ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖ ਧਰਮ ਦੇ ਅੱਠਵੇਂ ਗੁਰੂ ਪਾਤਸ਼ਾਹ ਹਨ। ਆਪ ਜੀ ਦਾ ਜਨਮ ਸੰਨ 1656 ਈਸਵੀ ਨੂੰ ਕੀਰਤਪੁਰ ਸਾਹਿਬ ਦੀ ਪਵਿੱਤਰ ਨਗਰੀ, ਜੋ ਦਰਿਆਵਾਂ, ਜੰਗਲਾ ਤੇ ਪਹਾੜਾਂ ਦੇ ਅਨੋਖੇ ਸੰਗਮ ਦੀ ਧਰਤੀ ਹੈ ਵਿਖੇ ਹੋਇਆ ।

By  Amritpal Singh July 28th 2024 06:18 AM

                                                                                           ਹਰਿ ਕ੍ਰਿਸ਼ਨ ਭਯੋ ਅਸਟਮ ਬਲਬੀਰਾ।

                                                                                            ਬਾਲ ਰੂਪ ਧਰਿਓ ਸਵਾਂਗ ਰਚਾਇ।

                                                                                            ਤਬ ਸਹਜੇ ਤਨ ਕੋ ਛੋਡਿ ਸਿਧਾਇ।

                                                                                           ਇਉ ਮੁਗਲ ਸੀਸ ਪਰੀ  ਬਹੁ ਛਾਰਾ ।

                                                                                            ਵੈ ਖੁਦ ਪਤ ਸੋ ਪਹੁੰਚੇ ਦਰਬਾਰਾ।


ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਿੱਖ ਧਰਮ ਦੇ ਅੱਠਵੇਂ ਗੁਰੂ ਪਾਤਸ਼ਾਹ ਹਨ। ਆਪ ਜੀ ਦਾ ਜਨਮ ਸੰਨ 1656 ਈਸਵੀ ਨੂੰ ਕੀਰਤਪੁਰ ਸਾਹਿਬ ਦੀ ਪਵਿੱਤਰ ਨਗਰੀ, ਜੋ ਦਰਿਆਵਾਂ, ਜੰਗਲਾ ਤੇ ਪਹਾੜਾਂ ਦੇ ਅਨੋਖੇ ਸੰਗਮ ਦੀ ਧਰਤੀ ਹੈ ਵਿਖੇ  ਹੋਇਆ । ਆਪ ਜੀ ਦੇ ਪਿਤਾ ਗੁਰੂ ਹਰਿਰਾਏ ਸਾਹਿਬ,  ਜੋ ਬਾਬਾ ਗੁਰਦਿੱਤਾ ਜੀ ਦੇ ਬੇਟੇ ਅਤੇ ਸਿੱਖ ਧਰਮ ਦੇ ਸੱਤਵੇਂ ਗੁਰੂ ਸਾਹਿਬ ਹਨ। ਕਿਹਾ ਜਾਂਦਾ ਹੈ ਕਿ ਸਤਿਗੁਰਾਂ ਜੀ ਦੇ ਪਾਵਨ ਆਗਮਨ ਨੇ ਪੂਰੀ ਕਾਇਨਾਤ ਨੂੰ ਆਪਣੀਆਂ ਪਾਵਨ ਬਖਸ਼ਿਸ਼ਾ ਦੇ ਨਾਲ ਨਿਵਾਜਿਆ । ਸਭ ਦੀਆਂ ਖੁਸ਼ੀਆਂ ਝੋਲੀਆਂ ਨਾਲ ਭਰ ਦਿੱਤੀਆਂ । ਗੁਰੂ ਹਰਿਕ੍ਰਿਸ਼ਨ ਕਿਸ਼ਨ ਸਾਹਿਬ ਜੀ ਦਾ ਚਿਹਰਾ ਮਨਮੋਹਨਾ ਤੇ ਹਿਰਦਾ ਕੋਮਲ ਸੀ। ਹਰ ਵੇਖਣ ਵਾਲਾ ਉਹਨਾਂ ਵੱਲ ਖਿੱਚਿਆ ਜਾਂਦਾ ਸੀ । ਆਪ ਜੀ ਦਾ ਬਚਪਨ ਪਿਤਾ ਗੁਰੂ ਹਰਿਰਾਏ ਸਾਹਿਬ ਜੀ ਦੀ ਨਿਗਰਾਨੀ ਵਿੱਚ ਬੀਤਿਆ।  ਆਪ ਜੀ ਦੀ ਸ਼ਖਸ਼ੀਅਤ ਤੇ ਆਪ ਜੀ ਦੇ ਪਿਤਾ ਜੀ ਦਾ ਪ੍ਰਭਾਵ ਬਹੁਤ ਜਿਆਦਾ ਸੀ। ਆਪ ਆਪਣੇ ਹੱਥੀ ਆਈ ਸੰਗਤ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਵਿੱਚ ਲੱਗੇ ਰਹਿੰਦੇ । ਗੁਰੂ ਹਰਿਰਾਇ ਸਾਹਿਬ ਜੀ ਦੇ ਰੱਬੀ ਸ਼ਖਸ਼ੀਅਤ ਵਾਲੇ ਗੁਣ ਹੌਲੀ ਹੌਲੀ ਆਪ ਜੀ ਦੀ ਸ਼ਖਸ਼ੀਅਤ ਦਾ ਹਿੱਸਾ ਬਣਦੇ ਜਾ ਰਹੇ ਸਨ। ਕੋਮਲ ਸੁਭਾਅ ਅਤੇ ਸੰਵੇਦਨਸ਼ੀਲਤਾ ਆਪ ਜੀ ਦੀ ਸ਼ਖਸ਼ੀਅਤ ਦਾ ਮੁੱਖ ਗੁਣ ਸੀ । ਆਪ ਜੀ ਦੀ ਅੱਖਰੀ ਵਿਦਿਆ ਆਪਣੇ ਪਿਤਾ ਜੀ ਦੀ ਨਿਗਰਾਨੀ ਹੇਠ ਪੂਰੀ ਹੋਈ। ਗੁਰੂ ਹਰਿਰਾਏ ਸਾਹਿਬ ਜਿੱਥੇ ਸੰਗਤਾਂ ਨੂੰ ਅਧਿਆਤਮਿਕ ਸ਼ਾਂਤੀ ਦਾ ਰਾਹ ਦਿਖਾ ਰਹੇ ਸਨ ਉੱਥੇ ਦੀਨ ਦੁਨੀਆ ਦੇ ਦੁੱਖ ਵੀ ਵੰਡਾਉਂਦੇ ।

ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬੜੀ ਭਾਵਨਾ ਦੇ ਨਾਲ ਆਪਣੇ ਗੁਰੂ ਪਿਤਾ ਦੇ ਹੁਕਮਾਂ ਨੂੰ ਮੰਨਣ ਘਾਲਣਾ ਕੀਤੀ ਤੇ ਇੱਕ ਵੱਡੇ ਮੀਲ ਪੱਥਰ ਦਾ ਕੰਮ ਕੀਤਾ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਤਾ ਗੱਦੀ ਧਾਰਨ ਵੇਲੇ ਬੇਸ਼ਕ ਬਾਲ ਉਮਰ ਦੇ ਵਿੱਚ ਸਨ। ਪਰ ਜਦੋਂ ਗੁਰੂ ਜੋਤ ਦਾ ਪ੍ਰਕਾਸ਼ ਹਿਰਦੇ ਵਿੱਚ ਹੋ ਜਾਵੇ ਤਾਂ ਬਾਲ ਉਮਰ ਦਾ ਪ੍ਰਸ਼ਨ ਹੀ ਖਤਮ ਹੋ ਜਾਂਦਾ ਹੈ। ਇਸ ਲਈ ਜਦ ਨਾਨਕ ਜੋਤ ਦਾ  ਪ੍ਰਕਾਸ਼ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਰੀਰ ਵਿੱਚ ਹੋ ਗਿਆ ਤਾਂ ਉਹ ਨਾਨਕ ਜੋਤ ਹੋ ਗਏ । ਨਾਨਕ ਜੋਤ  ਦੇ ਆਗਮਨ ਦੇ ਨਾਲ ਹੀ ਨਿਰਭਉ ਤੇ ਨਿਰਵੈਰੀ  ਕੀਮਤਾਂ ਦਾ ਪ੍ਰਗਟਾ ਉਹਨਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ। ਸਿੱਖ ਧਰਮ ਦੀ ਅੰਮ੍ਰਿਤ ਵੇਲੇ ਉਠ ਹਰਿ ਨਾਮੁ ਧਿਆਉਣ ਦੀ ਪਰੰਪਰਾ ਤੋਂ ਲੈ ਕੇ ਸੰਧਿਆ ਦੀ ਅਰਦਾਸ ਤੱਕ ਹਰ ਮਰਿਆਦਾ ਤਨ ਦੇਹੀ ਨਾਲ ਨਿਭਾਈ ਜਾਂਦੀ । ਗੁਰੂ ਪਾਤਸ਼ਾਹ ਨੇ ਪਹਾੜਾਂ ਦੇ ਇਸ ਇਲਾਕੇ ਵਿੱਚ ਜੂਆ,  ਸ਼ਰਾਬ ਤੇ ਕੁੜੀ ਮਾਰਨ ਦੀ ਕੋਜੀ ਰੀਤ ਦਾ ਸਖਤੀ ਨਾਲ ਵਿਰੋਧ ਕੀਤਾ ਅਤੇ ਇਸ ਸਬੰਧੀ ਸਿੱਖਾਂ ਨੂੰ ਵੱਖ-ਵੱਖ ਥਾਵਾਂ ਤੇ ਜਾ ਕੇ ਪ੍ਰਚਾਰ ਕਰਨ ਦੇ ਹੁਕਮ ਵੀ ਜਾਰੀ ਕੀਤੇ।ਸਮਾਂ ਆਪਣੀ ਰਫਤਾਰ ਚੱਲਦਾ ਗਿਆ ਇਤਿਹਾਸ ਇਹ ਵੀ ਦੱਸਦਾ ਹੈ ਕਿ ਰਾਜਾ ਜੈ ਸਿੰਘ ਚਾਹੁੰਦਾ ਸੀ ਕਿ  ਗੁਰੂ ਸਾਹਿਬ ਨੂੰ ਦਿੱਲੀ ਬੁਲਾ ਲਿਆ ਜਾਵੇ ।

ਗੁਰੂ ਜੀ ਨੂੰ ਜਦ ਸੁਨੇਹਾ ਭੇਜਿਆ ਗਿਆ ਤਾਂ ਉਹਨਾਂ ਨੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ।  ਰਾਜਾ ਜੈ ਸਿੰਘ ਨੇ ਆਪਣੇ 50 ਬੰਦਿਆਂ ਦਾ ਇੱਕ ਵਫਦ ਭੇਜਿਆ ਤੇ ਨਿਮਰਤਾ ਸਹਿਤ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਉਹ ਕੁਝ ਸਮਾਂ ਉਹਨਾਂ ਦੇ ਘਰ ਆ ਕੇ ਰਹਿਣ । ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਦਿੱਲੀ ਵੱਲ ਰਵਾਨਾ ਹੋ ਗਏ।  ਰਾਜਾ ਜੈ ਸਿੰਘ ਨੇ ਗੁਰੂ ਪਾਤਸ਼ਾਹ ਦੀ ਪਰਖ ਕਰਨ ਹਿੱਤ ਬਹੁਤ ਸਾਰੀਆਂ ਔਰਤਾਂ ਨੂੰ ਸੁੰਦਰ ਲਿਬਾਸ ਪਵਾ ਕੇ ਆਪਣੇ ਗ੍ਰਹਿ ਵਿਖੇ ਬਿਠਾ ਦਿੱਤਾ ਅਤੇ ਗੁਰੂ ਜੀ ਨੂੰ ਆਖਿਆ ਕਿ ਉਹਨਾਂ ਦੀ ਰਾਣੀ ਦੀ ਇੱਛਾ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਮਿਲੋ । ਗੁਰੂ ਪਾਤਸ਼ਾਹ ਅੰਦਰ ਗਏ ਤੇ ਜਾ ਕੇ ਰਾਣੀ ਦੀ ਗੋਦ ਵਿੱਚ ਬੈਠ ਕੇ ਆਖਿਆ ਭਾਈ ਸੰਤਾ, ਫਕੀਰਾਂ ਦੀ ਪਰਖ ਠੀਕ ਨਹੀਂ ਹੁੰਦੀ । ਇਹ ਸੁਣ ਕੇ ਰਾਜਾ ਜੈ ਸਿੰਘ ਅਤੇ ਉਹਨਾਂ ਦੀ ਪਤਨੀ ਗੁਰੂ ਚਰਨਾਂ ਤੇ ਢੈ ਪਏ ਤੇ ਖਿਮਾ ਦੀ ਜਾਚਨਾ ਮੰਗੀ । ਗੁਰੂ ਪਾਤਸ਼ਾਹ ਜੀ ਦਿੱਲੀ ਵਿੱਚ ਹੀ ਸਨ ਕਿ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ।  ਲੋਕਾਂ ਵਿਚ ਹਫੜਾ  ਦਫੜੀ ਮੱਚ ਗਈ।  ਗੁਰੂ ਪਾਤਸ਼ਾਹ ਨੇ ਆਪਣੇ ਸਫਾਖਾਨੇ ਨੂੰ ਦਿੱਲੀ ਤਬਦੀਲ ਕਰ ਦਿੱਤਾ ਤੇ ਲੋਕਾਂ ਦਾ ਦੁੱਖ ਵੰਡਾਉਣ ਲਈ ਆਪ ਵੀ ਸੇਵਾ ਵਿੱਚ ਲੱਗ ਗਏ।  ਇਸ ਗੱਲ ਤੋਂ ਔਰੰਗਜੇਬ ਬੇਹਦ ਪ੍ਰਭਾਵਿਤ ਹੋਇਆ ਤੇ ਮਿਲਣ ਦੀ ਇੱਛਾ ਨਾਲ ਬਹੁਤ ਸਾਰੇ ਤੋਹਫੇ ਗੁਰੂ ਪਾਤਸ਼ਾਹ ਵਾਸਤੇ ਭੇਜੇ,  ਪਰ ਗੁਰੂ ਜੀ ਨੇ ਕਿਹਾ ਕਿ ਨਾ ਉਹ ਉਸਦੇ ਤੋਹਫੇ ਪ੍ਰਵਾਨ ਕਰਦੇ ਹਨ ਤੇ ਨਾ ਹੀ ਉਸਨੂੰ ਦਰਸ਼ਨ ਦੇਣਗੇ।

ਦੁਨੀਆਂ ਦਾ ਬਾਦਸ਼ਾਹ ਔਰੰਗਜ਼ੇਬ ਗੁਰੂ ਪਾਤਸ਼ਾਹ ਨੂੰ ਮਿਲਣ ਵਾਸਤੇ ਬੜਾ ਤੀਬਰ ਇੱਛਾ ਕਰਕੇ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਉਹਨਾਂ ਕੋਲ ਆ ਗਿਆ,  ਲਗਭਗ ਅੱਧਾ ਘੰਟਾ ਗੁਰੂ ਦਰਬਾਰ ਦੇ ਬਾਹਰ ਦਰਵਾਜੇ ਤੇ ਖੜਾ ਰਿਹਾ ਕਿ ਗੁਰੂ ਪਾਤਸ਼ਾਹ ਮੈਨੂੰ ਦਰਸ਼ਨ ਦੇਣਗੇ, ਪਰ ਗੁਰੂ ਪਾਤਸ਼ਾਹ ਨੇ ਆਪਣੇ ਪਿਤਾ ਦੇ ਹੁਕਮਾਂ ਨੂੰ ਸਤਿ ਕਰਕੇ ਮੰਨਿਆ ਉਸ ਨੂੰ ਦਰਸ਼ਨ ਨਹੀਂ ਦਿੱਤੇ।  ਸਮਾਂ ਇਹੋ ਜਿਹਾ ਆਇਆ ਦਿੱਲੀ ਵਿੱਚ ਬਿਮਾਰੀ ਗ੍ਰਸਤ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਵਡਾਉਂਦੇ ਹੋਏ ਖੁਦ ਗੁਰੂ ਪਾਤਸ਼ਾਹ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਏ। ਜਦੋਂ ਪਤਾ ਲੱਗ ਗਿਆ ਕਿ ਹੁਣ ਸਰੀਰ ਨੂੰ ਤਿਆਗਣਾ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਆਖਿਆ "ਬਾਬਾ ਬਸੈ ਗ੍ਰਾਮ ਬਕਾਲੇ" ਇਸ਼ਾਰਾ ਬਕਾਲੇ ਦੀ ਧਰਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਕਰ ਦਿੱਤਾ ਤੇ ਆਖਿਆ ਅੱਜ ਤੋਂ ਬਾਅਦ ਸੰਗਤਾਂ ਦੀ ਦੇਖਭਾਲ ਉਹੀ ਕਰਨਗੇ ਅਤੇ ਆਪ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੋਤੀ ਜੋਤਿ ਸਮਾ ਗਏ।

Related Post