ਸ਼੍ਰੋਮਣੀ ਅਕਾਲੀ ਦਲ ਨੇ ਜਗਮੀਤ ਬਰਾੜ ਦੀ ਪਾਰਟੀ 'ਚੋਂ ਮੁੱਢਲੀ ਮੈਂਬਰਸ਼ਿਪ ਕੀਤੀ ਖ਼ਾਰਿਜ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ (Jagmeet Brar) ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਪਾਰਟੀ ਵਿਚੋਂ ਮੁੱਢਲੀ ਮੈਂਬਰਸ਼ਿਪ ਖ਼ਾਰਿਜ ਕਰ ਦਿੱਤੀ ਹੈ। ਜਗਮੀਤ ਬਰਾੜ ਅਨੁਸ਼ਾਸਨੀ ਕਮੇਟੀ ਅੱਗੇ ਅੱਜ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਉਨ੍ਹਾਂ ਦੀ ਅਕਾਲੀ ਦਲ 'ਚੋਂ ਛੁੱਟੀ ਕਰ ਦਿੱਤੀ ਗਈ ਹੈ। ਅਨੁਸਾਸ਼ਨੀ ਕਮੇਟੀ ਨੇ ਜਗਮੀਤ ਬਰਾੜ ਦੀਆਂ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਸਖ਼ਤ ਕਾਰਵਾਈ ਕੀਤੀ ਹੈ।
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ (Sikandar Singh Maluka) ਨੇ ਦੱਸਿਆ ਕਿ ਕਮੇਟੀ ਨੇ ਬਰਾੜ ਨੂੰ ਪਾਰਟੀ ਨੇ ਬਹੁਤ ਮਾਣ-ਤਾਣ ਦਿੱਤਾ। ਹਾਲਾਂਕਿ ਬਰਾੜ ਦੀ ਪਾਰਟੀ ਨੂੰ ਕੋਈ ਦੇਣ ਨਹੀਂ ਸੀ। ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ, ਕੋਰ ਕਮੇਟੀ ਮੈਂਬਰ ਬਣਾਇਆ ਪਰ ਉਹ ਪਿਛਲੇ ਸੁਭਾਅ ਮੁਤਾਬਿਕ ਟਿਕ ਕੇ ਨਹੀਂ ਰਹਿ ਸਕੇ। ਉਨ੍ਹਾਂ ਕਿਹਾ ਕਿ ਕਿਸੇ ਖਿਲਾਫ਼ ਕਾਰਵਾਈ ਕਰਨੀ ਸੌਖੀ ਪਰ ਅਨੁਸ਼ਾਸਨਹੀਣਤਾ ਕਾਰਨ ਪਾਰਟੀ ਚੱਲਦੀ ਨਹੀਂ। ਉਨ੍ਹਾਂ ਕਿਹਾ ਕਿ ਬਰਾੜ ਸਮਾਂ ਲੈ ਕੇ ਵੀ ਨਹੀਂ ਪੁੱਜੇ। ਉਨ੍ਹਾਂ ਨੂੰ ਕਈ ਮੌਕੇ ਦਿੱਤੇ ਗਏ।
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਬਰਾੜ ਨੇ ਬੀਬੀ ਜਗੀਰ ਕੌਰ ਵੱਲੋਂ ਰੱਖੀ ਮੀਟਿੰਗ 'ਚ ਸ਼ਾਮਲ ਹੋ ਕੇ ਇਕ ਹੋਰ ਅਨੁਸ਼ਾਸ਼ਨਹੀਣਤਾ ਦਾ ਕੰਮ ਕੀਤਾ ਸੀ। ਕਾਬਿਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ 6 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋਣ ਤੋਂ ਅਸਮਰੱਥਾ ਪ੍ਰਗਟਾਈ ਸੀ। ਉਨ੍ਹਾਂ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੂੰ ਫੋਨ ਕਰਕੇ ਮੀਟਿੰਗ ਦਾ ਸਮਾਂ ਵਧਾਉਣ ਦੀ ਬੇਨਤੀ ਕੀਤੀ। ਇਸ 'ਤੇ ਉਨ੍ਹਾਂ ਨੂੰ 6 ਦਸੰਬਰ ਦੀ ਬਜਾਏ 10 ਦਸੰਬਰ ਨੂੰ ਦੁਪਹਿਰ 1 ਵਜੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿਖੇ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਸੀ ਪਰ ਉਹ ਮਿੱਥੇ ਸਮੇਂ ਅਨੁਸਾਰ ਅੱਜ ਵੀ ਹਾਜ਼ਰ ਨਹੀਂ ਹੋਏ।