ਭਾਰਤ ਪਹੁੰਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਕੀਤਾ ਗਿਆ ਸੁਸ਼ੋਭਿਤ

Shri Guru Granth Sahib Ji : ਦੋਹਾ ਕਤਰ ਅੰਦਰ ਸਥਾਨਕ ਪੁਲਿਸ ਵੱਲੋਂ ਵਾਪਸ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪਾਸ ਲੈ ਕੇ ਸ੍ਰੀ ਦਰਬਾਰ ਸਾਹਿਬ ਸਮੂਹ ’ਚ ਸਥਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸੁਸ਼ੋਭਿਤ ਕਰ ਦਿੱਤੇ ਹਨ।

By  KRISHAN KUMAR SHARMA August 29th 2024 11:49 AM -- Updated: August 29th 2024 12:34 PM

ਅੰਮ੍ਰਿਤਸਰ : ਦੋਹਾ ਕਤਰ ਅੰਦਰ ਸਥਾਨਕ ਪੁਲਿਸ ਵੱਲੋਂ ਵਾਪਸ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦੇ ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਆਪਣੇ ਪਾਸ ਲੈ ਕੇ ਸ੍ਰੀ ਦਰਬਾਰ ਸਾਹਿਬ ਸਮੂਹ ’ਚ ਸਥਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸੁਸ਼ੋਭਿਤ ਕਰ ਦਿੱਤੇ ਹਨ। 

ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ ਰਾਤ ਇਹ ਸੂਚਨਾ ਮਿਲੀ ਸੀ ਕਿ ਦੋਹਾ ਪੁਲਿਸ ਵੱਲੋਂ ਵਾਪਸ ਕੀਤੇ ਗਏ ਪਾਵਨ ਸਰੂਪ ਲੈ ਕੇ ਇਸ ਮਾਮਲੇ ਨਾਲ ਸਬੰਧਤ ਵਿਅਕਤੀ ਹਵਾਈ ਉਡਾਨ ਰਾਹੀਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ, ਸ੍ਰੀ ਅੰਮ੍ਰਿਤਸਰ ਵਿਖੇ ਪੁੱਜ ਰਹੇ ਹਨ, ਜਿਸ ਉੱਤੇ ਤੁਰੰਤ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਹਵਾਈ ਅੱਡੇ ਤੋਂ ਇਹ ਪਾਵਨ ਸਰੂਪ ਸਬੰਧਤ ਵਿਅਕਤੀਆਂ ਪਾਸੋਂ ਪ੍ਰਾਪਤ ਕਰਕੇ ਪਾਲਕੀ ਸਾਹਿਬ ਵਾਲੀ ਗੱਡੀ ਰਾਹੀਂ ਮਰਯਾਦਾ ਅਤੇ ਸਤਿਕਾਰ ਸਹਿਤ ਲਿਆ ਕੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਸੁਸ਼ੋਭਿਤ ਕਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਮਾਮਲੇ ਦੀ ਰਿਪੋਰਟ ਪਾਵਨ ਸਰੂਪ ਪ੍ਰਾਪਤ ਕਰਨ ਗਏ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਪਾਸੋਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜ ਦਿੱਤੀ ਜਾਵੇਗੀ।

Related Post