Nuh Violence: ਹੁਣ ਤੱਕ 176 ਲੋਕਾਂ ਦੀ ਗ੍ਰਿਫ਼ਤਾਰੀ, 93 ਲੋਕਾਂ ਤੇ FIR ਦਰਜ- ਗ੍ਰਹਿ ਸਕੱਤਰ
ਹਰਿਆਣਾ ਦੇ ਨੂੰਹ ਇਲਾਕੇ 'ਚ ਸੋਮਵਾਰ ਨੂੰ ਇੱਕ ਧਾਰਮਿਕ ਯਾਤਰਾ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਹਿੰਸਾ ਭੜਕ ਗਈ।
Nuh Violence press conference :ਹਰਿਆਣਾ ਦੇ ਗ੍ਰਹਿ ਸਕੱਤਰ ਟੀ.ਵੀ.ਐਸ.ਐਨ ਪ੍ਰਸਾਦ ਨੇ ਨੂਹ ਹਿੰਸਾ ਦੇ ਮਾਮਲੇ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਕਿ ਹੁਣ ਤੱਕ 93 ਐੱਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਅਤੇ 176 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 78 ਨੂੰ ਨਿਵਾਰਕ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੌਰਾਨ ਏ.ਡੀ.ਜੀ.ਪੀ ਏ.ਐਸ ਚਾਵਲਾ, ਏਡੀਜੀਪੀ ਓਪੀ ਸਿੰਘ, ਏ.ਡੀ.ਜੀ.ਪੀ ਅਮਿਤਾਭ ਢਿੱਲੋਂ ਅਤੇ ਸੰਜੇ ਸਿੰਘ ਵੀ ਮੌਜੂਦ ਸਨ।ਫਿਲਹਾਲ ਸੂਬੇ ਵਿੱਚ ਇਸ ਸਮੇਂ ਸਥਿਤੀ ਆਮ ਵਾਂਗ ਹੈ, 20 ਅਰਧ ਸੈਨਿਕ ਬਲ ਅਤੇ 30 ਹਰਿਆਣਾ ਪੁਲਿਸ ਦੀਆਂ ਟੁਕੜੀਆਂ ਤੈਨਾਤ ਹਨ। 31 ਜੁਲਾਈ ਨੂੰ ਭੜਕੀ ਹਿੰਸਾ ਦੇ ਜਵਾਬ ਵਿੱਚ ਫਰੀਦਾਬਾਦ, ਪਲਵਲ ਅਤੇ ਗੁਰੂਗ੍ਰਾਮ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਵਾਧੂ ਸੁਰੱਖਿਆ ਲਾਗੂ ਕਰ ਦਿੱਤੀ ਗਈ ਹੈ।
ਕਾਬਿਲੇਗੌਰ ਹੈ ਕਿ ਨੂੰਹ 'ਚ ਹਿੰਦੂ ਸੰਗਠਨਾਂ ਨੇ ਹਰ ਸਾਲ ਦੀ ਤਰ੍ਹਾਂ ਬ੍ਰਿਜਮੰਡਲ ਯਾਤਰਾ ਕੱਢਣ ਦਾ ਐਲਾਨ ਕੀਤਾ ਸੀ। ਪ੍ਰਸ਼ਾਸਨ ਤੋਂ ਇਸ ਦੀ ਮਨਜ਼ੂਰੀ ਵੀ ਲਈ ਗਈ ਸੀ। ਸੋਮਵਾਰ ਨੂੰ ਬ੍ਰਿਜ ਮੰਡਲ ਯਾਤਰਾ ਦੌਰਾਨ ਇਸ 'ਤੇ ਪਥਰਾਅ ਕੀਤਾ ਗਿਆ। ਇਹ ਕੁਝ ਹੀ ਸਮੇਂ ਵਿੱਚ ਹਿੰਸਾ ਵਿੱਚ ਬਦਲ ਗਿਆ। ਸੈਂਕੜੇ ਕਾਰਾਂ ਨੂੰ ਅੱਗ ਲਗਾ ਦਿੱਤੀ ਗਈ। ਸਾਈਬਰ ਪੁਲਿਸ ਸਟੇਸ਼ਨ 'ਤੇ ਵੀ ਹਮਲਾ ਕੀਤਾ ਗਿਆ। ਗੋਲੀਬਾਰੀ ਵੀ ਹੋਈ। ਜਿਸ ਕਾਰਨ ਲੋਕਾਂ ’ਚ ਕਾਫੀ ਸਹਿਮ ਦਾ ਮਾਹੌਲ ਬਣ ਗਿਆ।