MSP ਨਾਲ ਮਹਿੰਗਾਈ ਘਟੇਗੀ, ਸਰਕਾਰ ਮਹਿੰਗਾਈ ਨੂੰ ਬਹਾਨੇ ਵੱਜੋਂ ਨਾ ਪੇਸ਼ ਕਰੇ: SKM

By  KRISHAN KUMAR SHARMA February 25th 2024 08:47 PM
MSP ਨਾਲ ਮਹਿੰਗਾਈ ਘਟੇਗੀ, ਸਰਕਾਰ ਮਹਿੰਗਾਈ ਨੂੰ ਬਹਾਨੇ ਵੱਜੋਂ ਨਾ ਪੇਸ਼ ਕਰੇ: SKM

ਚੰਡੀਗੜ੍ਹ: ਕਿਸਾਨ ਮਜ਼ਦੂਰ ਮੋਰਚਾ ਅਤੇ SKM (ਗੈਰ-ਸਿਆਸੀ) ਨੇ ਅੱਜ ਦਿਨ ਭਰ ਸ਼ੰਭੂ ਮੋਰਚਾ ਅਤੇ ਖਨੌਰੀ ਮੋਰਚਾ (Kisan Andolan 2.0) ਵਿਖੇ ਵਿਸ਼ਵ ਵਪਾਰ ਸੰਗਠਨ ਨਾਲ ਭਾਰਤ ਦੇ ਖੇਤੀ ਸਮਝੌਤੇ ਦੇ ਖਤਰਿਆਂ ਨੂੰ ਲੈ ਕੇ ਕਾਨਫਰੰਸਾਂ ਕੀਤੀਆਂ। ਸ਼ੰਭੂ ਮੋਰਚੇ ਵਿੱਚ ਅਰਥ ਸ਼ਾਸਤਰੀ ਰਣਜੀਤ ਸਿੰਘ ਘੁੰਮਣ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਸੀਨੀਅਰ ਐਡਵੋਕੇਟ ਹਰਮਨ ਸਿੰਘ ਢੀਂਡਸਾ ਸਮੇਤ ਦੋ ਦਰਜਨ ਤੋਂ ਵੱਧ ਬੁੱਧੀਜੀਵੀ ਅਤੇ ਕਿਸਾਨ ਆਗੂਆਂ (skm-protest) ਨੇ ਕਾਨਫਰੰਸ ਨੂੰ ਸੰਬੋਧਨ ਕੀਤਾ। ਡਬਲਯੂ.ਟੀ.ਓ ਅਤੇ ਖੇਤੀ ਸਮਝੌਤੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ, ਹੁਣ ਤੱਕ ਇਸ ਕਾਰਨ ਦੇਸ਼ 'ਚ ਕਿਸਾਨਾਂ ਅਤੇ ਆਮ ਖਪਤਕਾਰਾਂ ਨੂੰ ਹੋ ਰਹੇ ਨੁਕਸਾਨ 'ਤੇ ਚਰਚਾ ਕੀਤੀ ਗਈ।

'ਐਮਐਸਪੀ 'ਤੇ ਸਰਕਾਰ ਦਾ ਬਿਆਨ ਬੇਬੁਨਿਆਦ'

ਸ਼ਾਮ ਨੂੰ ਹੋਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇ.ਐਮ.ਐਮ. ਦੇ ਕਨਵੀਨਰ ਸਰਵਣ ਸਿੰਘ ਪੰਧੇਰ ਅਤੇ ਐਸ.ਕੇ.ਐਮ (ਗੈਰ-ਸਿਆਸੀ) ਸੁਖਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਐਮ.ਐਸ.ਪੀ (MSP) ਗਾਰੰਟੀ ਨਾਲ ਆਮ ਖਪਤਕਾਰ ਨੂੰ ਵੀ ਰਾਹਤ ਮਿਲੇਗੀ। ਸਰਕਾਰ ਦਾ ਇਹ ਬਿਆਨ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਨਾਲ ਮਹਿੰਗਾਈ ਵਧੇਗੀ, ਪੂਰੀ ਤਰ੍ਹਾਂ ਬੇਬੁਨਿਆਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਸ਼ਵ ਵਪਾਰ ਸੰਗਠਨ ਨਾਲ ਹੋਏ ਖੇਤੀ ਸਮਝੌਤੇ ਕਾਰਨ ਕਿਸਾਨਾਂ ਦਾ ਨੁਕਸਾਨ ਹੋਵੇਗਾ, ਖੇਤੀ ਖੇਤਰ ਵਿੱਚ ਕਰੋੜਾਂ ਲੋਕਾਂ ਦਾ ਰੁਜ਼ਗਾਰ ਖੋਹ ਕੇ ਕੁਝ ਕੁ ਲੋਕਾਂ ਨੂੰ ਦਿੱਤਾ ਜਾਵੇਗਾ। ਅਸੀਂ ਅਜਿਹੇ ਸਮਝੌਤੇ ਦਾ ਵਿਰੋਧ ਕਰਦੇ ਹਾਂ, ਜੋ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਜਾਂਦਾ ਹੈ ਅਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਖੇਤੀ ਸਮਝੌਤੇ ਤੋਂ ਬਾਹਰ ਆਉਣ ਦਾ ਫੈਸਲਾ ਲਿਆ ਜਾਵੇ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਲਕੇ ਦੁਬਈ ਵਿਖੇ ਹੋਣ ਜਾ ਰਹੀ ਡਬਲਯੂ.ਟੀ.ਓ. ਦੀ ਕਾਨਫਰੰਸ ਦਾ ਵਿਰੋਧ ਕਰਨ ਲਈ ਦੁਨੀਆ ਭਰ ਤੋਂ 70 ਹਜ਼ਾਰ ਲੋਕਾਂ ਨੂੰ ਇਜ਼ਾਜ਼ਤ ਦਿੱਤੀ ਗਈ ਹੈ, ਜਦਕਿ ਭਾਰਤ ਸਰਕਾਰ ਆਪਣੇ ਹੀ ਨਾਗਰਿਕਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਦੇ ਰਹੀ ਅਤੇ ਇਸ ਨੂੰ ਰੋਕਣ ਲਈ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਨੂੰ ਕੌਮਾਂਤਰੀ ਸਰਹੱਦ ਵਾਂਗ ਬਣਾ ਦਿੱਤਾ ਗਿਆ ਹੈ। ਭਾਰਤ ਨੂੰ ਉਸ WTO ਦੀ ਕਾਨਫਰੰਸ ਤੋਂ ਸਿੱਖਣਾ ਚਾਹੀਦਾ ਹੈ, ਜਿਸ ਦਾ ਉਹ ਹਿੱਸਾ ਹੈ।

3 ਵਜੇ ਫੂਕੇ ਜਾਣਗੇ ਵਿਸ਼ਵ ਵਪਾਰ ਸੰਗਠਨ ਦੇ ਪੁਤਲੇ

ਭਲਕੇ ਹੋਣ ਜਾ ਰਹੀ ਡਬਲਯੂ.ਟੀ.ਓ ਦੀ ਮੀਟਿੰਗ ਦੇ ਵਿਰੋਧ ਵਿੱਚ ਦੇਸ਼ ਭਰ ਦੇ ਹਰ ਪਿੰਡ ਵਿੱਚ ਡਬਲਯੂ.ਟੀ.ਓ ਦੇ ਪੁਤਲੇ ਫੂਕ ਕੇ ਜਲੂਸ ਕੱਢ ਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਦੋਵੇਂ ਮੋਰਚਿਆਂ 'ਤੇ 3 ਵਜੇ ਪੁਤਲੇ ਫੂਕੇ ਜਾਣਗੇ।

ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਹਰਿਆਣਾ ਪੁਲਿਸ ਵੱਲੋਂ ਸ਼ਹੀਦ ਕਿਸਾਨ ਸ਼ੁਭ ਕਰਨ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਤੁਰੰਤ ਐਫਆਈਆਰ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।

Related Post