HSGPC ਚੋਣਾਂ ਲਈ ਸਮੂਹ ਬਣਾਉਣ ਤੋਂ ਸਿਆਸੀ ਪਾਰਟੀਆਂ ਨੂੰ ਰੋਕਣ ਦੇ ਨੋਟੀਫਿਕੇਸ਼ਨ ਨੂੰ ਦੇਵਾਂਗਾ ਚੁਣੌਤੀ : ਡਾ. ਚੀਮਾ

Shriomani Akali Dal : ਡਾ. ਚੀਮਾ ਨੇ ਹਰਿਆਣਾ ਗੁਰਦੁਆਰਾ ਕਮਿਸ਼ਨ ਨੂੰ ਅਪੀਲ ਕੀਤੀ ਕਿ ਇਹ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ ਅਤੇ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਅਦਾਲਤਾਂ ਕੋਲ ਪਹੁੰਚ ਕਰਾਂਗੇ ਕਿਉਂਕਿ ਇਹ ਸਾਡੇ ਲੋਕਤੰਤਰੀ ਹੱਕ ’ਤੇ ਹਮਲਾ ਹੈ।

By  KRISHAN KUMAR SHARMA December 12th 2024 05:16 PM

HSGPC Elections : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਹਰਿਆਣਾ ਵਿਚ ਹੋ ਰਹੀਆਂ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਚੋਣਾਂ ਲੜਨ ਤੋਂ ਰੋਕਣ ਲਈ ਰਚੀ ਜਾ ਰਹੀ ਸਾਜ਼ਿਸ਼ ਦੀ ਨਿਖੇਧੀ ਕੀਤੀ ਅਤੇ ਐਲਾਨ ਕੀਤਾ ਕਿ ਪਾਰਟੀ ਇਸ ਅਨਿਆਂ ਦੇ ਖਿਲਾਫ ਕਾਨੂੰਨੀ ਲੜਾਈ ਲੜੇਗੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਆਗੂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਕੇ ਲੋਕ ਪ੍ਰਤੀਨਿਧ ਐਕਟ ਦੀ ਧਾਰਾ 29 ਏ ਤਹਿਤ ਭਾਰਤੀ ਚੋਣ ਕਮਿਸ਼ਨ ਕੋਲ ਰਜਿਸਟਰਡ ਸਾਰੀਆਂ ਪਾਰਟੀਆਂ ਲਈ ਇਹ ਚੋਣਾਂ ਲੜਨ ’ਤੇ ਪਾਬੰਦੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਅਜਿਹੀ ਪਾਰਟੀ ਚੋਣ ਲੜਨ ਵਾਸਤੇ ਸਮੂਹ ਨਹੀਂ ਬਣਾ ਸਕਦੀ ਤੇ ਨਾ ਹੀ ਚੋਣ ਨਿਸ਼ਾਨ ਵਾਸਤੇ ਅਪਲਾਈ ਕਰ ਸਕਦੀ ਹੈ।

ਇਸ ਨੋਟੀਫਿਕੇਸ਼ਨ ਨੂੰ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਕਰਾਰ ਦਿੰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਵੀ ਦਿੱਲੀ ਸਰਕਾਰ ਨੇ ਅਜਿਹਾ ਹੀ ਨੋਟੀਫਿਕੇਸ਼ਨ ਜਾਰੀ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਨ ਤੋਂ ਰੋਕਣ ਦਾ ਯਤਨ ਕੀਤਾ ਸੀ ਪਰ ਪਾਰਟੀ ਨੇ ਹਾਈ ਕੋਰਟ ਕੋਲ ਪਹੁੰਚ ਕੀਤੀ। ਮਾਣਯੋਗ ਅਦਾਲਤ ਨੇ ਕਿਹਾ ਕਿ ਇਹ ਇਕ ਧਰਮ ਨਿਰਪੱਖ ਅਧਿਕਾਰ ਹੈ ਜਿਸਨੂੰ ਖੋਹਿਆ ਨਹੀਂ ਜਾ ਸਕਦਾ।

ਡਾ. ਚੀਮਾ ਨੇ ਹਰਿਆਣਾ ਗੁਰਦੁਆਰਾ ਕਮਿਸ਼ਨ ਨੂੰ ਅਪੀਲ ਕੀਤੀ ਕਿ ਇਹ ਨੋਟੀਫਿਕੇਸ਼ਨ ਵਾਪਸ ਲਿਆ ਜਾਵੇ ਅਤੇ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਅਦਾਲਤਾਂ ਕੋਲ ਪਹੁੰਚ ਕਰਾਂਗੇ ਕਿਉਂਕਿ ਇਹ ਸਾਡੇ ਲੋਕਤੰਤਰੀ ਹੱਕ ’ਤੇ ਹਮਲਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਹਰਿਆਣਾ ਸਰਕਾਰ ਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਨ ਵਾਸਤੇ ਐਕਟ ਲਿਆਂਦਾ ਅਤੇ ਹਰਿਆਣਾ ਵਿਚ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਇਸ ਵੱਲੋਂ ਬਣਾਈ ਕਮੇਟੀ ਹਵਾਲੇ ਕਰ ਦਿੱਤਾ। ਉਹਨਾਂ ਕਿਹਾ ਕਿ ਇਹ ਐਕਟ ਵੀ ਉਦੋਂ ਲਿਆਂਦਾ ਗਿਆ ਜਦੋਂ ਗੁਰਦੁਆਰਾ ਐਕਟ 1925 ਹਾਲੇ ਵੀ ਲਾਗੂ ਹੈ। ਉਹਨਾਂ ਕਿਹਾ ਕਿ ਅਜਿਹੇ ਗੈਰ ਕਾਨੂੰਨੀ ਕਦਮ ਚੁੱਕਣ ਦੇ ਬਾਵਜੂਦ ਹਾਲੇ ਵੀ ਹਰਿਆਣਾ ਸਰਕਾਰ ਨੂੰ ਅਕਾਲੀ ਦਲ ਦਾ ਡਰ ਹੈ ਅਤੇ ਉਹ ਅਕਾਲੀ ਦਲ ਨੂੰ ਚੋਣਾਂ ਤੋਂ ਦੂਰ ਰੱਖਣ ਦਾ ਯਤਨ ਕਰ ਰਹੀ ਹੈ।

Related Post