CBSE ਪ੍ਰੀਖਿਆ ਦੌਰਾਨ ਕੜੇ ਲੁਹਾਉਣ ਦੀ ਘਟਨਾ ਦਾ SGPC ਨੇ ਲਿਆ ਸਖਤ ਨੋਟਿਸ, ਡੀਸੀ ਚੰਡੀਗੜ੍ਹ ਨੂੰ ਕੀਤੀ ਮੰਗ

ਐਡਵੋਕੇਟ ਧਾਮੀ ਨੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਪ੍ਰਸ਼ਾਸਨਿਕ ਮੁਖੀ ਹੋਣ ਦੇ ਨਾਤੇ ਸੀਬੀਐੱਸਈ ਦੇ ਅਧਿਕਾਰੀ ਦੇ ਅਹੁਦੇ ਲਈ ਭਰਤੀ ਪ੍ਰੀਖਿਆ ਵਿੱਚ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਆਖਿਆ।

By  KRISHAN KUMAR SHARMA August 11th 2024 03:53 PM -- Updated: August 11th 2024 04:02 PM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੀਬੀਐੱਸਈ ਦੇ ਸਹਾਇਕ ਸਕੱਤਰ (ਪ੍ਰਸ਼ਾਸਨ) ਦੀ ਭਰਤੀ ਲਈ ਅੱਜ ਕਰਵਾਏ ਗਏ ਇਮਤਿਹਾਨ ਦੌਰਾਨ ਚੰਡੀਗੜ੍ਹ ਦੇ ਸੈਕਟਰ 7 ਸਥਿਤ ਕੇਬੀ ਡੀਏਵੀ ਸਕੂਲ ਵਿਖੇ ਬਣੇ ਕੇਂਦਰ ਵਿਖੇ ਸਿੱਖ ਉਮੀਦਵਾਰਾਂ ਦੇ ਕੜੇ ਲੁਹਾਉਣ ਦੀ ਹਰਕਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਪ੍ਰਸ਼ਾਸਨਿਕ ਮੁਖੀ ਹੋਣ ਦੇ ਨਾਤੇ ਸੀਬੀਐੱਸਈ ਦੇ ਅਧਿਕਾਰੀ ਦੇ ਅਹੁਦੇ ਲਈ ਭਰਤੀ ਪ੍ਰੀਖਿਆ ਵਿੱਚ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਆਖਿਆ।

ਉਨ੍ਹਾਂ ਕਿਹਾ ਕਿ ਇਹ ਇਮਤਿਹਾਨ ਦੇਣ ਗਏ ਉਮੀਦਵਾਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੇਂਦਰ ਵਿੱਚ ਦਾਖਲੇ ਤੋਂ ਪਹਿਲਾਂ ਮੌਕੇ ਉੱਤੇ ਮੌਜੂਦ ਅਧਿਕਾਰੀਆਂ ਵੱਲੋਂ ਕੜੇ ਲੁਹਾਉਣ ਦੀ ਇਤਰਾਜ਼ਯੋਗ ਕਾਰਵਾਈ ਕੀਤੀ ਗਈ ਹੈ, ਜੋ ਧਾਰਮਿਕ ਅਜ਼ਾਦੀ ਦੇ ਹੱਕ ਦੀ ਉਲੰਘਣਾ ਹੈ। ਕੜਾ ਸਿੱਖਾਂ ਦੇ ਪੰਜ ਕਕਾਰਾਂ ਦਾ ਹਿੱਸਾ ਹੈ, ਜਿਸ ਨੂੰ ਉਤਾਰਨ ਲਈ ਮਜਬੂਰ ਕਰਨਾ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਘਟਨਾ ਹੈ।

ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਅੱਗੇ ਵੀ ਸਾਹਮਣੇ ਆਈਆਂ ਹਨ ਅਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਹਮੇਸ਼ਾ ਹੀ ਇਨ੍ਹਾਂ ਮਾਮਲਿਆਂ ਦੀ ਪੈਰਵਾਈ ਕੀਤੀ ਜਾਂਦੀ ਹੈ, ਪਰੰਤੂ ਸਰਕਾਰਾਂ ਮੁਕਾਬਲਾ ਇਮਤਿਹਾਨਾਂ ਦੌਰਾਨ ਸਾਰੇ ਧਰਮਾਂ ਖਾਸਕਰ ਸਿੱਖਾਂ ਦੇ ਧਾਰਮਿਕ ਸਰੋਕਾਰਾਂ ਤੇ ਅਕੀਦਿਆਂ ਪ੍ਰਤੀ ਸੰਜੀਦਾ ਨਜ਼ਰ ਨਹੀਂ ਆਉਂਦੀਆਂ। ਐਡਵੋਕੇਟ ਧਾਮੀ ਨੇ ਸਰਕਾਰਾਂ ਅਤੇ ਮੁਕਾਬਲਾ ਇਮਤਿਹਾਨ ਕਰਵਾਉਣ ਵਾਲੀਆਂ ਏਜੰਸੀਆਂ, ਕਮਿਸ਼ਨਾਂ ਤੇ ਬੋਰਡਾਂ ਨੂੰ ਸਿੱਖ ਕਕਾਰਾਂ ਪ੍ਰਤੀ ਸੰਜੀਦਾ ਪਹੁੰਚ ਅਪਨਾ ਕੇ ਅਜਿਹੇ ਵਰਤਾਰੇ ਨੂੰ ਠੱਲ੍ਹ ਪਾਉਣ ਦੀ ਗੱਲ ਆਖੀ।

ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਾਲ ਸਬੰਧਤ ਇਸ ਮਾਮਲੇ ਦੀ ਸਮੁੱਚੀ ਜਾਣਕਾਰੀ ਹਾਸਲ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ ਰਿਪੋਰਟ ਪ੍ਰਾਪਤ ਹੋਣ ਉੱਤੇ ਢੁਕਵੀਂ ਕਾਰਵਾਈ ਅੱਗੇ ਵਧਾਈ ਜਾਵੇਗੀ।

Related Post