ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਖੁਦ ਨੋਟਿਸ ਲੈ ਕੇ ਕਰੇਗਾ ਕਾਰਵਾਈ : ਜਥੇਦਾਰ ਕੁਲਦੀਪ ਸਿੰਘ ਗੜਗਜ

Guru Granth Sahib Beadbi : ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਪਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮਾਮਲੇ ਵਿੱਚ ਭਾਵੇਂ ਸ਼ਿਕਾਇਤ ਆਵੇ ਜਾਂ ਨਾ, ਪਰ ਘਟਨਾ ਵਾਪਰਨ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਆਪ ਕਾਰਵਾਈ ਅੱਗੇ ਵਧਾਏਗਾ।

By  KRISHAN KUMAR SHARMA March 24th 2025 06:03 PM -- Updated: March 24th 2025 06:06 PM
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਖੁਦ ਨੋਟਿਸ ਲੈ ਕੇ ਕਰੇਗਾ ਕਾਰਵਾਈ : ਜਥੇਦਾਰ ਕੁਲਦੀਪ ਸਿੰਘ ਗੜਗਜ

Ludhiana News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਅੱਜ ਲੁਧਿਆਣਾ ਦੇ ਪੁਰਾਣੀ ਸਬਜ਼ੀ ਮੰਡੀ ਇਲਾਕੇ ’ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਮੂਹ ਸਿੰਘ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ, ਜਿਥੇ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿੱਚ ਅਹਿਮ ਐਲਾਨ ਕੀਤਾ।

ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਸੰਸਥਾਵਾਂ ਅੱਜ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਲੈ ਕੇ ਬੇਹੱਦ ਚਿੰਤਤ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਕਿਤੇ ਵੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਵਿੱਚ ਕਮੀ ਆਉਂਦੀ ਹੈ ਅਤੇ ਬੇਅਦਬੀ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਉਸ ਉੱਤੇ ਖੁਦ ਨੋਟਿਸ ਲੈ ਕੇ ਸਖ਼ਤ ਕਾਰਵਾਈ ਕਰੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮਾਮਲੇ ਵਿੱਚ ਭਾਵੇਂ ਸ਼ਿਕਾਇਤ ਆਵੇ ਜਾਂ ਨਾ, ਪਰ ਘਟਨਾ ਵਾਪਰਨ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਆਪ ਕਾਰਵਾਈ ਅੱਗੇ ਵਧਾਏਗਾ। ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਗੁਰੂ ਸਾਹਿਬ ਦੇ ਸਤਿਕਾਰ ਅਤੇ ਮਾਣ ਮਰਯਾਦਾ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਤੈਅ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ।

ਜਥੇਦਾਰ ਗੜਗਜ ਨੇ ਬੀਤੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲਦੇ ਸੋਦਰ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇੱਕ ਵਿਅਕਤੀ ਵੱਲੋਂ ਜੰਗਲਾ ਟੱਪ ਕੇ ਬੇਅਦਬੀ ਦੇ ਮਾਮਲੇ ਵਿੱਚ ਸਰਕਾਰ ਉੱਤੇ ਸਵਾਲ ਚੁੱਕੇ। ਉਨ੍ਹਾਂ ਪੁੱਛਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਸ ਦੋਸ਼ੀ ਦੀ ਪਛਾਣ ਡੀਐੱਨਏ ਟੈਸਟ ਰਾਹੀਂ ਕਰਵਾਉਣ ਲਈ ਕੀਤੀ ਮੰਗ ਦੇ ਬਾਵਜੂਦ ਹੁਣ ਤੱਕ ਸਰਕਾਰ ਉਸ ਦੀ ਪਛਾਣ ਨਸ਼ਰ ਕਿਉਂ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਉਸ ਵਿਅਕਤੀ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਨੂੰ ਨਸ਼ਰ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਉਨ੍ਹਾਂ ਸਮੁੱਚੇ ਪੰਥ ਨੂੰ ਇਸ ਸਬੰਧੀ ਅਵਾਜ਼ ਬੁਲੰਦ ਕਰਨ ਲਈ ਕਿਹਾ।

ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਏਕਤਾ ਦਾ ਸੱਦਾ ਦਿੰਦਿਆਂ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਅੱਜ ਜੋ ਚੁਣੌਤੀਆਂ ਹਨ ਉਨ੍ਹਾਂ ਦਾ ਟਾਕਰਾ ਗੁਰੂ ਦੇ ਇੱਕਜੁੱਟਤਾ ਵਾਲੇ ਸਿਧਾਂਤ ਨਾਲ ਹੀ ਸੰਭਵ ਹੈ।

ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਕਿਹਾ ਕਿ ਜਿਹੜੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤੇ ਦੇਹਧਾਰੀ ਗੁਰੂ ਡੰਮ ਅੱਗੇ ਨਤਮਸਤਕ ਹੁੰਦੇ ਹਨ ਅਤੇ ਅੰਮ੍ਰਿਤ ਵੀ ਨਹੀਂ ਛਕਦੇ ਅੱਜ ਉਹ ਵੀ ਸਿੱਖ ਸੰਸਥਾ ਦੇ ਵਿਰੋਧ ਦੀ ਗੱਲ ਕਰ ਰਹੇ ਹਨ। ਉਨ੍ਹਾਂ ਸਿੱਖ ਸੰਸਥਾਵਾਂ ਨੂੰ ਚੁਣੌਤੀਆਂ ਦੇ ਮੱਦੇਨਜ਼ਰ ਇੱਕ ਵਾਰ ਫਿਰ ਪੰਥਕ ਏਕਤਾ ਦੀ ਪੁਰਜ਼ੋਰ ਅਪੀਲ ਕੀਤੀ।

ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆ ਉੱਤੇ ਗੱਲ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਕਿਹਾ ਕਿ ਕੇਵਲ ਪੰਥ ਹੀ ਨਸ਼ਿਆਂ ਨੂੰ ਰੋਕ ਸਕਦਾ ਹੈ ਅਤੇ ਪੰਥ ਤੋਂ ਬਿਨਾਂ ਬਾਕੀ ਸਭ ਸਿੱਖਾਂ ਦੀ ਬਰਬਾਦੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’ ਸਿਧਾਂਤ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਅਗਾਂਹ ਵਧਾਈਏ, ਕਿਉਂਕਿ ਹਰ ਸਿੱਖ ਇੱਕ ਪ੍ਰਚਾਰਕ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾ ਸਕਦਾ ਅਤੇ ਨਸ਼ਿਆਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ।

ਅੰਤ ਵਿੱਚ ਉਨ੍ਹਾਂ ਖ਼ਾਲਸਾ ਪੰਥ ਨੂੰ ਬਚਨ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਿੱਖਾਂ ਨੂੰ ਜਾਨੋਂ ਵੱਧ ਪਿਆਰੇ ਹਨ ਅਤੇ ਜਿਹੜੀਆਂ ਵੀ ਪੰਥ-ਵਿਰੋਧੀ ਤਾਕਤਾਂ ਇਨ੍ਹਾਂ ਗੁਰੂ ਘਰਾਂ ਉੱਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਦੇ ਲਈ ਹਰ ਸਿੱਖ ਨੂੰ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਥ ਨੂੰ ਵੰਡਣ ਵਾਲੀਆਂ ਸ਼ਕਤੀਆਂ ਜਿੰਨਾਂ ਮਰਜ਼ੀ ਵੰਡਣ ਦੀਆਂ ਕੋਸ਼ਿਸ਼ਾਂ ਕਰ ਲੈਣ ਪਰ ਗੁਰੂ ਦਾ ਪੰਥ ਇਨ੍ਹਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ ਅਤੇ ਇੱਕਜੁੱਟਤਾ ਨਾਲ ਟਾਕਰਾ ਕਰੇਗਾ।

Related Post