UK, USA ਅਤੇ Canada ਦੇ ਸਿੱਖਾਂ ਲਈ ਪਾਕਿਸਤਾਨ ਦਾ ਵੱਡਾ ਐਲਾਨ, ਮੁਫ਼ਤ ਮਿਲੇਗਾ Online VISA

Pakistan Visa for Sikhs : ਐਲਾਨ ਅਨੁਸਾਰ ਅਮਰੀਕਾ, ਯੂਨਾਈਟਿਡ ਕਿੰਗਡਮ ਅਤੇ ਕੈਨੇਡਾ ਤੋਂ ਪਾਕਿਸਤਾਨ 'ਚ ਆਪਣੇ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸਿੱਖਾਂ ਨੂੰ ਪਾਕਿਸਤਾਨ ਸਰਕਾਰ 30 ਮਿੰਟਾਂ ਦੇ ਅੰਦਰ ਮੁਫ਼ਤ ਆਨਲਾਈਨ ਵੀਜ਼ਾ ਦੇਵੇਗੀ। ਫਿਲਹਾਲ ਇਹ ਵੀਜ਼ਾ ਸਹੂਲਤ ਦਾ ਭਾਰਤ ਦੇ ਸਿੱਖਾਂ ਲਈ ਐਲਾਨ ਨਹੀਂ ਕੀਤਾ ਗਿਆ ਹੈ।

By  KRISHAN KUMAR SHARMA November 2nd 2024 01:33 PM -- Updated: November 2nd 2024 01:41 PM

sikhs pilgrims online visas in pakistan : ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਵਿਦੇਸ਼ਾਂ 'ਚ ਵੱਸਦੇ ਸਿੱਖਾਂ ਲਈ ਵੱਡਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਦੇ ਐਲਾਨ ਅਨੁਸਾਰ ਅਮਰੀਕਾ, ਯੂਨਾਈਟਿਡ ਕਿੰਗਡਮ ਅਤੇ ਕੈਨੇਡਾ ਤੋਂ ਪਾਕਿਸਤਾਨ 'ਚ ਆਪਣੇ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸਿੱਖਾਂ  ਨੂੰ ਪਾਕਿਸਤਾਨ ਸਰਕਾਰ 30 ਮਿੰਟਾਂ ਦੇ ਅੰਦਰ ਮੁਫ਼ਤ ਆਨਲਾਈਨ ਵੀਜ਼ਾ ਦੇਵੇਗੀ। ਫਿਲਹਾਲ ਇਹ ਵੀਜ਼ਾ ਸਹੂਲਤ ਦਾ ਭਾਰਤ ਦੇ ਸਿੱਖਾਂ ਲਈ ਐਲਾਨ ਨਹੀਂ ਕੀਤਾ ਗਿਆ ਹੈ।

ਪਾਕਿ ਮੰਤਰੀ ਦੀ ਇਹ ਟਿੱਪਣੀ ਉਦੋਂ ਆਈ ਜਦੋਂ ਉਹ ਵੀਰਵਾਰ (31 ਅਕਤੂਬਰ, 2024) ਨੂੰ ਲਾਹੌਰ ਵਿੱਚ ਸਿੱਖ ਸ਼ਰਧਾਲੂਆਂ ਦੇ 44 ਮੈਂਬਰੀ ਵਿਦੇਸ਼ੀ ਵਫ਼ਦ ਨਾਲ ਮੁਲਾਕਾਤ ਕੀਤੀ। ਮੰਤਰੀ ਨੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ। ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ, ਉਨ੍ਹਾਂ ਨੇ ਸਵੀਕਾਰ ਕੀਤਾ ਕਿ ਸਿੱਖ ਸ਼ਰਧਾਲੂਆਂ ਨੂੰ ਪਿਛਲੇ ਸਮੇਂ ਵਿੱਚ ਪਾਕਿਸਤਾਨ ਜਾਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।

ਗ੍ਰਹਿ ਮੰਤਰੀ ਨਕਵੀ ਨੇ ਐਲਾਨ ਕੀਤਾ ਕਿ ਸਰਕਾਰ ਨੇ ਸਿੱਖਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਆਨਲਾਈਨ ਕਰਕੇ ਆਸਾਨ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ, ਕੈਨੇਡੀਅਨ ਅਤੇ ਯੂ.ਕੇ. ਦੇ ਪਾਸਪੋਰਟ ਧਾਰਕ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਬਿਨਾਂ ਕਿਸੇ ਫੀਸ ਦੇ 30 ਮਿੰਟ ਦੇ ਅੰਦਰ ਆਪਣਾ ਵੀਜ਼ਾ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਨੋਟ ਕੀਤਾ ਕਿ ਇਹ ਸਹੂਲਤ ਇਨ੍ਹਾਂ ਦੇਸ਼ਾਂ ਵਿੱਚ ਵੱਸਦੇ ਭਾਰਤੀ ਮੂਲ ਦੇ ਸਿੱਖਾਂ ਨੂੰ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ। ਉਨ੍ਹਾਂ ਨੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਆਉਣ ਲਈ ਪ੍ਰੇਰਿਤ ਕਰਦਿਆਂ ਕਿਹਾ, "ਤੁਸੀਂ ਸਾਲ ਵਿੱਚ 10 ਵਾਰ ਪਾਕਿਸਤਾਨ ਆ ਸਕਦੇ ਹੋ ਅਤੇ ਅਸੀਂ ਹਰ ਵਾਰ ਤੁਹਾਡਾ ਸਵਾਗਤ ਕਰਾਂਗੇ।"

ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਾਊਦੀ ਅਰਬ ਮੁਸਲਮਾਨਾਂ ਲਈ ਪਵਿੱਤਰ ਹੈ, ਉਸੇ ਤਰ੍ਹਾਂ ਪਾਕਿਸਤਾਨ ਸਿੱਖ ਭਾਈਚਾਰੇ ਲਈ ਪਵਿੱਤਰ ਹੈ। ਉਨ੍ਹਾਂ ਐਲਾਨ ਕੀਤਾ ਕਿ ਪਾਕਿਸਤਾਨ ਵਿੱਚ ਕਈ ਸਿੱਖ ਵਿਰਾਸਤੀ ਥਾਵਾਂ ਨੂੰ ਦਰਸ਼ਨਾਂ ਲਈ ਖੋਲ੍ਹਿਆ ਜਾਵੇਗਾ ਅਤੇ ਇਸ ਸਬੰਧ ਵਿੱਚ ਕਿਸੇ ਪਰਮਿਟ ਦੀ ਲੋੜ ਨਹੀਂ ਹੋਵੇਗੀ।

ਮੰਤਰੀ ਨਕਵੀ ਨੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਸਾਲਾਨਾ 1 ਲੱਖ ਤੋਂ ਵਧਾ ਕੇ 10 ਲੱਖ ਕਰਨ ਦੀ ਇੱਛਾ ਪ੍ਰਗਟਾਈ, ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਆਕਰਸ਼ਿਤ ਕਰਨ 'ਤੇ ਜ਼ੋਰ ਦਿੱਤਾ। ਸਿੱਖ ਵਫ਼ਦ ਨੇ ਸ੍ਰੀ ਨਕਵੀ ਦੀ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਕੀਤਾ ਅਤੇ ਔਨਲਾਈਨ ਵੀਜ਼ਾ ਪ੍ਰੋਸੈਸਿੰਗ ਦੀ ਸੌਖਿਆਂ ਦੀ ਸ਼ਲਾਘਾ ਕਰਦਿਆਂ ਕਿਹਾ, “ਤੁਸੀਂ ਸਾਡਾ ਦਿਲ ਜਿੱਤ ਲਿਆ ਹੈ”।

ਪਾਕਿਸਤਾਨ ਗ੍ਰਹਿ ਮੰਤਰੀ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ 124 ਦੇਸ਼ਾਂ ਦੇ ਨਾਗਰਿਕਾਂ ਲਈ ਮੁਫਤ ਵੀਜ਼ਾ ਦੀ ਸਹੂਲਤ ਸ਼ੁਰੂ ਕੀਤੀ ਹੈ। ਦੁਨੀਆ ਭਰ ਦੇ ਸੈਲਾਨੀਆਂ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਵੀਜ਼ਾ ਨੀਤੀ ਵਿੱਚ ਇੱਕ ਵੱਡਾ ਬਦਲਾਅ ਕਰਦੇ ਹੋਏ, ਪਾਕਿਸਤਾਨ ਨੇ 14 ਅਗਸਤ ਨੂੰ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ ਫੀਸ ਪੂਰੀ ਤਰ੍ਹਾਂ ਮੁਆਫ ਕਰ ਦਿੱਤੀ।

Related Post