ਹਰਿਆਣਾ ਦੇ ਖੇਡ ਮੰਤਰੀ ਨੇ ਦਿੱਤਾ ਅਸਤੀਫਾ

By  Pardeep Singh January 1st 2023 01:24 PM

ਹਰਿਆਣਾ : ਹਰਿਆਣਾ ਦੇ ਖੇਡ ਮੰਤਰੀ ਅਤੇ ਓਲੰਪੀਅਨ ਸੰਦੀਪ ਸਿੰਘ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਐਤਵਾਰ ਨੂੰ ਇਸ ਗੱਲ ਦਾ ਖੁਲਾਸਾ ਹੋਇਆ ਕਿ ਚੰਡੀਗੜ੍ਹ 'ਚ ਮਹਿਲਾ ਕੋਚ ਦੇ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸਾਬਕਾ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਨੇ ਸਵੇਰੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਅਸਤੀਫਾ ਸੌਂਪ ਦਿੱਤਾ। ਸੰਦੀਪ ਨੇ ਕਿਹਾ ਕਿ ਉਸ 'ਤੇ ਲੱਗੇ ਇਲਜ਼ਾਮ ਇਕ ਸਾਜ਼ਿਸ਼ ਹਨ।

ਅਸਤੀਫਾ ਦੇਣ ਤੋਂ ਬਾਅਦ ਸੰਦੀਪ ਸਿੰਘ ਨੇ ਕਿਹਾ ਕਿ ਮੇਰਾ ਅਕਸ ਖਰਾਬ ਕਰਨ ਲਈ ਮਾਹੌਲ ਬਣਾਇਆ ਜਾ ਰਿਹਾ ਹੈ। ਇਕ ਜੂਨੀਅਰ ਮਹਿਲਾ ਕੋਚ ਨੇ ਮੇਰੇ 'ਤੇ ਇਲਜ਼ਾਮ ਲਗਾਏ ਹਨ। ਨੈਤਿਕਤਾ ਦੇ ਆਧਾਰ 'ਤੇ ਮੈਂ ਆਪਣਾ ਖੇਡ ਵਿਭਾਗ ਮੁੱਖ ਮੰਤਰੀ ਨੂੰ ਸੌਂਪਿਆ ਹੈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਮਾਮਲੇ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੁੱਖ ਮੰਤਰੀ ਅਗਲਾ ਫੈਸਲਾ ਲੈਣਗੇ।


ਖੇਡ ਵਿਭਾਗ ਦੇ ਜੂਨੀਅਰ ਮਹਿਲਾ ਕੋਚ ਨੇ ਸੰਦੀਪ ਖਿਲਾਫ ਸ਼ਿਕਾਇਤ ਕੀਤੀ ਸੀ। ਜਿਸ 'ਚ ਖੇਡ ਮੰਤਰੀ 'ਤੇ ਉਨ੍ਹਾਂ ਨਾਲ ਛੇੜਛਾੜ ਕਰਨ ਅਤੇ ਧਮਕੀਆਂ ਦੇਣ ਦੇ ਇਲਜ਼ਾਮ ਲੱਗੇ ਸਨ।ਚੰਡੀਗੜ੍ਹ ਦੇ ਸੈਕਟਰ 26 ਥਾਣੇ ਵਿੱਚ ਦਰਜ ਕੇਸ ਵਿੱਚ ਆਈਪੀਸੀ ਦੀਆਂ ਧਾਰਾਵਾਂ 354, 354ਏ, 354ਬੀ, 342 ਅਤੇ 506 ਦੀ ਕਾਰਵਾਈ ਕੀਤੀ ਗਈ ਹੈ। ਚੰਡੀਗੜ੍ਹ ਪੁਲੀਸ ਅਨੁਸਾਰ ਕੇਸ ਦਰਜ ਕਰਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਖੇਡ ਮੰਤਰੀ ਸੰਦੀਪ ਸਿੰਘ 'ਤੇ ਜੂਨੀਅਰ ਮਹਿਲਾ ਕੋਚ ਦੇ ਇਲਜ਼ਾਮ ਲੱਗਣ ਤੋਂ ਬਾਅਦ ਡੀਜੀਪੀ ਨੇ ਐਸਆਈਟੀ ਦਾ ਗਠਨ ਕੀਤਾ ਹੈ। ਜਿਸ ਵਿੱਚ ਆਈਪੀਐਸ ਮਮਤਾ ਸਿੰਘ ਅਤੇ ਸਮਰ ਪ੍ਰਤਾਪ ਸਿੰਘ ਦੇ ਨਾਲ ਐਚਪੀਐਸ ਰਾਜ ਕੁਮਾਰ ਕੌਸ਼ਿਕ ਨੂੰ ਸ਼ਾਮਿਲ ਕੀਤਾ ਗਿਆ ਹੈ। ਮਮਤਾ ਸਿੰਘ ਐਸਆਈਟੀ ਦੀ ਅਗਵਾਈ ਕਰ ਰਹੀ ਹੈ। ਡੀਜੀਪੀ ਨੇ ਇਸ ਮਾਮਲੇ ਦੀ ਮੁਕੰਮਲ ਜਾਂਚ ਦੀ ਜਲਦੀ ਰਿਪੋਰਟ ਮੰਗੀ ਸੀ।

Related Post