ਖੇਡ ਮੰਤਰੀ ਵੱਲੋਂ ਖੇਡ ਕੰਪਲੈਕਸ ਦੀ ਚੈਕਿੰਗ, ਖਿਡਾਰੀਆਂ ਨੂੰ ਪਰੋਸੇ ਜਾਂਦੇ ਮਾੜੇ ਮਿਆਰ ਦੇ ਖਾਣੇ ਦਾ ਗੰਭੀਰ ਨੋਟਿਸ
ਚੰਡੀਗੜ੍ਹ : ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਮੁਹਾਲੀ ਦੇ ਫੇਜ਼-9 ਸਥਿਤ ਖੇਡ ਕੰਪਲੈਕਸ 'ਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਮੈਸ ਦੀ ਅਚਨਚੇਤੀ ਚੈਕਿੰਗ ਕੀਤੀ ਗਈ। ਖੇਡ ਮੰਤਰੀ ਨੇ ਖਿਡਾਰੀਆਂ ਨੂੰ ਪਰੋਸੇ ਜਾਂਦੇ ਮਾੜੇ ਮਿਆਰ ਦੇ ਖਾਣੇ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖਿਡਾਰੀਆਂ ਦੀ ਸਿਹਤ ਅਤੇ ਉਨ੍ਹਾਂ ਦੀ ਡਾਇਟ ਨਾਲ ਕੋਈ ਵੀ ਸਮਝੌਤਾ ਨਹੀਂ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਖੇਡ ਮੰਤਰੀ ਨੇ ਮੈਸ ਦੇ ਸਮਾਨ ਦਾ ਖ਼ੁਦ ਕੀਤਾ ਨਿਰੀਖਣ, ਠੇਕੇਦਾਰ ਨੂੰ ਮੌਕੇ ਉੱਤੇ ਹੀ ਫ਼ੋਨ ਕਰਕੇ ਮਾੜੀ ਕੁਆਲਟੀ ਦੇ ਖਾਣੇ ਲਈ ਫਟਕਾਰ ਵੀ ਲਗਾਈ। ਠੇਕੇਦਾਰ ਨੂੰ ਸਿਰਫ ਉੱਚ ਮਿਆਰ ਦੇ ਖਾਣੇ ਦੇ ਉਤਪਾਦ, ਤਾਜ਼ੀਆਂ ਸਬਜ਼ੀਆਂ ਤੇ ਲੋੜੀਂਦੀ ਡਾਇਟ ਦਾ ਪੂਰਾ ਖਿਆਲ ਰੱਖਣ ਦੀ ਤਾਕੀਦ ਕੀਤੀ।
ਇਹ ਵੀ ਪੜ੍ਹੋ : ਲੁਧਿਆਣਾ ’ਚ ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਉਨ੍ਹਾਂ ਕਿਹਾ ਕਿ ਡਾਇਟ ਦੇ ਮਾਪਦੰਡਾਂ ਉੱਤੇ ਖਰਾ ਨਾ ਉਤਰਨ ਵਾਲੇ ਠੇਕੇਦਾਰਾਂ ਦੇ ਠੇਕੇ ਰੱਦ ਕੀਤੇ ਜਾਣਗੇ। ਖੇਡ ਮੰਤਰੀ ਦੇ ਨਿਰਦੇਸ਼ਾਂ ਉੱਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵੱਲੋਂ ਠੇਕੇਦਾਰ ਨੂੰ ਤਾੜਨਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਸਪੋਰਟਸ ਕੰਪਲੈਕਸ 'ਚ ਹਾਕੀ, ਮੁੱਕੇਬਾਜ਼ੀ, ਕੁਸ਼ਤੀ, ਬਾਸਕਟਬਾਲ, ਜੂਡੋ, ਵੇਟਲਿਫਟਿੰਗ, ਜਿਮਨਾਸਟਿਕ ਦੇ ਕਰੀਬ 350 ਖਿਡਾਰੀ ਹਨ। ਖੇਡ ਮੰਤਰੀ ਤੇ ਡਾਇਰੈਕਟਰ ਖੇਡਾਂ ਅਮਿਤ ਤਲਵਾੜ ਵੱਲੋਂ ਅਚਨਚੇਤੀ ਚੈਕਿੰਗ ਕੀਤੀ ਗਈ ਸੀ।