ਸ਼ਹੀਦੀ ਜੋੜ ਮੇਲ ਸ੍ਰੀ ਮੁਕਤਸਰ ਸਾਹਿਬ ’ਤੇ ਵਿਸ਼ੇਸ਼

ਸ੍ਰੀ ਮੁਕਤਸਰ ਸਾਹਿਬ ਮੁਕਤੀ ਜਾਂ ਮੁਕਤ ਪਦ ਨੂੰ ਪ੍ਰਾਪਤ ਹੋਏ 40 ਸਿੰਘਾਂ, ਜੋ ਗੁਰੂ ਗੋਬਿੰਦ ਸਾਹਿਬ ਜੀ ਨੂੰ ਬੇਦਾਵਾ ਦੇ ਜਾਣ ਤੋਂ ਬਾਅਦ ਦੁਬਾਰਾ ਆ ਕੇ ਗੁਰੂ ਸਾਹਿਬ ਤੋਂ ਮੁਆਫੀ ਮੰਗ ਕੇ ਇਸ ਸਥਾਨ ਤੇ ਸ਼ਹਾਦਤ ਦਾ ਜਾਮ ਪੀ ਗਏ ਤੇ ਉਹਨਾਂ ਹੀ ਸ਼ਹੀਦ ਸਿੰਘਾਂ ਦੀ ਯਾਦ ਵਿਚ ਇਸ ਸਥਾਨ ਦਾ ਨਾਂ 'ਮੁਕਤਸਰ' ਪ੍ਰਸਿੱਧ ਹੋਇਆ ਹੈ।

By  Aarti May 3rd 2024 06:00 AM

Shaheedi Jor Mel Sri Muktsar Sahib: ਸ੍ਰੀ ਮੁਕਤਸਰ ਸਾਹਿਬ ਮੁਕਤੀ ਜਾਂ ਮੁਕਤ ਪਦ ਨੂੰ ਪ੍ਰਾਪਤ ਹੋਏ 40 ਸਿੰਘਾਂ, ਜੋ ਗੁਰੂ ਗੋਬਿੰਦ ਸਾਹਿਬ ਜੀ ਨੂੰ ਬੇਦਾਵਾ ਦੇ ਜਾਣ ਤੋਂ ਬਾਅਦ ਦੁਬਾਰਾ ਆ ਕੇ ਗੁਰੂ ਸਾਹਿਬ ਤੋਂ ਮੁਆਫੀ ਮੰਗ ਕੇ ਇਸ ਸਥਾਨ ਤੇ ਸ਼ਹਾਦਤ ਦਾ ਜਾਮ ਪੀ ਗਏ ਤੇ ਉਹਨਾਂ ਹੀ ਸ਼ਹੀਦ ਸਿੰਘਾਂ ਦੀ ਯਾਦ ਵਿਚ ਇਸ ਸਥਾਨ ਦਾ ਨਾਂ 'ਮੁਕਤਸਰ' ਪ੍ਰਸਿੱਧ ਹੋਇਆ ਹੈ। ਮੁਕਤਸਰ ਦਾ ਇਲਾਕਾ ਪੁਰਾਤਨ ਕਾਲ ਤੋਂ ਜੰਗਲੀ ਇਲਾਕਾ ਹੋਣ ਕਰਕੇ ਇਥੇ ਪਾਣੀ ਦੀ ਬੜੀ ਥੁੜ ਸੀ। ਧਰਤੀ ਦਾ ਤਲ ਦੂਰ ਹੋਣ ਕਰਕੇ ਇਕ ਤਾਂ ਖੂਹ ਲੱਗਣੇ ਉਸ ਸਮੇਂ ਉਂਝ ਹੀ ਬੜੇ ਔਖੇ ਸਨ ਤੇ ਦੂਜੇ ਜੇ ਕਿਸੇ ਪਾਸੇ ਖੂਹ ਲਗਾਉਣ ਦਾ ਯਤਨ ਵੀ ਕੀਤਾ ਜਾਂਦਾ ਤਾਂ ਥੱਲਿਓਂ ਪਾਣੀ ਇੰਨਾ ਖਾਰਾ ਨਿਕਲਦਾ ਸੀ ਜੋ ਪੀਣ ਯੋਗ ਨਹੀਂ ਸੀ ਹੁੰਦਾ। ਜੇ ਕੋਈ ਵਿਅਕਤੀ ਅਜਿਹਾ ਪਾਣੀ ਪੀ ਵੀ ਲੈਂਦਾ ਤਾਂ ਉਹ ਦਸਤ ਜਾਂ ਮਰੋੜ ਲੱਗਣ ਕਰਕੇ ਬਿਮਾਰ ਹੋ ਜਾਂਦਾ ਸੀ। ਇਸ ਕਰਕੇ ਇਸ ਇਲਾਕੇ ਦੇ ਲੋਕਾਂ ਦੁਆਰਾ ਉਸ ਸਮੇਂ ਛੱਪੜਾਂ, ਢਾਬਾਂ ਜਾਂ ਬਰਸਾਤੀ ਪਾਣੀ ਜੋ ਪੰਜ-ਦਸ ਮੀਲ ਤੋਂ ਦੂਰ ਬੜੇ ਯਤਨਾਂ ਨਾਲ ਲਿਆਇਆ ਜਾਂਦਾ ਸੀ, ਉਹ ਪੀ ਕੇ ਗੁਜ਼ਾਰਾ ਕਰਦੇ ਸਨ।

ਇਤਿਹਾਸਿਕ ਸਰੋਤਾਂ ਅਨੁਸਾਰ ਦਸਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੋਹ ਸੰਮਤ 1761 ਬਿਕਰਮੀ ਸੰਨ 1704 ਵਿਚ ਜਦ ਮੁਗਲ ਬਾਦਸ਼ਾਹ ਔਰੰਗਜ਼ੇਬ ਦੀਆਂ ਫ਼ੌਜਾਂ ਨਾਲ ਧਰਮ ਯੁੱਧ ਕਰਕੇ ਸ੍ਰੀ ਆਨੰਦਪੁਰ ਸਾਹਿਬ ਦਾ ਵਸੇਬਾ ਛੱਡਿਆ ਤੇ ਆਪ ਬੜੀਆਂ ਤਕਲੀਫਾਂ ਵਿਚ ਆਪਣਾ ਆਪ ਵਾਰ ਕੇ, ਸਰਬੰਸ ਕੁਰਬਾਨ ਕਰਕੇ ਕੀਰਤਪੁਰ, ਰੋਪੜ, ਕੋਟਲਾ, ਚਮਕੌਰ ਆਦਿ ਤੋਂ ਲੰਘਦੇ ਕਈ ਥਾਵਾਂ 'ਚੋਂ ਗੁਜ਼ਰਦੇ ਹੋਏ ਕੋਟਕਪੁਰੇ ਪਹੁੰਚੇ ਤਾਂ ਰਸਤੇ ਵਿਚ ਖਬਰਾਂ ਮਿਲੀਆਂ ਕਿ ਸੂਬਾ ਸਰਹੰਦ ਤੇ ਦਿੱਲੀ ਦੀਆਂ ਸ਼ਾਹੀ ਫ਼ੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਹਨ ਤਾਂ ਗੁਰੂ ਸਾਹਿਬ ਨੇ ਆਪਣੇ ਯੋਧਿਆਂ ਦੀ ਮਦਦ ਤੇ ਭਰੋਸੇ 'ਤੇ ਰਸਤੇ ਵਿਚ ਬੜੇ ਜੋਸ਼ ਨਾਲ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਦੁਸ਼ਮਣ ਦਾ ਟਾਕਰਾ ਕਰਨ ਲਈ ਕਮਰ ਕੱਸੇ ਕਸ ਲਏ। ਜਦੋਂ ਕਲਗੀਧਰ ਪਾਤਿਸ਼ਾਹ ਖਿਦਰਾਣੇ ਅਜੇ ਪੁੱਜੇ ਹੀ ਸਨ ਕਿ ਪਿੱਛੇ ਦੁਸ਼ਮਣ ਦੀਆਂ ਫ਼ੌਜਾਂ, ਜਿਨ੍ਹਾਂ ਦੇ ਨਾਲ ਸੂਬਾ ਸਰਹਿੰਦ ਤੇ ਚੌਧਰੀ ਕਪੂਰ ਸਿੰਘ ਨੂੰ ਵੀ ਮੁਗਲ ਹਕੂਮਤ ਵੱਲੋਂ ਇਲਾਕੇ ਦਾ ਚੌਧਰੀ ਹੋਣ ਕਰਕੇ ਸ਼ਾਮਿਲ ਕਰ ਲਿਆ ਸੀ, ਦੂਰੋਂ ਧੂੜ ਧੁਮਾਈ ਆਉਂਦੀਆਂ ਨਜ਼ਰ ਆਈਆਂ। ਗੁਰੂ ਸਾਹਿਬ ਜੀ ਨੇ ਨਾਲ ਲੱਗਦੀ ਟਿੱਬੀ ਉੱਤੇ ਮੋਰਚਾ ਲਾ ਲਿਆ। ਇਸੇ ਦੌਰਾਨ 40 ਸਿੰਘਾਂ ਦਾ ਇਕ ਜੱਥਾ ਜੋ ਪੰਜਾਬ ਦੇ ਮਾਝੇ ਦੇ ਇਲਾਕੇ ਵਿਚੋਂ ਆਇਆ ਸੀ, ਦੁਸ਼ਮਣ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਢਾਬ 'ਤੇ ਉਸ ਪਾਸੇ ਡੱਟ ਗਿਆ, ਜਿਧਰੋਂ ਦੁਸ਼ਮਣ ਫ਼ੌਜਾਂ ਆ ਰਹੀਆਂ ਸਨ ।

ਸਿੱਖ ਪਰੰਪਰਾ ਅਨੁਸਾਰ, ਇਹ ਉਹ ਸਿੰਘ ਸਨ, ਜੋ ਪਿਛਲੇ ਸਮੇਂ ਸ੍ਰੀ ਆਨੰਦਪੁਰ ਸਾਹਿਬ ਦੀ ਲੜਾਈ ਸਮੇਂ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਆਪਣੇ ਘਰਾਂ ਨੂੰ ਪਰਤ ਗਏ ਸਨ। ਪਰ ਜਦੋਂ ਇਲਾਕੇ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਦੇ ਬਹੁਤ ਤਾਹਨੇ-ਮਿਹਣਿਆਂ ਦੇ ਵਿਰੋਧ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ। ਔਰਤਾਂ ਨੇ ਤਾਂ ਇਹਨਾਂ ਨੂੰ ਆਪਣੀਆਂ ਚੂੜੀਆਂ ਤੱਕ ਲਾਹ ਕੇ ਦੇ ਦਿੱਤੀਆਂ ਸਨ ਅਤੇ ਆਖਿਆ ਸੀ ਕਿ ਉਹ ਉਹਨਾਂ ਨੂੰ ਪਹਿਨ ਕੇ ਘਰ ਵਿਚ ਬੈਠ ਜਾਣ ਅਤੇ ਉਹ ਜਾਣਗੀਆਂ ਗੁਰੂ ਪਾਤਿਸ਼ਾਹ ਦੇ ਵਾਸਤੇ ਕੁਰਬਾਨ ਹੋਣ ਲਈ। ਇਹਨਾਂ ਵਿਚ ਝਬਾਲ ਪਿੰਡ ਦੀ ਰਹਿਣ ਵਾਲੀ ਇਕ 'ਮਾਈ ਭਾਗੋ' ਨਾਂ ਦੀ ਔਰਤ ਵੀ ਸੀ ਜੋ ਦਲੇਰ ਅਤੇ ਜਾਂਬਾਜ਼ ਸੀ। ਉਸਨੇ ਖਾਲਸੇ ਦੀ ਚੜ੍ਹਦੀ ਕਲਾ ਕਾਇਮ ਰੱਖਣ ਲਈ ਉਹਨਾਂ ਸਿੰਘਾਂ ਨੂੰ ਕੁਰਬਾਨੀਆਂ ਦੇਣ ਵਾਸਤੇ ਤਿਆਰ ਕੀਤਾ। ਸਾਰੇ ਸਿੰਘ ਭਾਈ ਮਹਾਂ ਸਿੰਘ ਦੀ ਜੱਥੇਦਾਰੀ ਹੇਠ ਗੁਰੂ ਸਾਹਿਬ ਨੂੰ ਮਿਲਣ ਲਈ ਰਵਾਨਾ ਹੋਏ। ਜਦੋਂ ਇਹ ਜੱਥਾ ਖਿਦਰਾਣੇ ਦੀ ਢਾਬ ਨੇੜੇ ਪੁੱਜਾ ਤਾਂ ਉਦੋਂ ਇਹਨਾਂ ਨੂੰ ਦੁਸ਼ਮਣ ਫ਼ੌਜਾਂ ਵੱਲੋਂ ਗੁਰੂ ਸਾਹਿਬ ਦਾ ਪਿੱਛਾ ਕਰਨ ਦਾ ਪਤਾ ਲੱਗਾ। ਇਹਨਾਂ ਨੇ ਦੁਸ਼ਮਣ ਨੂੰ ਢਾਬ ਦੇ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਘੇਰਨ ਦਾ ਫੈਸਲਾ ਕਰ ਲਿਆ । ਦੁਸ਼ਮਣ ਨੂੰ  ਭੁਲੇਖਾ ਪਾਉਣ ਲਈ ਇਹਨਾਂ ਨੇ ਆਪਣੇ ਪਾਸ ਵਾਧੂ ਲੀੜੇ-ਕੱਪੜਿਆਂ ਨੂੰ ਝਾੜੀਆਂ ਉੱਤੇ ਇਸ ਤਰ੍ਹਾਂ ਪਾ ਦਿੱਤਾ ਕਿ ਉੱਥੇ ਇਕ ਵੱਡੀ ਫ਼ੌਜ ਹੋਣ ਦਾ ਆਭਾਸ ਹੋਵੇ ਅਤੇ ਆਪਣੇ ਦੂਜੇ ਪਾਸੇ ਆਪ ਡੇਰੇ ਲਾ ਲਏ ਭਾਵ ਡੱਟ ਗਏ। ਦੁਸ਼ਮਣ ਦੇ ਨੇੜੇ ਆਉਣ 'ਤੇ ਇਹਨਾਂ ਉਸ ਉੱਤੇ ਜ਼ੋਰਦਾਰ ਹਮਲਾ ਬੋਲਿਆ ਤੇ ਉਸਦਾ ਭਾਰੀ ਨੁਕਸਾਨ ਕੀਤਾ। ਇਕ ਵੱਡੀ ਗਿਣਤੀ ਵਾਲੇ ਦੁਸ਼ਮਣ ਅੱਗੇ ਇਸ ਛੋਟੇ ਜਿਹੇ ਜੱਥੇ ਨੇ ਕਮਾਲ ਦੀ ਬਹਾਦਰੀ ਦਿਖਾਈ। ਜਿਸ ਵਿਚ ਸਾਰੇ ਸਿੰਘ ਲੜਦੇ-ਲੜਦੇ ਸ਼ਹੀਦੀਆਂ ਪਾ ਗਏ। ਅਸਮਾਨਤਾ ਵਾਲੀ ਇਸ ਲੜਾਈ ਨੂੰ ਗੁਰੂ ਸਾਹਿਬ ਦੇਖ ਰਹੇ ਸਨ ਤੇ ਦੁਸ਼ਮਣ ਫ਼ੌਜਾਂ ਉੱਤੇ ਤੀਰਾਂ ਦੀ ਵਰਖਾ ਕਰ ਰਹੇ ਸਨ। ਸ਼ਾਮ ਹੋਣ ਤੋਂ ਪਹਿਲਾਂ ਹੀ ਦੁਸ਼ਮਣ ਆਪਣੇ ਸਾਥੀਆਂ ਦੀਆਂ ਲਾਸ਼ਾਂ ਉਥੇ ਛੱਡ ਕੇ ਮੈਦਾਨ ਤੋਂ ਭੱਜ ਗਏ।

ਮੁਕਤਸਰ ਦੀ ਜੰਗ ਦੁਨੀਆਂ ਦੇ ਇਤਿਹਾਸ ਵਿਚ ਸਮੂਹਿਕ ਸ਼ਹਾਦਤ, ਅਸਾਂਵੀ ਟੱਕਰ ਅਤੇ ਜਿੱਤ ਦੇ ਦ੍ਰਿੜ ਸੰਕਲਪ ਦੀ ਅਦੁੱਤੀ ਮਿਸਾਲ ਹੈ। ਸੂਰਬੀਰਤਾ ਦੀ ਇਹ ਅਦੁੱਤੀ ਮਿਸਾਲ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਮਹਾਨ ਆਦਰਸ਼ਾਂ ਅਤੇ ਅਮਲੀ ਪ੍ਰੇਰਣਾ ਦਾ ਸਿੱਟਾ ਸੀ। ਅਕਾਲ ਪੁਰਖ ਦੇ ਹੁਕਮਾਂ ਦੀ ਪਾਲਣਾ ਦੇ ਉਦੇਸ਼ ਲਈ ਗੁਰੂ ਜੀ ਨੇ ਖਾਲਸੇ ਦੀ ਸਾਜਨਾ ਕੀਤੀ। ਸਿੱਖੀ ਦੇ ਮਾਰਗ 'ਤੇ ਚੱਲਣ  ਲਈ ਸਿਰ ਤਲੀ 'ਤੇ ਧਰਨੇ ਅਤੇ ਕਿਸੇ ਕਿਸਮ ਦੀ ਕੋਈ ਝਿਜਕ ਨਾ ਰੱਖਣ ਦੀ ਸ਼ਰਤ ਗੁਰੂ ਨਾਨਕ ਸਾਹਿਬ ਨੇ ਹੀ ਲਾਈ ਸੀ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਨੇ ਵੀ ਇਹੋ ਆਦਰਸ਼ ਖਾਲਸੇ ਦੇ ਸਾਹਮਣੇ ਰੱਖਿਆ ਸੀ। ਗੁਰੂ ਨਾਨਕ ਪਾਤਿਸ਼ਾਹ ਦਾ ਬੜਾ ਸੋਹਣਾ ਫੁਰਮਾਨ ਹੈ :

ਜਉ ਤਉ ਪ੍ਰੇਮ ਖੇਲਣ ਕਾ ਚਾਉ ॥

ਸਿਰੁ ਧਰਿ ਤਲੀ ਗਲੀ ਮੇਰੀ ਆਉ ॥

ਇਤੁ ਮਾਰਗਿ ਪੈਰੁ ਧਰੀਜੈ ॥

ਸਿਰੁ ਦੀਜੈ ਕਾਣਿ ਨ ਕੀਜੈ ॥

ਇਹਨਾਂ ਸਿੰਘਾਂ ਨੇ ਗੁਰੂ ਮਾਰਗ 'ਤੇ ਆਪਣੇ ਸੀਸ ਭੇਟ ਕਰਕੇ ਸਿੱਖ ਧਰਮ ਦੀ ਅਗੰਮੀ ਸੂਰਬੀਰਤਾ ਅਤੇ ਆਤਮ ਬਲੀਦਾਨ ਦੀ ਇਨਕਲਾਬੀ ਭਾਵਨਾ ਨੂੰ ਸਿਖਰ 'ਤੇ ਪਹੁੰਚਾ ਦਿੱਤਾ। ਸ਼ਹਾਦਤ ਇਸ ਅੰਦਰਲੀ ਕਿਰਿਆ ਦਾ ਬਾਹਰੀ ਰੂਪੀ ਹੁੰਦਾ ਹੈ।  ਕੁਰਬਾਨੀ ਦੀ ਭਾਵਨਾ ਸਿੱਖ ਧਰਮ ਦੀ ਹੀ ਦੇਣ ਹੈ। ਗੁਰੂ ਸਾਹਿਬ ਦੇ ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਮੁਕਤਸਰ ਦੀ ਧਰਤੀ 'ਤੇ ਸ਼ਹੀਦ ਹੋਣ ਵਾਲੇ ਸਿੰਘਾਂ ਨੇ ਬਹੁਤ ਮਹਾਨ ਕਾਰਜ ਕੀਤਾ ਸੀ। ਭਾਵੇਂ ਕਿਸੇ ਵੇਲੇ ਗੁਰੂ ਜੀ ਕੋਲੋਂ ਚਲੇ ਗਏ ਸਨ ਅਤੇ ਬੇਦਾਵਾ ਲਿਖ ਕੇ ਦੇ ਗਏ ਸਨ, ਪਰ ਜਦੋਂ ਮੁੜ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਵਿਚ ਆਪਣਾ ਸੀਸ ਭੇਟ ਕਰ ਦਿੱਤਾ ਤਾਂ ਗੁਰੂ ਸਾਹਿਬ ਦੇ ਦਿਲ ਵਿਚ ਉਹਨਾਂ ਲਈ ਅਥਾਹ ਪਿਆਰ ਜਾਗ ਉੱਠਿਆ। ਉਹ ਜੰਗ ਦੀ ਥਾਂ 'ਤੇ ਆਏ ਅਤੇ ਇਕ-ਇਕ ਸਿੰਘ ਨੂੰ ਗੋਦ ਵਿਚ ਲੈ ਕੇ ਪਿਆਰ ਦਿੱਤਾ। ਇਹਨਾਂ ਨੇ ਗੁਰੂ ਦੀ ਸੇਵਾ ਵਿਚ ਧਰਮ ਦੇ ਕਾਰਜ ਲਈ ਆਪਣੀ ਮਰਜ਼ੀ ਨਾਲ ਸ਼ਹੀਦੀ ਦਿੱਤੀ ਸੀ। ਇਹ ਸਿੱਖ ਸਿੱਖੀ ਦੀ ਪ੍ਰੀਖਿਆ ਵਿਚ ਪੂਰੀ ਤਰ੍ਹਾਂ ਪਾਸ ਹੋ ਚੁੱਕੇ ਸਨ। ਗੁਰੂ ਸਾਹਿਬ ਨੇ ਇਹਨਾਂ ਨੂੰ ਮੁਕਤੀ ਪ੍ਰਦਾਨ ਕੀਤੀ ਅਤੇ ਅਮਰ ਪਦਵੀ ਬਖਸ਼ੀ । ਇਹਨਾਂ ਦੇ ਮੁਕਤੀ ਦੀ ਪਦਵੀ ਪ੍ਰਾਪਤ ਕਰਕੇ ਇਹ ਥਾਂ ਬਹੁਤ ਪਵਿੱਤਰ ਹੋ ਚੁੱਕੀ ਸੀ। ਗੁਰੂ ਸਾਹਿਬ ਨੇ ਇਸ ਥਾਂ ਦਾ ਨਾਂ ਆਪ 'ਮੁਕਤਸਰ' ਰੱਖਿਆ ਅਤੇ ਹੁਕਮ ਕੀਤਾ ਕਿ ਇਸ ਨੂੰ ਕੋਈ ਖਿਦਰਾਣਾ ਨਾ ਆਖੇ। ਸਿੱਖ ਇਤਿਹਾਸ ਵਿਚ ਇਸ ਸਥਾਨ ਦਾ ਭਾਰੀ ਇਤਿਹਾਸਕ ਅਤੇ ਅਧਿਆਤਮਕ ਮਹੱਤਵ ਹੈ। ਇਹਨਾਂ 40 ਮੁਕਤਿਆਂ ਦੀ ਯਾਦ ਸਿੱਖੀ ਸਿਦਕ ਦੀ ਪ੍ਰੇਰਣਾ ਦਾ ਅਥਾਹ ਸੋਮਾ ਹੈ। ਇਸ ਅਸਥਾਨ ਦੀ ਛੋਹ ਪਾ ਕੇ ਮਾਇਆ ਦੇ ਬੰਧਨ ਟੁੱਟਦੇ ਹਨ ਅਤੇ ਤਨ ਮਨ ਨਿਰਮਲ ਹੁੰਦਾ ਹੈ। ਸ਼ਹੀਦਾਂ ਦਾ ਅਸਥਾਨ ਕਿੰਨਾ ਸਤਿਕਾਰਯੋਗ ਹੁੰਦਾ ਹੈ, ਇਸ ਬਾਰੇ ਇਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਹੈ :

ਸ਼ਹੀਦੋਂ ਕੀ ਕਤਲਗਾਹ ਸੇ

ਕਿਆ ਬਿਹਤਰ ਹੈ ਕਾਬਾ

ਸ਼ਹੀਦੋਂ ਕੀ ਖਾਕ ਪੇ ਤੋ

ਖੁਦਾ ਭੀ ਕੁਰਬਾਨ ਹੋਤਾ ਹੈ।

ਅਜਿਹੀ ਵਿਲੱਖਣ ਅਤੇ ਅਲੌਕਿਕ ਵਿਰਾਸਤ ਦੀ ਮਾਲਿਕ ਸਿੱਖ ਕੌਮ ਅੰਦਰ, ਅੱਜ ਜੋ ਆਚਾਰ ਵਿਹਾਰ, ਸੰਜਮ ਅਤੇ ਸਭਿਆਚਾਰਕ ਪੱਧਰ ਉੱਤੇ ਆ ਰਿਹਾ ਨਿਘਾਰ ਅਤਿ ਚਿੰਤਾ ਦਾ ਵਿਸ਼ਾ ਹੈ, ਅੱਜ ਲੋੜ ਹੈ ਕਿ ਅਸੀਂ ਆਪਣੇ ਅੰਦਰ ਝਾਤ ਮਾਰੀਏ। ਆਪਣੀ ਮਹਾਨ ਵਿਰਾਸਤ ਤੋਂ ਜਾਣੂ ਹੋਈਏ ਅਤੇ ਗੁਰਮਤਿ ਸਿਧਾਂਤਾਂ ਤੋਂ ਸੇਧ ਲੈ ਕੇ ਅਸਲੀ ਖਾਲਸਾਈ ਰੂਪ ਵਿਚ ਵਿਚਰੀਏ। ਇਸ ਮਹਾਨ ਕਾਰਜ ਲਈ ਸਮੂਹ ਸਿੱਖ ਸੰਸਥਾਵਾਂ, ਸੰਪ੍ਰਦਾਵਾਂ, ਸਿੱਖ ਬੁੱਧੀਜੀਵੀਆਂ, ਸੰਤਾਂ-ਮਹਾਂਪੁਰਖਾਂ ਤੇ ਖਾਸ ਕਰਕੇ ਮਾਪਿਆਂ ਨੂੰ ਯੋਜਨਾਬੱਧ ਤਰੀਕੇ ਨਾਲ ਹੰਭਲਾ ਮਾਰਨਾ ਚਾਹੀਦਾ ਹੈ। ਆਓ, ਉਹਨਾਂ ਮਹਾਨ 40 ਮੁਕਤਿਆਂ ਅੱਗੇ ਪੂਰੀ ਸ਼ਰਧਾ, ਸਤਿਕਾਰ ਅਤੇ ਸਨਮਾਨ ਨਾਲ ਸੀਸ ਝੁਕਾਈਏ ਅਤੇ ਸਤਿਗੁਰੂ ਦੇ ਦੱਸੇ ਮਾਰਗ ਉੱਤੇ ਚੱਲਣ ਦਾ ਪ੍ਰਣ ਕਰੀਏ।

Related Post