'...ਰਸਤਾ ਭਟਕ ਚੁੱਕੇ ਨੌਜਵਾਨਾਂ ਦੇ ਕੀਤੇ ਜਾ ਰਹੇ Encounter', ਸਿੱਧੂ ਮੂਸੇਵਾਲਾ ਦੇ ਪਿਤਾ ਦਾ ਮਾਨ ਸਰਕਾਰ 'ਤੇ ਨਿਸ਼ਾਨਾ
ਚੰਡੀਗੜ੍ਹ: ਪੰਜਾਬ ਵਿੱਚ ਧੜਾਧੜ ਹੋ ਰਹੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਿਆਂ 'ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਵਾਲ ਤਿੱਖੇ ਸਵਾਲ ਚੁੱਕੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਗੈਂਗਸਟਰਾਂ ਦੇ ਐਨਕਾਊਂਟਰਾਂ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਜਿਨ੍ਹਾਂ ਦੇ ਐਨਕਾਊਂਟਰ ਕਰਨੇ ਹਨ, ਉਨ੍ਹਾਂ ਨੂੰ ਤਾਂ ਸਰਕਾਰੀ ਸਹੂਲਤਾਂ ਪ੍ਰਾਪਤ ਹਨ, ਤਾਂ ਫਿਰ ਕੀ ਇਹ ਐਨਕਾਊਂਟਰ ਸਹੀ ਹਨ?
ਬਲਕੌਰ ਸਿੰਘ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਗੈਂਗਸਟਰਾਂ ਦੇ ਐਨਕਾਊਂਟਰ ਅਸਲ ਵਿੱਚ ਕਰਨ ਹਨ, ਉਨ੍ਹਾਂ ਨੂੰ ਤਾਂ ਸਰਕਾਰ ਜੇਲ੍ਹਾਂ ਵਿੱਚ ਹੀ ਸਹੂਲਤਾਂ ਪ੍ਰਦਾਨ ਕਰ ਰਹੀ ਹੈ , ਪਰ ਜਿਹੜੇ ਨੌਜਵਾਨ ਰਸਤਾ ਭਟਕ ਚੁੱਕੇ ਹਨ, ਉਨ੍ਹਾਂ ਦਾ ਹੀ ਮੁਕਾਬਲਾ ਕਰਕੇ ਐਨਕਾਊਂਟਰ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਪੰਜਾਬ ਵਿੱਚ ਕੋਈ ਵੱਡਾ ਐਨਕਾਊਂਟਰ ਹੋਵੇਗਾ, ਉਸ ਦਿਨ ਉਹ ਖੁਦ ਵੀ ਕਹਿਣਗੇ ਕਿ ਇਹ ਸਹੀ ਐਨਕਾਊਂਟਰ ਹੈ।
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦਿਨ-ਦਿਹਾੜੇ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਪਰ ਉਦੋਂ ਤੋਂ ਲੈ ਕੇ ਅਜੇ ਤੱਕ ਮਾਮਲੇ ਵਿੱਚ ਪੂਰੀ ਤਰ੍ਹਾਂ ਇਨਸਾਫ ਨਹੀਂ ਮਿਲਿਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਮੁੱਖ ਮੁਲਜ਼ਮ ਗੋਲਡੀ ਬਰਾੜ ਕੈਨੇਡਾ ਵਿੱਚ ਬੈਠਾ ਹੈ, ਜਦਕਿ ਲਾਰੈਂਸ ਬਿਸ਼ਨੋਈ ਪਹਿਲਾਂ ਹੀ ਜੇਲ੍ਹ ਵਿੱਚ ਹੈ।
ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਵਿੱਚ ਆਏ ਦੂਜੇ-ਤੀਜੇ ਦਿਨ ਪੁਲਿਸ ਤੇ ਗੈਂਗਸਟਰਾਂ 'ਚ ਗੋਲੀਬਾਰੀ ਹੋ ਰਹੀ ਹੈ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਿਰਫ 3 ਹਫਤਿਆਂ ਵਿੱਚ ਹੀ ਲੁਧਿਆਣਾ, ਮਾਨਸਾ, ਮੋਹਾਲੀ, ਜਲੰਧਰ ਤੇ ਪਟਿਆਲਾ ਅੰਦਰ 14 ਮੁਕਾਬਲੇ ਹੋਏ ਹਨ, ਜਿਸ ਦੌਰਾਨ 3 ਗੈਂਗਸਟਰਾਂ ਦੀ ਮੌਤ ਹੋ ਗਈ, ਜਦਕਿ 10 ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ।
ਬਲਕੌਰ ਸਿੰਘ ਨੇ ਕਾਂਗਰਸ ਨੂੰ ਵੀ ਦਿੱਤਾ ਜਵਾਬ
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਿਥੇ ਪੰਜਾਬ ਸਰਕਾਰ ਨੂੰ ਘੇਰਿਆ, ਉਥੇ ਕਾਂਗਰਸ ਪਾਰਟੀ ਨੂੰ ਜਵਾਬ ਦਿੰਦੇ ਨਜ਼ਰ ਆਏ। ਬਲਕੌਰ ਸਿੰਘ ਦੀ ਕਾਂਗਰਸ ਵੱਲੋਂ ਹਮੇਸ਼ਾ ਚੋਣ ਲੜਨ ਦੀ ਚਰਚਾ ਰਹਿੰਦੀ ਸੀ, ਜਿਸ 'ਤੇ ਐਤਵਾਰ ਬਲਕੌਰ ਸਿੰਘ ਨੇ ਕਿਹਾ, ''ਮੈਨੂੰ ਕੁੱਝ ਲੋਕ ਵਰਤਣਾ ਚਾਹੁੰਦੇ ਹਨ, ਪਹਿਲਾਂ ਉਸ ਦੇ ਮੁੰਡੇ ਸਿੱਧੂ ਮੂਸੇਵਾਲਾ ਨੂੰ ਪ੍ਰੋਡਕਟ ਵਾਂਗ ਵਰਤਿਆ ਗਿਆ, ਹੁਣ ਮੇਰਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਚੋਣ ਲੜਨੀ ਹੋਈ ਤਾਂ ਉਨ੍ਹਾਂ ਨੂੰ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਪਵੇਗੀ।''