SGPC ਸਿੰਧੀ ਸਮਾਜ ਦੀ ਗੁਰੂ ਪ੍ਰਤੀ ਆਸਥਾ ਦਾ ਸਤਿਕਾਰ ਕਰਦੀ ਹੈ: ਗੁਰਚਰਨ ਸਿੰਘ ਗਰੇਵਾਲ
ਅੰਮ੍ਰਿਤਸਰ:ਇੰਦੌਰ ਵਿਖੇ ਸਿੰਧੀ ਸਿੱਖਾਂ ਨਾਲ ਸ਼ੁਰੂ ਹੋਏ ਬੇਹੱਦ ਗੰਭੀਰ ਵਿਵਾਦ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਸੰਜੀਦਾ ਹੈ ਅਤੇ ਇਸ ਸਬੰਧ ਵਿਚ ਭੇਜੀ ਗਈ ਟੀਮ ਪਾਸੋਂ ਰਿਪੋਰਟ ਪ੍ਰਾਪਤ ਕਰਕੇ ਅਗਲੇ ਕਦਮ ਚੁੱਕੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੰਧੀ ਭਾਈਚਾਰਾ ਸਿੱਖ ਪੰਥ ਦਾ ਅਹਿਮ ਅੰਗ ਹੈ। ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਹੋਣ ਕਾਰਨ ਬਹੁਤ ਸਾਰੇ ਸਿੰਧੀ ਪਰਿਵਾਰਾਂ ਨੇ ਆਪਣੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ ਕੀਤੇ ਹੋਏ ਹਨ।
ਭਾਈ ਗਰੇਵਾਲ ਨੇ ਸਪੱਸ਼ਟ ਕੀਤਾ ਕਿ ਕੁਝ ਜਥੇਬੰਦੀਆਂ ਵੱਲੋਂ ਬੀਤੇ ਦਿਨੀਂ ਇੰਦੌਰ ਵਿਚ ਸਿੰਧੀ ਸਿੱਖ ਪਰਿਵਾਰਾਂ ਦੇ ਘਰਾਂ ਅਤੇ ਸਿੰਧੀ ਸਮਾਜ ਨਾਲ ਸਬੰਧਤ ਗੁਰੂ ਘਰਾਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੁੱਕਣੇ ਹਰਗਿਜ਼ ਠੀਕ ਨਹੀਂ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ ਜਾਂਚ ਟੀਮ ਸਥਾਨਕ ਪੱਧਰ ’ਤੇ ਸਿੰਧੀ ਸਿੱਖਾਂ ਨੂੰ ਮਿਲੀ ਹੈ। ਇਸ ਟੀਮ ਵੱਲੋਂ ਸਿੰਧੀ ਸਿੱਖਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਸਿੱਖੀ ਪ੍ਰਤੀ ਆਸਥਾ ਨੂੰ ਸੱਟ ਨਹੀਂ ਵੱਜਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਦਾ ਸਤਿਕਾਰ ਬਹਾਲ ਰੱਖਿਆ ਜਾਵੇਗਾ।
ਭਾਈ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਮਸਲੇ ’ਤੇ ਬੇਹੱਦ ਸੰਜੀਦਾ ਹਨ ਅਤੇ ਉਨ੍ਹਾਂ ਵੱਲੋਂ ਤੁਰੰਤ ਲੋੜੀਂਦੇ ਕਦਮ ਉਠਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸੇ ਤਹਿਤ ਹੀ ਅਗਲੇ ਦਿਨਾਂ ਵਿਚ ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਜਥਾ ਸਿੰਧੀ ਸਿੱਖਾਂ ਪਾਸ ਭੇਜਿਆ ਜਾਵੇਗਾ ਜੋ ਉਥੋਂ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ, ਸੇਵਾ-ਸੰਭਾਲ ਅਤੇ ਸਿੱਖ ਮਰਯਾਦਾ ਬਾਰੇ ਜਾਗਰੂਕ ਕਰੇਗਾ। ਭਾਈ ਗਰੇਵਾਲ ਨੇ ਕਿਹਾ ਕਿ ਸਿੱਖ ਮਰਯਾਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਵਿਚ ਖਾਮੀਆਂ ਬਰਦਾਸਤ ਨਹੀਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਸ਼ਰਧਾਵਾਨ ਸਿੱਖਾਂ ਨੂੰ ਗੁਰੂ ਸਾਹਿਬ ਨਾਲੋਂ ਤੋੜ ਦਿੱਤਾ ਜਾਵੇਗਾ। ਕਿਸੇ ਵੀ ਸ਼ਰਧਾਲੂ ਨੂੰ ਗੁਰੂ ਘਰ ਦੀ ਮਰਯਾਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਬਾਰੇ ਜਾਗਰੂਕ ਕਰਨਾ ਬਿਨ੍ਹਾਂ ਸ਼ੱਕ ਜ਼ਰੂਰੀ ਹੈ ਅਤੇ ਇਹ ਕੀਤਾ ਵੀ ਜਾਵੇਗਾ, ਪਰੰਤੂ ਇਸ ਮੁੱਦੇ ਨੂੰ ਜਾਣਬੁਝ ਕੇ ਵਿਵਾਦਤ ਬਣਾਉਣ ਦੇ ਹਾਮੀ ਨਹੀਂ ਹਾਂ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਵੀ ਇਸ ਮਾਮਲੇ ਸਬੰਧੀ ਸ਼ਲਾਘਾਯੋਗ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਵੀ ਸਿੱਖ ਪੰਥ ਦਾ ਸਤਿਕਾਰਤ ਅੰਗ ਸਿੰਧੀ ਸਿੱਖਾਂ ਦੀ ਗੁਰੂ ਸਾਹਿਬ ਪ੍ਰਤੀ ਆਸਥਾ ਦਾ ਸਤਿਕਾਰ ਕਰਦੀ ਹੈ।