ਕਿਸਾਨਾਂ ਦੇ ਹੱਕਾਂ ਲਈ ਸ਼੍ਰੋਮਣੀ ਆਕਾਲੀ ਦਲ ਦੀ ਪਹਿਲਕਦਮੀ; ਖ਼ਰਾਬ ਫ਼ਸਲਾਂ ਦੇ ਮੁਆਵਜ਼ੇ ਲਈ ਕਰ ਰਹੀ ਮੰਗ
ਜਲੰਧਰ : ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਹੱਕਾਂ ਵਿੱਚ ਪੰਜਾਬ 'ਚ ਵੱਖ-ਵੱਖ ਥਾਂ ਤੇ ਧਰਨੇ ਲਗਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਮੁੱਖ ਮੰਗਾਂ ਕਿਸਾਨਾਂ ਦੀ ਹੜ੍ਹਾਂ ਕਾਰਨ ਖ਼ਰਾਬ ਹੋਈ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਹਨ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕਪੂਰਥਲੇ ਅਤੇ ਜਲੰਧਰ ਇਲਾਕੇ ਦੇ ਕਿਸਾਨਾਂ ਦੇ ਲਈ ਹਾਅ ਦਾ ਨਾਅਰਾ ਮਾਰਨ ਲਈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸੀਨੀਅਰ ਲੀਡਰਸ਼ਿਪ 6 ਸਤੰਬਰ ਨੂੰ ਜਲੰਧਰ ਅਤੇ ਕਪੂਰਥਲਾ ਦੇ ਕਿਸਾਨਾਂ ਦੇ ਹੱਕ 'ਚ ਧਰਨਾ ਦੇਣਗੇ।
ਇਸ ਦੀ ਜਾਣਕਾਰੀ ਦਿੰਦਿਆ ਗੁਰਪ੍ਰਤਾਪ ਸਿੰਘ ਵਡਾਲਾ ਕੋਰ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਦਿਹਾਤੀ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਕਿਸਾਨਾਂ ਨੂੰ ਖ਼ਰਾਬ ਫਸਲਾਂ ਦੇ ਮੁਆਵਜ਼ੇ ਦੇਣ 'ਚ ਅਸਫ਼ਲ ਹੈ। ਅੱਜ ਕਿਸਾਨ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਇੱਥੋਂ ਤੱਕ ਕਿ ਕਿਸਾਨ ਆਪ ਹੀ ਟੁੱਟੇ ਬੰਨਾਂ ਨੂੰ ਬੰਨ੍ਹਣ ਦੇ ਲਈ ਸੰਘਰਸ਼ ਕਰ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਥਾਂ-ਥਾਂ 'ਤੇ ਸੰਗਤਾਂ ਆਪ ਮੁਹਾਰੇ ਹੋ ਕੇ ਸੇਵਾ ਕਰ ਰਹੀਆਂ ਹਨ। ਸੀ.ਐੱਮ ਭਗਵੰਤ ਮਾਨ ਕਿਸਾਨਾਂ ਦੀ ਸਾਰ ਲੈਣ ਦੇ ਬਜਾਏ ਕੇਜਰੀਵਾਲ ਦੇ ਨਾਲ ਪੰਜਾਬ ਦੇ ਖਜਾਨੇ ਵਿੱਚੋਂ ਕਾਂਗਰਸ ਪਾਰਟੀ ਦੇ ਨਾਲ ਆਪਣੇ ਅਤੇ ਦਿੱਲੀ ਵਾਲਿਆਂ ਦੇ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਹਨ। ਕਿਸਾਨਾਂ ਦੇ ਹੱਕਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਆਵਾਜ਼ ਚੁੱਕਦਾ ਆਇਆ ਹੈ ਅਤੇ ਚੁੱਕਦਾ ਰਹੇਗਾ।