ਟਰੱਸਟ ਵੱਲੋਂ ਸ਼ਰਧਾਲੂਆਂ ਨੂੰ ਇਸ ਤਾਰੀਖ਼ ਤੋਂ ਪਹਿਲਾਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀ ਬੇਨਤੀ, ਜਾਣੋ ਕਿਉਂ?
ਦੇਹਰਾਦੂਨ: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਸਾਲ 20 ਮਈ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਉਦਘਾਟਨ ਸਮੇਂ ਭਾਰੀ ਬਰਫਬਾਰੀ ਅਤੇ ਉਸ ਤੋਂ ਬਾਅਦ ਬਦਲਦੇ ਮੌਸਮ ਅਤੇ ਬਾਰਸ਼ ਦੇ ਬਾਵਜੂਦ ਹੁਣ ਤੱਕ ਲਗਭਗ 2,27,500 ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਚੁੱਕੇ ਹਨ।
ਟਰੱਸਟੀਆਂ ਨੇ ਪ੍ਰਸ਼ਾਸਨ ਦੀ ਸਲਾਹ ਨਾਲ ਗੁਰਦੁਆਰਾ ਸਾਹਿਬ ਦੇ ਦੁਆਰ ਬੰਦ ਦਾ ਫੈਸਲਾ ਕੀਤਾ ਹੈ ਅਤੇ ਸਾਲ 2023 ਲਈ ਯਾਤਰਾ 11 ਅਕਤੂਬਰ ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਬੰਦ ਕਰਨ ਦਾ ਐਲਾਨ ਕੀਤਾ ਹੈ।
ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦਾ ਕਹਿਣਾ ਕਿ ਜੁਲਾਈ ਅਤੇ ਅਗਸਤ ਦੇ ਮਹੀਨਿਆਂ ਵਿੱਚ ਰਾਜ ਭਰ ਵਿੱਚ ਯਾਤਰਾ ਵਿੱਚ ਕਮੀ ਦੇਖੀ ਗਈ। ਹਾਲਾਂਕਿ ਹੁਣ ਮੌਸਮ ਖੁੱਲ੍ਹਣ ਨਾਲ ਸ਼ਰਧਾਲੂਆਂ ਦੀ ਭੀੜ ਵਧ ਗਈ ਹੈ।
ਬ੍ਰਹਮਕਮਲ ਫੁੱਲਾਂ ਦੀ ਇੱਕ ਪ੍ਰਜਾਤੀ ਜਿਸਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਸਿਰਫ ਹਿਮਾਲਿਆ ਦੇ ਉੱਪਰਲੇ ਹਿੱਸੇ ਵਿੱਚ ਪਾਇਆ ਜਾਂਦਾ ਹੈ, ਹੇਮਕੁੰਟ ਘਾਟੀ ਵਿੱਚ ਫੁੱਲਾਂ ਦੀ ਘਾਟੀ ਵਿੱਚ ਦੇਖੇ ਜਾਣ ਵਾਲੇ ਹੋਰ ਕਈ ਕਿਸਮਾਂ ਦੇ ਫੁੱਲਾਂ ਦੇ ਨਾਲ ਪੂਰੀ ਤਰ੍ਹਾਂ ਖਿੜਿਆ ਹੋਇਆ ਹੈ।
ਪ੍ਰਬੰਧਕਾਂ ਵੱਲੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਉਹ ਹੁਣੇ ਹੀ ਦਰਸ਼ਨ ਕਰ ਲੈਣ ਕਿਉਂਕਿ ਬੰਦ ਹੋਣ ਤੋਂ ਪਹਿਲਾਂ ਬਹੁਤ ਘੱਟ ਸਮਾਂ ਬਚਿਆ ਹੈ। ਯਾਤਰੀਆਂ ਦੀ ਸਹੂਲਤ ਲਈ ਗੋਬਿੰਦਘਾਟ ਤੋਂ ਘਗੜੀਆ ਤੱਕ ਹੈਲੀਕਾਪਟਰ ਸੇਵਾਵਾਂ ਵੀ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਕਾਬਲੇਗੌਰ ਹੈ ਕਿ ਮੈਨੇਜਮੈਂਟ ਟਰੱਸਟ ਯਾਤਰਾ ਦੀ ਦੇਖ-ਰੇਖ ਕਰਦਾ ਹੈ ਅਤੇ ਹਰਿਦੁਆਰ ਤੋਂ ਅੱਗੇ ਆਉਣ ਵਾਲੇ ਸਾਰੇ ਗੁਰਦੁਆਰਿਆਂ ਅਤੇ ਧਰਮਸ਼ਾਲਾਵਾਂ ਵਿੱਚ ਬੋਰਡਿੰਗ ਅਤੇ ਰਿਹਾਇਸ਼ ਦੀਆਂ ਸਹੂਲਤਾਂ ਰੱਖਦਾ ਹੈ।
ਉਨ੍ਹਾਂ ਦਾ ਕਹਿਣਾ ਕਿ ਸ਼ਰਧਾਲੂਆਂ ਦੀ ਵੱਧ ਰਹੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਗੋਬਿੰਦਘਾਟ ਤੋਂ ਰੋਪਵੇਅ ਦੇ ਚਾਲੂ ਹੋਣ ਤੋਂ ਬਾਅਦ ਕਈ ਗੁਣਾ ਵਾਧੇ ਦੀ ਉਮੀਦ ਕਰਦੇ ਹੋਏ ਟਰੱਸਟ ਹੁਣ ਰਤੁਰਾ ਪਿੰਡ (ਰੁਦਰਪ੍ਰਯਾਗ ਜ਼ਿਲ੍ਹਾ) ਵਿਖੇ ਇੱਕ ਗੁਰਦੁਆਰਾ ਅਤੇ ਧਰਮਸ਼ਾਲਾ ਬਣਾ ਰਿਹਾ ਹੈ, ਜੋ ਰਿਸ਼ੀਕੇਸ਼ ਤੋਂ ਗੋਬਿੰਦਘਾਟ ਦੇ ਵਿਚਕਾਰ ਹੈ।
ਇਹ ਵੀ ਪੜ੍ਹੋ: ਸ੍ਰੀ ਹੇਮਕੁੰਟ ਸਾਹਿਬ ਦਾ ਅਲੌਕਿਕ ਨਜ਼ਾਰਾ; ਨਵੀਆਂ ਤਸਵੀਰਾਂ ਆਈਆਂ ਸਾਹਮਣੇ