ਜੇ AAP, ਆਮ ਆਦਮੀਆਂ ਦੀ ਪਾਰਟੀ ਹੁੰਦੀ ਤਾਂ ਮੰਤਰੀਆਂ ਨੂੰ ਖੜੇ ਨਾ ਕਰਦੀ: ਸੋਨੀਆ ਮਾਨ ਨੇ CM ਮਾਨ 'ਤੇ ਵੀ ਕੱਸਿਆ ਤੰਜ

ਸੋਨੀਆ ਮਾਨ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਗਵੰਤ ਮਾਨ, ਭਗਤ ਸਿੰਘ ਦੀ ਵਿਚਾਰਧਾਰਾ ਦੇ ਪੈਰ ਵਰਗੇ ਵੀ ਨਹੀਂ ਹਨ। ਉਸ ਨੇ ਕਿਹਾ ਕਿ ਹੁਣ 'ਆਪ' ਆਮ ਆਦਮੀਆਂ ਦੀ ਨਹੀਂ ਹੈ, ਕਿਉਂਕਿ ਜੇਕਰ ਇਹ ਆਮ ਆਦਮੀਆਂ ਦੀ ਹੁੰਦੀ ਤਾਂ ਲੋਕ ਸਭਾ ਚੋਣਾਂ ਵਿੱਚ ਮੰਤਰੀ ਨਾ ਖੜੇ ਕਰਦੀ।

By  KRISHAN KUMAR SHARMA May 6th 2024 05:03 PM

ਅੰਮ੍ਰਿਤਸਰ: ''ਮੁੱਖ ਮੰਤਰੀ ਭਗਵੰਤ ਮਾਨ, ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਪੈਰ ਵਰਗੇ ਵੀ ਨਹੀਂ ਹਨ।'' ਇਹ ਗੱਲ ਪੰਜਾਬੀ ਫਿਲਮ ਅਦਾਕਾਰਾ ਸੋਨੀਆ ਮਾਨ ਨੇ ਕਹੀ ਹੈ। ਅਦਾਕਾਰਾ ਅੰਮ੍ਰਿਤਸਰ ਲੋਕ ਸਭਾ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰਨ ਵਾਲੇ ਸਮਾਜ ਸੇਵੀ ਰੇਸ਼ਮ ਸਿੰਘ ਦੇ ਹੱਕ 'ਚ ਪ੍ਰਚਾਰ ਲਈ ਆਈ ਸੀ। ਸੋਨੀਆ ਮਾਨ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਗਵੰਤ ਮਾਨ, ਭਗਤ ਸਿੰਘ ਦੀ ਵਿਚਾਰਧਾਰਾ ਦੇ ਪੈਰ ਵਰਗੇ ਵੀ ਨਹੀਂ ਹਨ। ਉਸ ਨੇ ਕਿਹਾ ਕਿ ਹੁਣ 'ਆਪ' ਆਮ ਆਦਮੀਆਂ ਦੀ ਨਹੀਂ ਹੈ, ਕਿਉਂਕਿ ਜੇਕਰ ਇਹ ਆਮ ਆਦਮੀਆਂ ਦੀ ਹੁੰਦੀ ਤਾਂ ਲੋਕ ਸਭਾ ਚੋਣਾਂ ਵਿੱਚ ਮੰਤਰੀ ਨਾ ਖੜੇ ਕਰਦੀ। ਹੁਣ ਆਪ ਵਿੱਚ ਕਾਂਗਰਸੀ ਤੇ ਅਕਾਲੀ ਦਲ ਦੇ ਵਿਅਕਤੀ ਸ਼ਾਮਲ ਹੋ ਗਏ ਹਨ। ਦੱਸ ਦਈਏ ਕਿ ਸੋਨੀਆ ਮਾਨ ਇਸਤੋਂ ਪਹਿਲਾਂ 2022 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰ ਚੁੱਕੀ ਹੈ।

ਅਦਾਕਾਰਾ ਨੇ ਕਿਹਾ ਕਿ ਇਸ ਹਲਕੇ ਤੋਂ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਨੇ ਵੀ ਕੁੱਝ ਨਹੀਂ ਕੀਤਾ। ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਉਦੋਂ ਹੀ ਸਿਆਸਦਾਨਾਂ ਨੂੰ ਨਸ਼ੇ ਦੇ ਮੁੱਦੇ ਚੇਤੇ ਆਉਂਦੇ ਹਨ। ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਹੈ, ਜੋ ਕਿ ਨਸ਼ੇ ਦੇ ਮੁੱਦੇ ਨੂੰ ਲੈ ਕੇ ਹੀ ਪੰਜਾਬ ਵਿੱਚ ਸੱਤਾ 'ਤੇ ਕਾਬਜ਼ ਹੋਈ ਹੈ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ਿਆਂ ਨੂੰ ਖਤਮ ਕਰਨ ਲਈ ਕੁਝ ਨਹੀਂ ਕੀਤਾ ਗਿਆ।

ਸੋਨੀਆ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਮਕਸਦ ਦੇ ਨਾਲ ਆਈ ਸੀ ਉਸ ਮਕਸਦ ਤੋਂ ਭਟਕ ਗਈ ਹੈ ਜਿਹਦੇ ਚਲਦੇ ਸਾਨੂੰ ਆਪਣੇ ਆਜ਼ਾਦ ਉਮੀਦਵਾਰ ਖੜਨ ਦੀ ਲੋੜ ਹੈ। ਇਸ ਲਈ ਉਸ ਨੇ ਫੈਸਲਾ ਕੀਤਾ ਹੈ ਕਿ ਮੈਂ ਪੰਜਾਬ ਵਿੱਚ ਜਿਹੜੇ ਵਧੀਆ ਚਿਹਰੇ ਹਨ, ਉਨ੍ਹਾਂ ਨੂੰ ਪਾਰਟੀਬਾਜੀ ਤੋਂ ਉਪਰ ਉੱਠ ਕੇ ਉਨ੍ਹਾਂ ਦੀ ਸਪੋਰਟ ਕਰਾਂ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਭਾਵੇਂ ਮੈਂ ਕਰਮਜੀਤ ਅਨਮੋਲ ਦੇ ਹੱਕ 'ਚ ਫਰੀਦਕੋਟ ਦੇ ਵਿੱਚ ਜਾ ਕੇ ਪ੍ਰਚਾਰ ਕਰਾਂਗੀ।

ਅਦਾਕਾਰਾ ਨੇ ਕਿਹਾ, ''ਮੈਂ ਅੰਮ੍ਰਿਤਸਰ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ, ਵੇਖੋ ਇਸ ਵਾਰੀ ਵੋਟਾਂ ਦੇ ਵਿੱਚ ਸ਼ਰਾਬ ਦੀ ਬੋਤਲ ਪਿੱਛੇ ਆਪਣੇ ਜ਼ਮੀਰ ਨਾ ਵੇਚਿਓ...ਸੂਟਾਂ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ...ਇੱਕ ਚੰਗੀ ਸ਼ਖਸ਼ੀਅਤ ਨੂੰ ਆਪਣੀ ਕੀਮਤੀ ਵੋਟ ਪਾਇਓ...ਉਹੀ ਕੀਮਤੀ ਵੋਟ ਨੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਆ...ਨਹੀਂ ਤੇ ਅਸੀਂ ਪੰਜਾਬ ਨੂੰ ਦੇਖ ਲਿਆ ਕਿੰਨੇ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ...ਅਸੀਂ ਲੀਡਰ ਦੇਖ ਲਏ ਨੇ...ਆਪਾਂ ਆਪਣੀ ਜਿਵੇਂ ਤੁਸੀਂ ਪਿਛਲੀ ਵਾਰੀ ਝਾੜੂ ਨੂੰ ਲੈ ਕੇ ਆਏ ਸੀ ਅੰਦਰ ਖਾਤੇ ਤੁਸੀਂ ਵੋਟ ਪਾਈ ਸੀ...ਮੈਂ ਨਹੀਂ ਕਹਿੰਦੀ, ਚਲੋ ਜਿੰਦਗੀ...ਫਿਰ ਕੋਈ ਨਹੀਂ ਪਹਿਲਾਂ ਸਿਹਤ ਵੇਖਣੀ...ਆਪਣੇ ਵਾਅਦੇ ਕੀਤੀ ਕੋਈ ਗੱਲ ਨਹੀਂ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਅਸੀਂ ਤੇ ਕਿਸੇ ਨੂੰ ਵੋਟ ਹੀ ਨਹੀਂ ਪਾਉਣੀ...ਅਸੀਂ ਤੇ ਸਿਸਟਮ ਤੋਂ ਅੱਕ ਚੁੱਕੇ ਆਂ...ਔਰ ਬਹੁਤ ਸਾਰੇ ਲੋਕੀ ਆਖਦੇ ਮੈਨੂੰ ਕਹਿੰਦੇ ਵੀ ਅਸੀਂ ਤੇ ਮਰ ਚੁੱਕੇ ਆਂ...ਮੈਂ ਕਹਿੰਦੀ ਆ ਨੋਟਾਂ ਦੱਬਣ ਤੋਂ ਚੰਗਾ ਹੈ ਆਜ਼ਾਦ ਉਮੀਦਵਾਰ ਨੂੰ ਵੋਟ ਪਾ ਦਿਓ...ਕਿਤੇ ਨਾ ਕਿਤੇ ਜਾਗ ਲੱਗੂਗੀ...ਸਾਡੀ ਸੋਸਾਇਟੀ ਦੇ ਵਿੱਚ, ਸੋ ਜਿਹੜੇ ਬਾਕੀ ਮੈਂ ਜਿਹੜੀਆਂ ਗੱਲਾਂ ਆ...ਮੈਂ ਇਹ ਕਹਿਣਾ ਚਾਹੁੰਦੀ ਆਂ...ਦੇਖੋ ਜਰੂਰੀ ਨਹੀਂ ਹੁੰਦਾ ਕਿ ਵੋਟਾਂ ਦੇ ਵਿੱਚ ਖੜੇ ਹੋਣਾ ਤੇ ਜਿੱਤਣਾ ਜ਼ਰੂਰੀ ਆ।''

Related Post