ਕੌਮੀ ਇਨਸਾਫ਼ ਮੋਰਚੇ 'ਚ ਪਹੁੰਚੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ 'ਤੇ ਪਥਰਾਅ

ਮੁਹਾਲੀ-ਚੰਡੀਗੜ੍ਹ ਸਥਿਤ ਕੌਮੀ ਇਨਸਾਫ਼ ਮੋਰਚਾ 'ਚ ਆਪਣੀ ਹਾਜ਼ਰੀ ਲਵਾਉਣ ਪਹੁੰਚੇ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਗੱਡੀ 'ਤੇ ਪਥਰਾਅ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।

By  Jasmeet Singh January 18th 2023 03:07 PM -- Updated: January 18th 2023 04:57 PM

ਮੁਹਾਲੀ, 18 ਜਨਵਰੀ: ਮੁਹਾਲੀ-ਚੰਡੀਗੜ੍ਹ ਬਾਰਡਰ ਸਥਿਤ ਕੌਮੀ ਇਨਸਾਫ਼ ਮੋਰਚਾ 'ਚ ਆਪਣੀ ਹਾਜ਼ਰੀ ਲਵਾਉਣ ਪਹੁੰਚੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਗੱਡੀ 'ਤੇ ਪਥਰਾਅ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਮੋਰਚੇ 'ਚ ਸ਼ਾਮਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਗੱਡੀ ਦੇ ਸ਼ੀਸ਼ਿਆਂ ਦੀ ਭੰਨਤੋੜ ਕੀਤੀ ਗਈ ਹੈ। 



ਘਟਨਾ ਨਾਲ ਸਾਂਝੇ ਯਤਨਾ ਨੂੰ ਲੱਗੇਗੀ ਢਾਹ - ਜਥੇਦਾਰ 

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਮੇਟੀ ਪ੍ਰਧਾਨ ਦੀ ਗੱਡੀ 'ਤੇ ਹੋਏ ਹਮਲੇ ਨੂੰ ਮਾੜਾ ਦੱਸਦਿਆਂ ਕਿਹਾ ਕਿ ਅੱਜ ਮੋਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਦੀ ਭੰਨ ਤੋੜ ਮੰਦਭਾਗਾ ਵਰਤਾਰਾ। ਬੰਦੀ ਸਿੰਘਾਂ ਦੀ ਰਿਹਾਈ ਦੇ ਯਤਨ ਆਪਸੀ ਮੱਤਭੇਦਾਂ ਤੋਂ ਉਪਰ ਉਠ ਕੇ ਕਰਨੇ ਚਾਹੀਦੇ ਹਨ। ਇਸ ਘਟਨਾ ਨਾਲ ਰਿਹਾਈ ਲਈ ਕੀਤੇ ਜਾ ਰਹੇ ਸਾਂਝੇ ਯਤਨਾ ਨੂੰ ਢਾਹ ਲੱਗੀ ਹੈ।

ਅਕਾਲੀ ਦਲ ਪ੍ਰਧਾਨ ਨੇ ਘਟਨਾ ਦੀ ਕੀਤੀ ਨਖੇਦੀ 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਘਟਨਾ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ "ਮੁਹਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਚ.ਐਸ.ਧਾਮੀ ਜੀ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕਰਦਾ ਹਾਂ। ਹਮਲਾ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਸਥਾਵਾਂ ਨੂੰ ਤਬਾਹ ਕਰਨ 'ਤੇ ਤੁਲੀਆਂ ਏਜੰਸੀਆਂ ਦੀ ਸਾਜ਼ਿਸ਼ ਦਾ ਹਿੱਸਾ ਹੈ। ਬੰਦੀ ਸਿੰਘਾਂ ਦੀ ਜਲਦੀ ਰਿਹਾਈ ਲਈ ਸੰਘਰਸ਼ ਕਰਨ ਦੇ ਆਪਣੇ ਸੰਕਲਪ ਨੂੰ ਕਮਜ਼ੋਰ ਕਰਨ ਲਈ ਖਾਲਸਾ ਪੰਥ ਅਜਿਹੀਆਂ ਕਾਇਰਤਾ ਭਰੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰੇਗਾ।"



ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਸਖਤ ਸ਼ਬਦਾਂ 'ਚ ਨਿਖੇਧੀ 

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਐਡਵੋਕੇਟ ਧਾਮੀ 'ਤੇ ਹੋਏ ਹਮਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਲੰਬੇ ਸਮੇਂ ਤੋਂ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਧਰਨੇ 'ਚ ਸ਼ਮਿਲ ਹੋਣ ਲਈ ਪ੍ਰਬੰਧਕਾਂ ਵੱਲੋਂ ਹੀ ਧਾਮੀ ਨੂੰ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ SGPC ਪ੍ਰਧਾਨ 'ਤੇ ਹੋਏ ਹਮਲੇ ਦੇ ਪ੍ਰਬੰਧਕ ਜ਼ਿੰਮੇਵਾਰ ਨੇ ਤੇ ਉਨ੍ਹਾਂ ਨੂੰ ਇਸਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਮੇਟੀ ਪ੍ਰਸ਼ਾਸਨ ਤੋਂ ਇਨਸਾਫ਼ ਦੀ ਭੀਖ ਨਹੀਂ ਮੰਗੇਗੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ 'ਤੇ ਇਸ ਹਮਲੇ ਦਾ ਕੋਈ ਨਕਾਰਾਤਮਕ ਅਸਰ ਨਹੀਂ ਪੈਣ ਵਾਲਾ ਹੈ।

ਇਸ ਦੇ ਨਾਲ ਹੀ ਹੁਣ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਸ਼ਾਮ 4.30 ਵਜੇ ਸੈਕਟਰ 5 ਚੰਡੀਗੜ੍ਹ ਸਥਿਤ ਐਸਜੀਪੀਸੀ ਸਬ ਆਫਿਸ ਵਿਖੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ। 


ਹੋਰ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ....

Related Post