Fatehgarh Sahib News : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ 'ਚ ਦੋਸ਼ੀ ਨੂੰ 5 ਸਾਲ ਦੀ ਸਜ਼ਾ ਤੇ ਜੁਰਮਾਨਾ

Guru Granth Sahib beadbi case : ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਅਦਾਲਤ ਵੱਲੋਂ ਇੱਕ ਕੇਸ ਵਿੱਚ ਤਿੰਨ ਸਾਲ ਅਤੇ ਦੂਸਰੇ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਦੋਂ ਕਿ ਪੰਜ ਪੰਜ ਹਜਾਰ ਰੁਪਏ ਕੁੱਲ 10,000 ਜੁਰਮਾਨਾ ਸੁਣਾਇਆ ਗਿਆ ਹੈ।

By  KRISHAN KUMAR SHARMA November 5th 2024 06:30 PM

Guru Granth Sahib beadbi case : ਫ਼ਤਿਹਗੜ੍ਹ ਸਾਹਿਬ ਦੇ ਪਿੰਡ ਜੱਲਾ ਅਤੇ ਤਰਖਾਣ ਮਾਜਰਾ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਆਰੋਪੀ ਨੂੰ ਫਤਿਹਗੜ੍ਹ ਸਾਹਿਬ ਦੀ ਅਦਾਲਤ ਵੱਲੋਂ ਪੰਜ ਸਾਲ ਦੀ ਸਜ਼ਾ ਅਤੇ 10,000 ਜੁਰਮਾਨਾ ਸੁਣਾਇਆ ਗਿਆ ਹੈ। 

ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਆਰੋਪੀ ਨੂੰ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਫਤਿਹਗੜ੍ਹ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਕੇਸ ਦੀ ਪੈਰਵੀ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਵੱਲੋਂ ਕੀਤੀ ਗਈ ਤੇ ਤਕਰੀਬਨ ਚਾਰ ਸਾਲ ਬਾਅਦ ਇਸ ਕੇਸ ਦਾ ਫੈਸਲਾ ਅਦਾਲਤ ਵੱਲੋਂ ਸੁਣਾਇਆ ਗਿਆ ਹੈ। ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਅਦਾਲਤ ਵੱਲੋਂ ਇੱਕ ਕੇਸ ਵਿੱਚ ਤਿੰਨ ਸਾਲ ਅਤੇ ਦੂਸਰੇ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਦੋਂ ਕਿ ਪੰਜ ਪੰਜ ਹਜਾਰ ਰੁਪਏ ਕੁੱਲ 10,000 ਜੁਰਮਾਨਾ ਸੁਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਜ਼ਾ ਨਾਲ ਨਾਲ ਚੱਲੇਗੀ।

ਉਨ੍ਹਾਂ ਦੱਸਿਆ ਕਿ ਸਰਹੰਦ ਪੁਲਿਸ ਸਟੇਸ਼ਨ ਵਿੱਚ ਦਰਜ ਕੇਸ ਦੀਆਂ ਧਰਾਵਾਂ ਤਹਿਤ  295-ਏ ਦੇ ਕੇਸ ਵਿੱਚ 3 ਸਾਲ ਦੀ ਸਜ਼ਾ ਅਤੇ 504 ਆਈਪੀਸੀ ਵਿੱਚ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਹਨਾਂ ਦੱਸਿਆ ਕਿ ਇਹ ਸਜ਼ਾ ਪਹਿਲਾਂ ਤਿੰਨ ਸਾਲ ਵਾਲੀ ਜਦੋਂ ਮੁਕੇਗੀ, ਉਸ ਤੋਂ ਬਾਅਦ ਹੀ ਦੋ ਸਾਲ ਵਾਲੀ ਸਜ਼ਾ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਸਜ਼ਾ ਦੋਵੇਂ ਕੇਸਾਂ ਦੀ ਇਕੱਠੀ ਚੱਲੇਗੀ ਪਰ ਸੈਕਸ਼ਨ ਮੁਤਾਬਕ ਪਹਿਲੀ ਸਜ਼ਾ ਪੂਰੀ ਹੋਣ ਤੋਂ ਬਾਅਦ ਦੂਸਰੀ ਸਜ਼ਾ ਸ਼ੁਰੂ ਹੋਵੇਗੀ । 

ਜ਼ਿਕਰਯੋਗ ਹੈ ਕਿ ਦੋਵਾਂ ਕੇਸਾਂ ਵਿੱਚ ਆਰੋਪੀ ਨੂੰ ਪੰਜ-ਪੰਜ ਸਾਲ ਦੀ ਸਜ਼ਾ ਅਤੇ ਪੰਜ ਪੰਜ ਹਜਾਰ ਰੁਪਏ ਜੁਰਮਾਨਾ ਸੁਣਾਇਆ ਗਿਆ ਹੈ ਤੇ ਇਹ ਸਜ਼ਾ ਇੱਕੋ ਸਮੇਂ ਚੱਲੇਗੀ ਪ੍ਰੰਤੂ ਪਹਿਲੀ ਸਜ਼ਾ ਤਿੰਨ ਸਾਲ ਦੀ ਪੂਰੀ ਹੋਣ ਤੋਂ ਬਾਅਦ ਫਿਰ ਦੋ ਸਾਲ ਦੀ ਸਜ਼ਾ ਸ਼ੁਰੂ ਹੋਵੇਗੀ।

Related Post