ਦੇ ਖੜ੍ਹੇ ਜਾਂ ਬੈਠੇ ਹੋਏ ਆਪਣੀ ਰਾਈਫਲ ਫੜ ਸਕਦੇ ਹਨ ਅਤੇ ਨਿਸ਼ਾਨੇਬਾਜ਼ੀ ਕਰ ਸਕਦੇ ਹਨ।
12 ਸਾਲ ਦੀ ਉਮਰ 'ਚ ਹਾਦਸਾ : ਅਵਨੀ ਲੇਖਾਰਾ ਦਾ ਜਨਮ 8 ਨਵੰਬਰ 2001 ਨੂੰ ਜੈਪੁਰ, ਰਾਜਸਥਾਨ 'ਚ ਹੋਇਆ ਸੀ। ਉਹ ਇੱਕ ਸਾਧਾਰਨ ਪਰਿਵਾਰ ਨਾਲ ਸਬੰਧਤ ਸੀ, ਜਿੱਥੇ ਪੜ੍ਹਾਈ ਅਤੇ ਖੇਡਾਂ ਦੋਵਾਂ ਨੂੰ ਬਰਾਬਰ ਮਹੱਤਵ ਦਿੱਤਾ ਜਾਂਦਾ ਸੀ। ਪਰ ਉਸ ਦੀ ਜ਼ਿੰਦਗੀ 'ਚ ਸਭ ਤੋਂ ਵੱਡਾ ਮੋੜ 2012 ਵਿਚ ਆਇਆ, ਜਦੋਂ ਉਸ ਨੂੰ ਇਕ ਕਾਰ ਹਾਦਸੇ 'ਚ ਰੀੜ੍ਹ ਦੀ ਹੱਡੀ 'ਚ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਉਸ ਨੂੰ ਅਧਰੰਗ ਹੋ ਗਿਆ। ਦਸ ਦਈਏ ਕਿ ਸਿਰਫ 12 ਸਾਲ ਦੀ ਉਮਰ 'ਚ ਉਸ ਨਾਲ ਹੋਏ ਇਸ ਹਾਦਸੇ ਨੇ ਅਵਨੀ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਪਰ ਅਵਨੀ ਨੇ ਇਸ ਮੁਸ਼ਕਿਲ ਸਥਿਤੀ ਨੂੰ ਚੁਣੌਤੀ ਦੇ ਰੂਪ 'ਚ ਲਿਆ।
ਖੇਡਾਂ ਰਾਹੀਂ ਨਵਾਂ ਰਾਹ ਲੱਭਿਆ : ਹਾਦਸੇ ਤੋਂ ਬਾਅਦ ਅਵਨੀ ਨੇ ਆਪਣੀ ਜ਼ਿੰਦਗੀ 'ਚ ਅੱਗੇ ਵਧਣ ਲਈ ਖੇਡਾਂ ਨੂੰ ਚੁਣਿਆ। ਪ੍ਰਸਿੱਧ ਖਿਡਾਰੀ ਅਭਿਨਵ ਬਿੰਦਰਾ ਦੀ ਆਤਮਕਥਾ ਉਸ ਦੀ ਪ੍ਰੇਰਨਾ ਸਰੋਤ ਸੀ। ਉਸਨੇ ਸ਼ੂਟਿੰਗ 'ਚ ਦਿਲਚਸਪੀ ਦਿਖਾਈ ਅਤੇ ਆਪਣੀ ਮਾਂ ਅਤੇ ਕੋਚ ਦੀ ਮਦਦ ਨਾਲ ਖੇਡ ਨੂੰ ਅਪਣਾ ਲਿਆ। ਫਿਰ ਜਲਦੀ ਹੀ ਉਸਨੇ ਆਪਣੇ ਹੁਨਰ ਨੂੰ ਨਿਖਾਰਨਾ ਸ਼ੁਰੂ ਕਰ ਦਿੱਤਾ ਅਤੇ 2015 'ਚ ਪਹਿਲੀ ਵਾਰ ਨੈਸ਼ਨਲ ਚੈਂਪੀਅਨਸ਼ਿਪ 'ਚ ਹਿੱਸਾ ਲਿਆ।
ਪੈਰਾਲੰਪਿਕ ਦੀ ਸਫਲਤਾ ਦੀ ਕਹਾਣੀ : ਅਵਨੀ ਦੀ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਕਾਰਨ ਉਸਨੂੰ 2020 ਟੋਕੀਓ ਪੈਰਾਲੰਪਿਕ 'ਚ ਹਿੱਸਾ ਲੈਣ ਦਾ ਮੌਕਾ ਮਿਲਿਆ, ਜਿੱਥੇ ਉਸਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ SH1 ਈਵੈਂਟ 'ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ। ਦਸ ਦਈਏ ਕਿ ਉਹ ਪੈਰਾਲੰਪਿਕ 'ਚ ਸੋਨ ਤਗਮਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣ ਗਈ ਹੈ। ਨਾਲ ਹੀ ਉਸ ਨੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ SH1 ਸ਼੍ਰੇਣੀ 'ਚ ਕਾਂਸੀ ਦਾ ਤਗ਼ਮਾ ਵੀ ਜਿੱਤਿਆ। ਅਵਨੀ ਦੀ ਇਹ ਪ੍ਰਾਪਤੀ ਖੇਡਾਂ 'ਚ ਹੀ ਨਹੀਂ ਸਗੋਂ ਸਮਾਜਿਕ ਅਤੇ ਮਾਨਸਿਕ ਹੱਦਾਂ ਵੀ ਪਾਰ ਕਰ ਗਈ।
ਸਾਲ 2022 'ਚ ਅਵਨੀ ਨੇ ਪੈਰਾ ਸ਼ੂਟਿੰਗ ਵਰਲਡ ਕੱਪ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਅਵਨੀ ਨੂੰ ਉਸ ਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਲਈ ਖੇਲ ਰਤਨ ਪੁਰਸਕਾਰ, ਯੰਗ ਇੰਡੀਅਨ ਆਫ ਦਿ ਈਅਰ, ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
ਅਵਨੀ ਲੇਖਾਰਾ ਦੀ ਸਿੱਖਿਆ : ਅਵਨੀ ਨੇ ਜੈਪੁਰ ਕੇਂਦਰੀ ਵਿਦਿਆਲਿਆ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ। ਫਿਰ ਰਾਜਸਥਾਨ ਤੋਂ ਹੀ ਕਾਨੂੰਨ ਦੀ ਪੜ੍ਹਾਈ ਕੀਤੀ। ਦਸ ਦਈਏ ਕਿ ਰਾਜਸਥਾਨ ਸਰਕਾਰ ਨੇ ਅਵਨੀ ਲੇਖਾਰਾ ਨੂੰ ਉਸਦੇ ਸ਼ਾਨਦਾਰ ਖੇਡ ਪ੍ਰਦਰਸ਼ਨ ਲਈ ਸਹਾਇਕ ਜੰਗਲਾਤ ਕੰਜ਼ਰਵੇਟਰ ਨਿਯੁਕਤ ਕੀਤਾ ਹੋਇਆ ਹੈ।