ਸਿੱਖ ਨੌਜਵਾਨ ਨੂੰ 'ਖਾਲਿਸਤਾਨੀ' ਕਹਿ ਕੇ ਕੁੱਟਿਆ, ਸ਼੍ਰੋਮਣੀ ਅਕਾਲੀ ਦਲ ਨੇ ਪੀੜਤ ਦੇ ਹੱਕ ’ਚ ਚੁੱਕੀ ਆਵਾਜ਼

ਹਰਿਆਣਾ ਦੇ ਕੈਥਲ ’ਚ ਇੱਕ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ। ਇਸ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਚੁੱਕਿਆ ਅਤੇ ਨੌਜਵਾਨ ਦਾ ਸਾਥ ਦੇਣ ਦੀ ਵੀ ਗੱਲ ਆਖੀ।

By  Aarti June 11th 2024 02:23 PM -- Updated: June 11th 2024 03:35 PM

Sikh Youth Beaten: ਹਰਿਆਣਾ ਦੇ ਕੈਥਲ ’ਚ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਨ੍ਹਾਂ ਹੀ ਨਹੀਂ ਕੁੱਟਮਾਰ ਤੋਂ ਪਹਿਲਾਂ ਵਿਅਕਤੀ ਨੂੰ ਖਾਲਿਸਤਾਨੀ ਵੀ ਕਿਹਾ ਗਿਆ। ਜਿਸ ਦਾ ਵਿਰੋਧ ਕਰਨ ’ਤੇ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ। ਇਸ ਮਾਮਲੇ ਨੂੰ  ਸ਼੍ਰੋਮਣੀ ਅਕਾਲੀ ਦਲ ਨੇ ਚੁੱਕਿਆ ਅਤੇ ਨੌਜਵਾਨ ਦਾ ਸਾਥ ਦੇਣ ਦੀ ਵੀ ਗੱਲ ਆਖੀ। 

ਖਾਲਿਸਤਾਨ ਕਹਿ ਕੇ ਨੌਜਵਾਨ ਨਾਲ ਕੀਤੀ ਕੁੱਟਮਾਰ 

ਮਿਲੀ ਜਾਣਕਾਰੀ ਮੁਤਾਬਿਕ ਪੀੜਤ ਸੁਖਵਿੰਦਰ ਡਿਫੈਂਸ ਕਲੋਨੀ ਕਰਨਾਲ ਰੋਡ, ਲੇਨ ਨੰਬਰ 2 ਵਿੱਚ ਫਰਨੀਚਰ ਦੀ ਦੁਕਾਨ ਚਲਾਉਂਦਾ ਹੈ। ਦੇਰ ਰਾਤ ਆਪਣੀ ਦੁਕਾਨ ਬੰਦ ਕਰਨ ਤੋਂ ਬਾਅਦ ਉਹ ਸਕੂਟਰ 'ਤੇ ਸੈਕਟਰ 19 ਪਾਰਟ ਵਨ ਸਥਿਤ ਆਪਣੇ ਘਰ ਨੂੰ ਪਰਤ ਰਿਹਾ ਸੀ ਜਦੋਂ ਗੇਟ ਟਰੇਨ ਆਉਣ ਕਾਰਨ ਉਹ ਬੰਦ ਹੋ ਗਿਆ ਤਾਂ ਉਹ ਫਾਟਕ ਖੁੱਲ੍ਹਣ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਆ ਕੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਫਰਾਰ ਹੋ ਗਏ।

 1984 ਦੇ ਦੰਗਿਆਂ ਦੀ ਦੇ ਕੇ ਗਏ ਧਮਕੀ- ਪੀੜਤ ਸੁਖਵਿੰਦਰ 

ਪੀੜਤ ਸੁਖਵਿੰਦਰ ਦਾ ਕਹਿਣਾ ਹੈ ਕਿ ਜਾਂਦੇ ਸਮੇਂ ਦੋਵਾਂ ਵਿਅਕਤੀਆਂ ਨੇ ਉਸ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਉਹ ਉਸ ਨੂੰ 1984 ਦੇ ਦੰਗਿਆਂ ਦੀ ਯਾਦ ਦਿਵਾਉਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਸੁਖਵਿੰਦਰ ਨੇ ਕਿਹਾ ਕਿ ਅਜਿਹੇ ਲੋਕ ਸਮਾਜ ਵਿੱਚ ਹਿੰਦੂ-ਸਿੱਖਾਂ ਦੀ ਭਾਈਚਾਰਕ ਸਾਂਝ ਨੂੰ ਤੋੜਨ ਦਾ ਕੰਮ ਕਰਦੇ ਹਨ, ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਭਾਈਚਾਰਾ ਨਾ ਵਿਗੜ ਸਕੇ।

ਸ਼੍ਰੋਮਣੀ ਅਕਾਲੀ ਦਲ ਨੇ ਚੁੱਕੀ ਆਵਾਜ਼ 

ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰਾ ਐਡਵੋਕੇਟ ਅਰਸ਼ਦੀਪ ਕਲੇਰ ਨੇ ਘਟਨਾ ਸਬੰਧੀ ਨਿਖੇਧੀ ਕਰਦੇ ਹੋਏ ਕਿਹਾ ਕਿ ਬਹੁਤ ਮੰਦਭਾਗੀ ਘਟਨਾ। ਹਰਿਆਣਾ ਦੇ ਕੈਥਲ ਵਿੱਚ ਇੱਕ ਸਿੱਖ ਨੌਜਵਾਨ ਸ. ਸੁਖਵਿੰਦਰ ਸਿੰਘ ਸਪੁੱਤਰ ਸ. ਸਾਦਾ ਸਿੰਘ ਪਿੰਡ ਬਾਲੂ ਬਾਟਾ, ਕੈਥਲ ਮੋਬਾਇਲ ਨੰਬਰ 8930750193 ਨੂੰ ਖਾਲਿਸਤਾਨੀ ਕਹਿ ਕੇ ਬੇਰਹਿਮੀ ਨਾਲ ਕੁੱਟਿਆ। ਕੌਣ ਹੈ ਇਸ ਲਈ ਜਿੰਮੇਵਾਰ। 


ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਸਰਕਾਰ ’ਤੇ ਚੁੱਕੇ ਸਵਾਲ 

ਉਨ੍ਹਾਂ ਅੱਗੇ ਕਿਹਾ ਕਿ ਕੰਗਣਾ ਰਣੌਤ, ਜਿਸਨੇ ਬਿਨਾਂ ਸੋਚੇ ਸਮਝੇ ਇੱਕ ਸਾਜਿਸ਼ ਤਹਿਤ ਇੱਕ ਜਜ਼ਬਾਤਾਂ ਦੀ ਘਟਨਾ ਨੂੰ ਅੱਤਵਾਦ ਦਾ ਨਾਮ ਦਿੱਤਾ ਜਾਂ ਫਿਰ ਉਹ ਨੈਸ਼ਨਲ ਮੀਡੀਆ ਜਿਸਨੇ ਸਿੱਖਾਂ ਦੇ ਖਿਲਾਫ ਮਾਹੌਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਅੱਜ ਮੈਂ ਪੁੱਛਣਾ ਚਾਹੁੰਦਾ ਹਾਂ ਜਥੇਦਾਰ ਦਾਦੂਵਾਲ ਕਿਥੇ। ਕੀ ਉਨ੍ਹਾਂ ਦਾ ਕੰਮ ਸਿੱਖ ਮਸਲਿਆਂ ਨੂੰ ਸੁਲਝਾਉਣ ਦਾ ਹੈ ਜਾਂ ਸਿਰਫ਼ ਬੀਜੇਪੀ ਲਈ ਪ੍ਰਚਾਰ ਕਰਨ ਦਾ। 

ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਤੁਰੰਤ ਇਸ ਵਿੱਚ ਦਖਲ ਦੇ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਨਾਲ ਹੀ ਫਿਰਕੂ ਭਾਵਨਾ ਭੜਕਾਉਣ ਲਈ ਕੰਗਣਾ ਰਣੌਤ ਨੂੰ ਵੀ ਇਸ ਮੁਕਦਮੇ ਵਿੱਚ ਦੋਸ਼ੀ ਬਣਾਇਆ ਜਾਣਾ ਚਾਹੀਦਾ ਹੈ।  ਸ਼੍ਰੋਮਣੀ ਅਕਾਲੀ ਦਲ ਸੁਖਵਿੰਦਰ ਸਿੰਘ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ।

ਪੀੜਤ ਸਿੱਖ ਵਿਅਕਤੀ ਦੀ ਵੀਡੀਓ ਆਈ ਸਾਹਮਣੇ

ਇਸ ਸਬੰਧੀ ਪੀੜਤ ਸਿੱਖ ਨੌਜਵਾਨ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ’ਚ ਨੌਜਵਾਨ ਦੱਸਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਫਾਟਕ ’ਤੇ ਇੱਕ ਗੱਡੀ ’ਚ ਆਏ ਵਿਅਕਤੀਆਂ ਨੇ ਉਸ ਨੂੰ ਖਾਲਿਸਤਾਨ ਆਖਿਆ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਖਾਲਿਸਤਾਨ ਕਿਉਂ ਆਖ ਰਹੇ ਹੋ। ਜਿਸ ਤੋਂ ਬਾਅਦ ਉਨ੍ਹਾਂ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਨੌਜਵਾਨ ਨੇ ਦੱਸਿਆ ਕਿ ਉਸਨੂੰ ਇੱਟਾਂ ਦੇ ਨਾਲ ਕੁੱਟਿਆ ਗਿਆ ਹੈ ਅਤੇ ਉਨ੍ਹਾਂ ਵਿਅਕਤੀਆਂ ਨੂੰ ਉਹ ਜਾਣਦਾ ਵੀ ਨਹੀਂ ਹੈ। 

ਇਹ ਵੀ ਪੜ੍ਹੋ:  ਚੰਡੀਗੜ੍ਹ ’ਚ ਟਾਵਰ ’ਤੇ ਚੜ੍ਹਿਆ ਨੌਜਵਾਨ, ਪੁਲਿਸ ਵੱਲੋਂ ਨੌਜਵਾਨ ਨੂੰ ਹੇਠਾਂ ਉਤਾਰਨ ਲਈ ਜੱਦੋ ਜਹਿਦ ਜਾਰੀ

Related Post