ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਗੋਲਡ ਮੈਡਲ ਤੇ ਸ਼ੁਭਦੀਪ ਮਮਤਾ ਐਵਾਰਡ ਨਾਲ ਕੀਤਾ ਸਨਮਾਨ
ਮਾਨਸਾ : ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਮਲਕੀਤ ਸਿੰਘ ਦਾਖਾ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਨੇ ਪਿੰਡ ਮੂਸਾ ਵਿਖੇ ਪਹੁੰਚ ਕੇ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਦਾ ਗੋਲਡ ਮੈਡਲ ਅਤੇ ਸ਼ੁਭਦੀਪ ਮਮਤਾ ਐਵਾਰਡ ਨਾਲ ਸਨਮਾਨ ਕੀਤਾ।
ਸਿੱਧੂ ਮੂਸੇਵਾਲਾ ਹਮੇਸ਼ਾ ਯਾਦ ਰਹੇਗਾ
ਇਸ ਮੌਕੇ ਬੋਲਦਿਆਂ ਮੰਚ ਦੇ ਚੇਅਰਮੈਨ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਉਹ ਹੀਰਾ ਸੀ, ਜਿਸਨੇ ਪੂਰ੍ਹੀ ਦੁਨੀਆ ਦੇ ਵਿੱਚ ਮਾਨਸਾ ਜ਼ਿਲ੍ਹੇ ਅਤੇ ਪੂਰੇ ਪੰਜਾਬ ਦਾ ਨਾਮ ਚਮਕਾਇਆ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਨੇ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਝੰਡਾ ਦੁੁਨੀਆਂ ਭਰ ’ਚ ਬੁਲੰਦ ਕਰ ਕੇ ਪੰਜਾਬੀਆ ਦਾ ਸਿਰ ਉੱਚਾ ਕੀਤਾ ਹੈ।
ਮੂਸੇਵਾਲਾ ਦੇ ਪਿਤਾ ਦੀ ਅਪੀਲ
ਮੰਚ ਵੱਲੋਂ ਸਨਮਾਨਿਤ ਕੀਤੇ ਜਾਣ ਉਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਮੰਚ ਦਾ ਧੰਨਵਾਦ ਕੀਤਾ । ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੰਚ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਨਮਾਨ ਲੈਣ ਦੇ ਲਈ ਨਹੀਂ ਪਹੁੰਚ ਸਕੇ। ਉਨ੍ਹਾਂ ਨੂੰ ਦੁੱਖ ਹੈ ਪਰ ਉਨ੍ਹਾਂ ਦੇ ਬੇਟੇ ਦੇ ਕਤਲ ਨੂੰ ਅੱਜ 10 ਮਹੀਨੇ ਦੇ ਕਰੀਬ ਹੋਣ ਵਾਲਾ ਹੈ ਪਰ ਇਨਸਾਫ਼ ਨਹੀ ਮਿਲ ਰਿਹਾ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਉਹ ਇੱਕ ਆਮ ਵਿਅਕਤੀ ਸੀ ਇਸ ਲਈ ਅੱਜ ਤੱਕ ਉਹ ਇਨਸਾਫ਼ ਦੇ ਲਈ ਦਰ ਦਰ ਦੀਆਂ ਠੋਕਰਾ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਫੌਜ ਚੋ ਸੇਵਾ ਮੁਕਤ ਹੋਏ ਹਨ ਤੇ ਇਨਸਾਫ਼ ਪਸੰਦ ਵਿਅਕਤੀ ਹਨ। ਸੜਕ ਉਤੇ ਧਰਨਾ ਦੇ ਕੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਆਪ ਸਭ ਨੂੰ ਅਪੀਲ ਹੈ ਕਿ ਸਿੱਧੂ ਨੂੰ ਇਨਸਾਫ਼ ਦਿਵਾਉਣ ਦੇ ਲਈ ਸਰਕਾਰ ਉਤੇ ਦਬਾ ਬਣਾਉਣ।