ਅੰਮ੍ਰਿਤਧਾਰੀ ਕਿਸਾਨਾਂ ਨੂੰ ਹਵਾਈ ਸਫਰ ਤੋਂ ਰੋਕਣਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਸੰਵਿਧਾਨਕ ਅਧਿਕਾਰਾਂ ਦਾ ਹਨਨ : ਜਥੇਦਾਰ ਰਘਬੀਰ ਸਿੰਘ

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕ੍ਰਿਪਾਨ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਦਿੱਤੀ ਹੋਈ ਪਾਵਨ ਬਖ਼ਸ਼ਿਸ਼ ਹੈ ਅਤੇ ਭਾਰਤੀ ਸੰਵਿਧਾਨ ਵਿਚ ਮੌਲਿਕ ਰੂਪ ਵਿਚ ਸਿੱਖਾਂ ਨੂੰ ਕ੍ਰਿਪਾਨ ਪਹਿਨਣ ਦਾ ਹੱਕ ਦਿੱਤਾ ਗਿਆ ਹੈ।

By  KRISHAN KUMAR SHARMA August 26th 2024 08:40 PM -- Updated: August 26th 2024 08:42 PM

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਦਿੱਲੀ ਦੇ ਹਵਾਈ ਅੱਡੇ ‘ਤੇ ਤਿੰਨ ਅੰਮ੍ਰਿਤਧਾਰੀ ਕਿਸਾਨ ਆਗੂਆਂ ਨੂੰ ਕ੍ਰਿਪਾਨ ਪਹਿਨ ਕੇ ਘਰੇਲੂ ਉਡਾਣ ਵਿੱਚ ਹਵਾਈ ਸਫਰ ਕਰਨ ਤੋਂ ਰੋਕਣ ਨੂੰ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਅਧਿਕਾਰਾਂ ਦਾ ਹਨਨ ਕਰਾਰ ਦਿੱਤਾ ਹੈ। 

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕ੍ਰਿਪਾਨ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਦਿੱਤੀ ਹੋਈ ਪਾਵਨ ਬਖ਼ਸ਼ਿਸ਼ ਹੈ ਅਤੇ ਭਾਰਤੀ ਸੰਵਿਧਾਨ ਵਿਚ ਮੌਲਿਕ ਰੂਪ ਵਿਚ ਸਿੱਖਾਂ ਨੂੰ ਕ੍ਰਿਪਾਨ ਪਹਿਨਣ ਦਾ ਹੱਕ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖਾਂ ਨੂੰ ਭਾਰਤ ਦੀਆਂ ਘਰੇਲੂ ਉਡਾਣਾਂ ਵਿਚ ਵੀ ਨਿਰਧਾਰਿਤ ਆਕਾਰ ਦੀ ਕ੍ਰਿਪਾਨ ਪਹਿਨ ਕੇ ਹਵਾਈ ਸਫਰ ਕਰਨ ਦਾ ਕਾਨੂੰਨੀ ਅਧਿਕਾਰ ਦਿੱਤਾ ਗਿਆ ਹੈ ਪਰ ਅੱਜ ਦਿੱਲੀ ਦੇ ਹਵਾਈ ਅੱਡੇ ‘ਤੇ ਤਿੰਨ ਅੰਮ੍ਰਿਤਧਾਰੀ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ, ਸੁਖਦੇਵ ਸਿੰਘ ਭੋਜਰਾਜ ਅਤੇ ਬਲਦੇਵ ਸਿੰਘ ਸਿਰਸਾ ਨੂੰ ਕ੍ਰਿਪਾਨ ਪਹਿਨ ਕੇ ਸੁਰੱਖਿਆ ਅਧਿਕਾਰੀਆਂ ਵਲੋਂ ਹਵਾਈ ਸਫਰ ਕਰਨ ਤੋਂ ਰੋਕਣਾ ਬੇਹੱਦ ਨਿੰਦਣਯੋਗ ਅਤੇ ਸਿੱਖਾਂ ਦੇ ਮੌਲਿਕ ਤੇ ਸੰਵਿਧਾਨਿਕ ਅਧਿਕਾਰ ਦੀ ਉਲੰਘਣਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਦਿੱਲੀ ਹਵਾਈ ਅੱਡੇ ‘ਤੇ ਤਿੰਨ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਹਿਨ ਕੇ ਹਵਾਈ ਸਫਰ ਤੋਂ ਰੋਕ ਕੇ ਸੰਵਿਧਾਨਿਕ ਤੇ ਕਾਨੂੰਨੀ ਉਲੰਘਣਾ ਕਰਨ ਵਾਲੇ ਸੁਰੱਖਿਆ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਹੋਈ ਗਲਤੀ ਲਈ ਹਵਾਈ ਅੱਡਾ ਅਥਾਰਿਟੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।

Related Post