ਸ੍ਰੀ ਦਰਬਾਰ ਸਾਹਿਬ 'ਚ 500 ਸਾਲ ਪੁਰਾਣੀਆਂ ਬੇਰੀਆਂ ਮੁੜ ਹੋਈਆਂ ਹਰੀਆਂ, ਬੇਰ ਰੂਪੀ ਫਲਾਂ ਨਾਲ ਲੱਦੀਆਂ

By  KRISHAN KUMAR SHARMA April 4th 2024 02:33 PM

Dukh Bhajni Beri: ਸ੍ਰੀ ਦਰਬਾਰ ਸਾਹਿਬ (Golden Temple) ਦੀ ਪਰਿਕਰਮਾ 'ਚ ਮੌਜੂਦ 5 ਸਦੀਆਂ ਪੁਰਾਣੀਆਂ ਇਤਿਹਾਸਿਕ ਬੇਰੀਆਂ ਲਈ ਸੰਗਤਾਂ 'ਚ ਅਥਾਹ ਸ਼ਰਧਾ ਹੈ ਅਤੇ ਇਹ ਗੁਰੂ ਘਰ ਦਾ ਕ੍ਰਿਸ਼ਮਾ ਹੀ ਹੈ ਕਿ ਇਹ ਬੇਰੀਆਂ ਜੋ ਲਗਭਗ ਸੁੱਕ ਚੁਕੀਆਂ ਸਨ ਪਰ ਪਿਛਲੇ ਕੁੱਝ ਸਾਲਾਂ ਦੀ ਦੇਖ ਰੇਖ ਤੋਂ ਬਾਅਦ ਹੁਣ ਮੁੜ ਤੋਂ ਇਹ ਬੇਰੀਆਂ ਹਰੀਆਂ ਹੋ ਗਈਆਂ ਹਨ ਤੇ ਬੇਰਾਂ ਨਾਲ ਲੱਦੀਆਂ ਹੋਈਆਂ ਦਿਖਾਈ ਦੇ ਰਹਿਣ ਹਨ।

ਐਸਜੀਪੀਸੀ ਦੀ ਦੇਖ ਰੇਖ ਹੇਠ ਹਰੀਆਂ ਹੋਈਆਂ ਬੇਰੀਆਂ

ਦੁਖਭੰਜਨੀ ਬੇਰੀ, ਲਾਚੀ ਬੇਰ ਅਤੇ ਬੇਰ ਬਾਬਾ ਬੁੱਢਾ ਸਾਹਿਬ ਦੀ ਧਾਰਮਿਕ ਤੇ ਇਤਿਹਾਸਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਲੋਂ ਇਨ੍ਹਾਂ ਸੁੱਕ ਰਹੀਆਂ ਬੇਰੀਆਂ ਦੀ ਸਾਂਭ-ਸੰਭਾਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦੇ ਮਾਹਿਰਾਂ ਦੀ ਮਦਦ ਲਈ ਗਈ ਸੀ, ਜਿਸ ਦੇ ਨਤੀਜੇ ਵਜੋਂ ਇਹ 500 ਸਾਲ ਦੇ ਕਰੀਬ ਪੁਰਾਣੀਆਂ ਬੇਰੀਆਂ ਅੱਜ ਹਰੀਆਂ ਭਰੀਆਂ ਹਨ ਤੇ ਇਨ੍ਹਾਂ ਦੇ ਬੇਰ ਵੀ ਲੱਗੇ ਹੋਏ ਹਨ।

ਯੂਨੀਵਰਸਿਟੀ ਦੇ ਮਾਹਿਰਾਂ ਦੀ ਰਾਏ ਅਨੁਸਾਰ ਸ਼੍ਰੋਮਣੀ ਕਮੇਟੀ ਵਲੋਂ ਦੁਖ ਭੰਜਨੀ ਬੇਰੀ ਦੀ ਸਾਂਭ-ਸੰਭਾਲ ਦੇ ਮੱਦੇਨਜ਼ਰ ਬੇਰੀ ਦੇ ਆਲੇ-ਦੁਆਲੇ ਥੜ੍ਹੇ ਹਟਾ ਕੇ 2-2 ਫੁਟ ਥਾਂ ਖੁੱਲੀ ਛੱਡੀ ਗਈ ਹੈ ਤਾਂ ਜੋ ਬੇਰੀ ਦੀਆਂ ਜੜਾਂ ਤਕ ਹਵਾ ਪੁੱਜ ਸਕੇ। ਇਨ੍ਹਾਂ ਬੇਰੀਆਂ ਦੇ ਆਲੇ-ਦੁਆਲੇ ਜੰਗਲੇ ਲਗਾਏ ਗਏ ਤਾਂ ਜੋ ਸੰਗਤਾਂ ਪ੍ਰਸ਼ਾਦ ਵਾਲੇ ਥਦੇ ਹੱਥ ਨਾ ਲੱਗਾ ਸਕਣ। ਇਨ੍ਹਾਂ ਉਪਰਾਲਿਆਂ ਦੇ ਨਤੀਜੇ ਵਜੋਂ ਇਹ ਬੇਰੀਆਂ ਹਰੀਆਂ ਭਰੀਆਂ ਹਨ ਅਤੇ ਬੇਰ ਰੂਪੀ ਫਲਾਂ ਨਾਲ ਲੱਦੀਆਂ ਦਿਖਾਈ ਦੇ ਰਹੀਆਂ ਹਨ।

ਲਾਖ ਦੇ ਕੀੜਿਆਂ ਕਾਰਨ ਸੁੱਕ ਰਹੀਆਂ ਸਨ ਬੇਰੀਆਂ

ਮਾਹਿਰਾਂ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਅਸ਼ੀਰਵਾਦ ਸਦਕਾ ਇਨ੍ਹਾਂ ਇਤਿਹਾਸਿਕ ਬੇਰੀਆਂ ਦੀ ਸੰਭਾਲ ਦੀ ਸੇਵਾ ਲਗਭਗ 10 ਸਾਲ ਪਹਿਲਾਂ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੇਰੀਆਂ ਤੇ ਅਕਸਰ ਹੀ ਲਾਖ ਦੇ ਕੀੜੇ ਹਮਲਾ ਕਰਦੇ ਹਨ, ਜਿਨ੍ਹਾਂ ਦੀ ਰੋਕਥਾਮ ਲਈ ਬਹੁਤ ਜਰੂਰੀ ਹੋਣ ਤੇ ਆਰਗੈਨਿਕ ਸਪਰੇਅ ਕੀਤੀ ਜਾਂਦੀ ਹੈ। ਹੁਣ ਇਸਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ ਅਤੇ ਹੁਣ ਇਹ ਬੇਰੀਆਂ ਪੂਰੀਆਂ ਹਰੀਆਂ ਭਰੀਆਂ ਹਨ ਤੇ ਇਨ੍ਹਾਂ ਨੂੰ ਭਰਪੂਰ ਫ਼ਲ ਲੱਗ ਰਹੇ ਹਨ। ਡਾ. ਜਸਵਿੰਦਰ ਸਿੰਘ ਬਰਾੜ ਅਨੁਸਾਰ ਧੰਨ ਗੁਰੂ ਰਾਮਦਾਸ ਦੀ ਬਖਸ਼ਿਸ਼ ਸਦਕਾ 500 ਸਾਲ ਤੋਂ ਵੱਧ ਪੁਰਾਣੀਆਂ ਇਹ ਬੇਰੀਆਂ ਹਰੀਆਂ ਭਰੀਆਂ ਹਨ ਤੇ ਭਵਿੱਖ 'ਚ ਵੀ ਰਹਿੰਦੀ ਦੁਨੀਆ ਤਕ ਇਸੇ ਤਰਾਂ ਹਰੀਆਂ ਭਰੀਆਂ ਰਹਿਣਗੀਆਂ ਤੇ ਸੰਗਤ ਨੂੰ ਇਨ੍ਹਾਂ ਤੋਂ ਫਲ ਦੀ ਪ੍ਰਾਪਤੀ ਹੁੰਦੀ ਰਹੇਗੀ।

ਜ਼ਿਕਰਯੋਗ ਹੈ ਕਿ ਦੁਖ ਭੰਜਨੀ ਬੇਰੀ ਨਾਲ ਬੀਬੀ ਰਜਨੀ ਤੇ ਪਿੰਗਲੇ ਦਾ ਇਤਿਹਾਸ 'ਚ ਜਿਕਰ ਆਉਂਦਾ ਹੈ ਅਤੇ ਦਸਿਆ ਜਾਂਦਾ ਹੈ ਕਿ ਲਾਚੀ ਬੇਰ ਨਾਲ ਸ੍ਰੀ ਹਰਿਮੰਦਰ ਸਾਹਿਬ (Sri harimandir sahib) ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਕਲਮ ਕਰਨ ਆਏ ਸਿੱਖ ਯੋਧਿਆਂ ਨੇ ਆਪਣੇ ਘੋੜੇ ਬੰਨੇ ਸਨ। ਇਸੇ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੀ ਸੇਵਾ ਜਰਵਾਉਣ ਸਮੇਂ ਬੇਰ ਬਾਬਾ ਬੁੱਢਾ ਜੀ ਹੇਠ ਹੀ ਬੈਠਿਆ ਕਰਦੇ ਸਨ। ਇਸੇ ਦੇ ਚਲਦਿਆਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਮੌਜੂਦ ਇਨ੍ਹਾਂ ਬੇਰੀਆਂ ਨਾਲ ਸੰਗਤਾਂ ਦੀ ਅਥਾਹ ਸ਼ਰਧਾ ਜੁੜੀ ਹੈ।

Related Post