Hathras Accident: ਹਾਥਰਸ 'ਚ ਸਤਿਸੰਗ ਦੌਰਾਨ ਮਚੀ ਭਗਦੜ, 115 ਤੋਂ ਵੱਧ ਸ਼ਰਧਾਲੂਆਂ ਦੀ ਮੌਤ, CM ਯੋਗੀ ਨੇ ਦੱਸੀ ਹਾਦਸੇ ਦੀ ਅਸਲ ਵਜ੍ਹਾ

ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਇੱਕ ਪਿੰਡ ਵਿੱਚ ਭੋਲੇ ਬਾਬਾ ਦੇ ਸਤਿਸੰਗ ਦਾ ਆਯੋਜਨ ਕੀਤਾ ਗਿਆ ਸੀ, ਇਸ ਸਤਿਸੰਗ ਵਿੱਚ ਅਚਾਨਕ ਭਗਦੜ ਮੱਚਣ ਕਾਰਨ 115 ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ।

By  Dhalwinder Sandhu July 2nd 2024 04:47 PM -- Updated: July 2nd 2024 09:43 PM

Hathras Accident: ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਸਤਿਸੰਗ ਦੌਰਾਨ ਮਚੀ ਭਗਦੜ ਕਾਰਨ 115 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਹ ਸਤਿਸੰਗ ਮੰਗਲਵਾਰ ਨੂੰ ਸਿਕੰਦਰ ਰਾਉ ਦੇ ਫੁੱਲਰਾਏ ਦੇ ਰਤੀਭਾਨਪੁਰ ਵਿਖੇ ਕਰਵਾਇਆ ਗਿਆ। ਭਗਦੜ ਤੋਂ ਬਾਅਦ ਸ਼ਰਧਾਲੂਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। 

116 ਲੋਕਾਂ ਦੇ ਮਰਨ ਦੀ ਹੋਈ ਪੁਸ਼ਟੀ

ਅਲੀਗੜ੍ਹ ਦੇ ਕਮਿਸ਼ਨਰ ਚੈਤਰਾ ਵੀ ਨੇ ਕਿਹਾ ਕਿ 116 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ। 18 ਲੋਕ ਜ਼ਖਮੀ ਹਨ। ਅਲੀਗੜ੍ਹ ਜ਼ਿਲ੍ਹੇ ਵਿੱਚ ਜ਼ਖਮੀਆਂ ਦਾ ਇਲਾਜ ਜਾਰੀ ਹੈ। ਮੁੱਢਲੀ ਜਾਂਚ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਦੱਸੀ ਹਾਦਸੇ ਦੀ ਅਸਰ ਵਜ੍ਹਾ

ਇਸ ਸਬੰਧੀ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਪ੍ਰੋਗਰਾਮ ਤੋਂ ਬਾਅਦ ਜਦੋਂ ਸਤਿਸੰਗ ਪ੍ਰਚਾਰਕ ਸਟੇਜ ਤੋਂ ਹੇਠਾਂ ਉਤਰ ਰਹੇ ਸਨ ਤਾਂ ਅਚਾਨਕ ਸ਼ਰਧਾਲੂਆਂ ਦੀ ਭੀੜ ਉਨ੍ਹਾਂ ਦੇ ਪੈਰ ਛੂਹਣ ਲਈ ਉਨ੍ਹਾਂ ਵੱਲ ਵਧਣ ਲੱਗੀ ਅਤੇ ਜਦੋਂ ਸੇਵਾਦਾਰਾਂ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਥੇ ਹੀ ਇਹ ਹਾਦਸਾ ਵਾਪਰ ਗਿਆ।


115 ਤੋਂ ਵੱਧ ਲੋਕਾਂ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਪਿੰਡ ਫੁੱਲਰਾਈ 'ਚ ਭੋਲੇ ਬਾਬਾ ਦਾ ਸਤਿਸੰਗ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਸਨ। ਪ੍ਰੋਗਰਾਮ ਦੌਰਾਨ ਹੀ ਅੱਤ ਦੀ ਗਰਮੀ ਅਤੇ ਹੁੰਮਸ ਕਾਰਨ ਸ਼ਰਧਾਲੂਆਂ ਵਿੱਚ ਭਗਦੜ ਮੱਚ ਗਈ। ਭਗਦੜ ਵਿੱਚ ਹੁਣ ਤੱਕ 115 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਖਮੀਆਂ ਨੂੰ ਤੁਰੰਤ ਕਮਿਊਨਿਟੀ ਸੈਂਟਰ ਸਮੇਤ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਗੰਭੀਰ ਜ਼ਖਮੀਆਂ ਨੂੰ ਉਚੇਰੀ ਕੇਂਦਰ ਰੈਫਰ ਕਰ ਦਿੱਤਾ ਗਿਆ ਹੈ।


ਹਰ ਮੰਗਲਵਾਰ ਨੂੰ ਹੁੰਦੀ ਹੈ ਸਤਿਸੰਗ

ਭੋਲੇ ਬਾਬਾ ਦੇ ਨਾਂ ਨਾਲ ਮਸ਼ਹੂਰ ਬਾਬਾ ਸਾਕਰ ਵਿਸ਼ਵ ਹਰੀ ਦਾ ਸਤਿਸੰਗ ਹਰ ਮੰਗਲਵਾਰ ਰਤੀਭਾਨਪੁਰ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਇਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ। ਜ਼ਿਆਦਾਤਰ ਸ਼ਰਧਾਲੂ ਏਟਾ ਅਤੇ ਹਾਥਰਸ ਦੇ ਵਸਨੀਕ ਹਨ।

ਸੀਐਮ ਯੋਗੀ ਨੇ ਲਿਆ ਨੋਟਿਸ

ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਭਿਆਨਕ ਹਾਦਸੇ ਦਾ ਨੋਟਿਸ ਲਿਆ ਹੈ। ਉਨ੍ਹਾਂ ਨੇ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਸੀਐਮ ਯੋਗੀ ਨੇ ਸਾਰੇ ਅਧਿਕਾਰੀਆਂ ਨੂੰ ਮੌਕੇ 'ਤੇ ਪਹੁੰਚਣ ਅਤੇ ਰਾਹਤ ਕਾਰਜਾਂ ਨੂੰ ਤੁਰੰਤ ਪ੍ਰਭਾਵ ਨਾਲ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਖਮੀਆਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਸੀਐਮ ਯੋਗੀ ਦੇ ਨਿਰਦੇਸ਼ਾਂ 'ਤੇ ਘਟਨਾ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ। ਅਲੀਗੜ੍ਹ ਡਿਵੀਜ਼ਨ ਦੇ ਸੀਨੀਅਰ ਅਧਿਕਾਰੀਆਂ ਦੀ ਕਮੇਟੀ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ। ਇਸ ਕਮੇਟੀ ਵਿੱਚ ਏਡੀਜੀ ਆਗਰਾ ਅਤੇ ਕਮਿਸ਼ਨਰ ਅਲੀਗੜ੍ਹ ਦੀ ਪ੍ਰਧਾਨਗੀ ਵਿੱਚ ਇੱਕ ਕਮੇਟੀ ਬਣਾਈ ਗਈ ਹੈ।


ਇਹ ਵੀ ਪੜ੍ਹੋ: Heroin seizes: ਪੁਲਿਸ ਨੇ 35 ਕਰੋੜ ਦੀ ਹੈਰੋਇਨ ਕੀਤੀ ਬਰਾਮਦ, 3 ਸਮੱਗਲਰ ਵੀ ਕੀਤੇ ਗ੍ਰਿਫਤਾਰ

Related Post