ਮੂਸੇਵਾਲੇ ਨੂੰ ਰੱਖੜੀਆਂ ਬੰਨ੍ਹਣ ਪਹੁੰਚੀਆਂ ਭੈਣਾਂ; ਕਿਹਾ, 'ਇਨਸਾਫ਼ ਮਿਲ ਜਾਵੇ ਕਿਉਂਕਿ ਹੁਣ ਪੁੱਤ ਤਾਂ ਵਾਪਸ ਨਹੀਂ ਮਿਲ ਸਕਦਾ'
ਮੂਸਾ: ਰੱਖੜੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਨੂੰ ਸਜਾਉਂਦੀਆਂ ਹਨ। ਉੱਥੇ ਹੀ ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ 'ਚ ਸਥਿਤ ਸਮਾਧ 'ਤੇ ਵੀ ਬੜਾ ਹੀ ਭਾਵੁਕ ਦ੍ਰਿਸ਼ ਵੇਖਣ ਨੂੰ ਮਿਲਿਆ।
ਜਦੋਂ ਲਾਗਲੇ ਪਿੰਡ ਦੇ ਨਾਲ ਨਾਲ ਮੂਸੇਵਾਲਾ ਦੇ ਮਾਸੀ ਦੇ ਪਿੰਡ ਤੋਂ ਚਾਰ ਕੁੜੀਆਂ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਖੇਤ ਵਿੱਚ ਬਣੀ ਉਸਦੀ ਯਾਦਗਾਰ 'ਤੇ ਪਹੁੰਚੀਆਂ। ਜਿੱਥੇ ਉਨ੍ਹਾਂ ਆਪਣੇ ਭਰਾ ਦੀ ਯਾਦ 'ਚ ਸਥਾਪਤ ਕੀਤੇ ਸਿੱਧੂ ਮੂਸੇਵਾਲਾ ਦੇ ਬੁੱਤ ਦੇ ਗੁੱਟ ਨੂੰ ਰੱਖੜੀਆਂ ਨਾਲ ਸਜਾ ਉਸ ਨੂੰ ਯਾਦ ਕਰਦਿਆਂ ਇਨਸਾਫ਼ ਦੀ ਮੰਗ ਕੀਤੀ।
ਜਦਕਿ ਸਿੱਧੂ ਦੇ ਮਾਸੀ ਦੇ ਪਿੰਡੋਂ ਮੂਸੇਵਾਲਾ ਦੇ ਖੇਤ ਪਹੁੰਚੀਆਂ ਕੁੜੀਆਂ ਵਿਚੋਂ ਗੁਰਜੋਤ ਕੌਰ ਕਹਿੰਦੀ ਹੈ, "ਭਾਵੇਂ ਅੱਜ ਵੀਰ ਜੀ ਸਾਡੇ ਵਿੱਚ ਨਹੀਂ ਪਰ ਉਨ੍ਹਾਂ ਦਿਆਂ ਯਾਦਾਂ ਸਾਡੇ ਵਿੱਚ ਅਮਰ ਹਨ। ਬੱਚਪਨ ਵਿੱਚ ਜਦੋਂ ਵੀਰ ਜੀ ਸਾਡੇ ਪਿੰਡ ਆਉਂਦੇ ਤਾਂ ਬਹੁਤ ਮੱਲਾਂ ਮਾਰਦੇ ਕਿਉਂਕਿ ਉਨ੍ਹਾਂ ਦੇ ਮਾਸੀ ਦਾ ਪਿੰਡ ਹੋਣ ਕਰਕੇ ਉਹ ਉੱਥੇ ਰਹਿ ਕੇ ਪੜ੍ਹਿਆ ਕਰਦੇ। ਸਾਡੇ ਵੀ ਘਰੇ ਆਉਂਦੇ ਤਾਂ ਉਨ੍ਹਾਂ ਨੂੰ ਮਿਲ ਰੂਹ ਖੁਸ਼ ਹੋ ਜਾਂਦੀ ਸੀ।"ਗੁਰਜੋਤ ਕੌਰ ਗੱਲ ਕਰਦਿਆਂ ਕਰਦਿਆਂ ਭਾਵੁਕ ਹੋ ਉਠੀ ਅਤੇ ਰੋਣ ਹੀ ਵਾਲੀ ਸੀ ਕਿ ਉਸਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਕਿਹਾ, "ਅੱਜ ਵੀ ਉਨ੍ਹਾਂ ਨੂੰ ਵੇਖ ਬਹੁਤ ਖੁਸ਼ੀ ਮਿਲਦੀ ਹੈ ਕਿਉਂਕਿ ਚਾਹੇ ਉਹ ਸਾਡੇ ਵਿੱਚ ਨਹੀਂ, ਪਰ ਉਨ੍ਹਾਂ ਦਾ ਰੁਤਬਾ ਉਵੇਂ ਹੀ ਕਾਇਮ ਹੈ।"
ਸਿੱਧੂ ਵੀਰਾ ਹਮੇਸ਼ਾਂ ਅਮਰ ਰਹੇ ਕਹਿ ਗੁਰਜੋਤ ਨੇ ਆਪਣੀ ਅੱਖਾਂ 'ਚ ਹੰਜੂ ਭਰ ਲਏ। ਉਸਦਾ ਕਹਿਣਾ ਕਿ ਸਿੱਧੂ ਦੇ ਪਰਿਵਾਰ ਨੂੰ ਬਹੁਤ ਸਮਾਂ ਹੋ ਚੁੱਕਿਆ ਅਤੇ ਇਨਸਾਫ਼ ਨਹੀਂ ਮਿਲਿਆ ਹੈ, ਸੋ ਉਨ੍ਹਾਂ ਨੂੰ ਜਲਦ ਤੋਂ ਜਲਦ ਇਨਸਾਫ਼ ਮਿਲਣਾ ਚਾਹੀਦਾ ਹੈ।
ਇੱਕ ਹੋਰ ਕੁੜੀ ਅੰਤਰਪ੍ਰੀਤ ਕੌਰ ਕਹਿੰਦੀ ਹੈ, "ਮੈਨੂੰ ਵੀਰ ਦਾ ਆਪਣੇ ਮਾਪਿਆਂ ਪ੍ਰਤੀ ਆਦਰ, ਸਤਿਕਾਰ ਅਤੇ ਪ੍ਰੇਮ ਵੇਖ ਬਹੁਤ ਚੰਗਾ ਲੱਗਦਾ ਸੀ, ਉਹ ਹਰ ਚੀਜ਼ ਵਿੱਚ ਆਪਣੇ ਮਾਪਿਆਂ ਨੂੰ ਅੱਗੇ ਰੱਖਦਾ ਸੀ"
ਕੌਰ ਦਾ ਕਹਿਣਾ, "ਅਸੀਂ ਅੱਗੇ ਹੁਣ ਸਿਰਫ਼ ਇਨ੍ਹਾਂ ਚਾਹੁੰਦੇ ਹਾਂ ਕਿ ਸਿੱਧੂ ਭਰਾ ਦੇ ਮਾਪਿਆਂ ਨੂੰ ਇਨਸਾਫ਼ ਮਿਲ ਜਾਵੇ, ਕਿਉਂਕਿ ਹੁਣ ਪੁੱਤ ਤਾਂ ਵਾਪਿਸ ਨਹੀਂ ਮਿਲ ਸਕਦਾ।"
ਆਪਣੇ ਮਰਹੂਮ ਪੁੱਤ ਲਈ ਇਨ੍ਹਾਂ ਭੈਣਾਂ ਦਾ ਪਿਆਰ ਵੇਖ ਪਿਤਾ ਬਲਕੌਰ ਸਿੰਘ ਵੀ ਭਾਵੁਕ ਹੋ ਗਏ ਅਤੇ ਆਪਣੀ ਅੱਖਾਂ 'ਚੋਂ ਵਹਿੰਦੇ ਸੁੱਚੇ ਮੋਤੀਆਂ ਨੂੰ ਰੋਕ ਨਾ ਪਾਏ।