SGPC ਦੇ ਯਤਨਾਂ ਸਦਕਾ 12 ਘੰਟਿਆਂ 'ਚ ਬੰਦ ਹੋਈ 'ਸਾਰਾਗੜ੍ਹੀ ਸਰਾਂ' ਦੀ ਫਰਜ਼ੀ ਵੈਬਸਾਈਟ, ਜਾਣੋ ਪੂਰਾ ਮਾਮਲਾ

ਗੂਗਲ ਵੱਲੋਂ ਸਿਰਫ 12 ਘੰਟਿਆਂ ਦੇ ਵਿੱਚ ਇਸ ਫਰਜ਼ੀ ਵੈਬਸਾਈਟ ਨੂੰ ਬੰਦ ਕਰਕੇ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕੀਤਾ ਗਿਆ। ਹੁਣ ਸ਼੍ਰੋਮਣੀ ਕਮੇਟੀ ਦੇ ਯਤਨਾ ਸਦਕਾ ਇਹ ਫਰਜ਼ੀ ਵੈੱਬਸਾਈਟ ਜ਼ਰੂਰ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਹੋਰ ਲੋਕ ਕਮਰਿਆਂ ਦੀ ਬੁਕਿੰਗ ਦੇ ਨਾਂ 'ਤੇ ਇਸ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ।

By  KRISHAN KUMAR SHARMA June 30th 2024 03:33 PM

Cyber Fraud : ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ਾਂ ਤੋਂ ਰੋਜ਼ਾਨਾ ਹੀ ਲੱਖਾਂ ਸ਼ਰਧਾਲੂ ਆਉਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹੂਲਤ ਦੇ ਦੇ ਲਈ ਲੰਗਰ ਪਾਣੀ ਪਾਰਕਿੰਗ ਮੈਡੀਕਲ ਅਤੇ ਰਿਹਾਇਸ਼ ਦੇ ਪ੍ਰਬੰਧ ਕੀਤੇ ਜਾਂਦੇ ਹਨ।

ਜੇਕਰ ਰਿਹਾਇਸ਼ ਦੀ ਗੱਲ ਕਰੀਏ ਤਾਂ SGPC ਦੀਆਂ ਸਰਾਵਾਂ ਵਿੱਚ 700 ਦੇ ਕਰੀਬ ਕਮਰੇ ਹਨ, ਜਿੱਥੇ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂ ਨਾ-ਮਾਤਰ ਪੈਸਿਆਂ ਦੇ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਇਨ੍ਹਾਂ ਸਰਾਵਾਂ ਦੇ ਕਮਰਿਆਂ ਵਿੱਚ ਠਹਿਰਦੇ ਹਨ। ਸ਼ਰਧਾਲੂਆਂ ਨੂੰ ਪਰੇਸ਼ਾਨੀ ਤੋਂ ਬਚਾਉਣ ਦੇ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਮਰਿਆਂ ਦੀ ਆਨਲਾਈਨ ਬੁਕਿੰਗ ਲਈ ਆਪਣੀ ਵੈਬਸਾਈਟ www.srai.com ਤਿਆਰ ਕੀਤੀ ਗਈ ਹੈ, ਜਿੱਥੇ ਸ਼ਰਧਾਲੂ ਅੰਮ੍ਰਿਤਸਰ ਆਉਣ ਤੋਂ ਇੱਕ ਹਫਤਾ ਪਹਿਲਾਂ ਤੱਕ ਆਨਲਾਈਨ ਬੁਕਿੰਗ ਕਰਵਾਉਂਦੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਇੱਕ ਸਾਈਬਰ ਠੱਗ ਵੱਲੋਂ ਇੱਕ ਫਰਜ਼ੀ ਵੈਬਸਾਈਟ ਤਿਆਰ ਕੀਤੀ ਗਈ ਸੀ www.saragarhisraihotel.com ਅਤੇ ਇਸ ਵੈਬਸਾਈਟ ਰਾਹੀਂ ਕਮਰੇ ਬੁੱਕ ਕਰਨ ਦੇ ਨਾਮ 'ਤੇ ਅਨੇਕਾਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਸੀ SGPC ਕੋਲ ਇਸ ਸਬੰਧੀ ਅਨੇਕਾਂ ਸ਼ਿਕਾਇਤਾਂ ਪਹੁੰਚੀਆਂ ਸਨ ਕਿਉਂਕਿ ਇਸ ਫਰਜ਼ੀ ਵੈਬਸਾਈਟ ਤੇ ਕਮਰਾ ਬੁੱਕ ਕਰਾ ਕੇ ਪੈਸੇ ਜਮਾਂ ਕਰਵਾ ਕੇ ਜਦੋਂ ਸ਼ਰਧਾਲੂ ਸਾਰਾਗੜ੍ਹੀ ਸਰਾਂ 'ਚ ਪਹੁੰਚਦੇ ਸਨ ਤਾਂ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਦਾ ਸੀ ਕਿ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ।

ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਨੂੰ ਇਸ ਸਾਈਬਰ ਠੱਗ ਨੂੰ ਕਾਬੂ ਕਰਨ ਦੇ ਲਈ ਇਸ ਦੀਆਂ ਠੱਗੀਆਂ ਬੰਦ ਕਰਾਉਣ ਦੇ ਲਈ ਇੱਕ ਮੈਮੋਰੈਂਡਮ ਦਿੱਤਾ ਗਿਆ ਸੀ ਅਤੇ ਇਸ ਦੇ ਨਾਲ ਨਾਲ ਇਸ ਵੈਬਸਾਈਟ ਨੂੰ ਚਲਾਉਣ ਵਾਲੇ ਦਾ ਮੋਬਾਈਲ ਨੰਬਰ ਅਤੇ ਬੈਂਕ ਦਾ ਖਾਤਾ ਨੰਬਰ ਵੀ ਦਿੱਤਾ ਗਿਆ ਸੀ ਪਰ ਪੁਲਿਸ ਵੱਲੋਂ ਇਸ ਸਬੰਧ ਵਿੱਚ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਆਖਿਰਕਾਰ ਸ਼੍ਰੋਮਣੀ ਕਮੇਟੀ ਵੱਲੋਂ ਗੂਗਲ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਗਿਆ। ਗੂਗਲ ਵੱਲੋਂ ਸਿਰਫ 12 ਘੰਟਿਆਂ ਦੇ ਵਿੱਚ ਇਸ ਫਰਜ਼ੀ ਵੈਬਸਾਈਟ ਨੂੰ ਬੰਦ ਕਰਕੇ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕੀਤਾ ਗਿਆ। ਹੁਣ ਸ਼੍ਰੋਮਣੀ ਕਮੇਟੀ ਦੇ ਯਤਨਾ ਸਦਕਾ ਇਹ ਫਰਜ਼ੀ ਵੈੱਬਸਾਈਟ ਜ਼ਰੂਰ ਬੰਦ ਕਰ ਦਿੱਤੀ ਗਈ ਹੈ ਤਾਂ ਜੋ ਹੋਰ ਲੋਕ ਕਮਰਿਆਂ ਦੀ ਬੁਕਿੰਗ ਦੇ ਨਾਂ 'ਤੇ ਇਸ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ, ਪਰ ਕਮਰਿਆਂ ਦੀ ਬੁਕਿੰਗ ਦੇ ਨਾਮ 'ਤੇ ਸੈਂਕੜੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ 10 ਤੋਂ 12 ਲੱਖ ਰੁਪਏ ਦੀ ਠੱਗੀ ਮਾਰ ਚੁੱਕੇ ਇਸ ਸਾਈਬਰ ਠੱਗ ਤੱਕ ਪੁਲਿਸ ਅਜੇ ਤੱਕ ਨਹੀਂ ਪਹੁੰਚ ਪਾਈ ਹੈ। ਇਹ ਸਾਈਬਰ ਠੱਗ ਹਾਲੇ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਹੈ। ਦੇਖਣ ਵਾਲੀ ਗੱਲ ਇਹ ਕਿ ਪੁਲਿਸ ਆਖਰਕਾਰ ਕਦੋਂ ਲੋਕਾਂ ਦੀ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਵਾਲੇ ਇਸ ਠੱਗ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੁੰਦੀ ਹੈ।

ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਵਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਸ਼ਰਧਾਲੂ ਕਮਰਿਆਂ ਦੀ ਆਨਲਾਈਨ ਬੁਕਿੰਗ ਸਿਰਫ ਸ਼੍ਰੋਮਣੀ ਕਮੇਟੀ ਦੀ ਪ੍ਰਮਾਣਤ ਵੈਬਸਾਈਟ www.srai.com 'ਤੇ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਜਾਂ ਠੱਗੀ ਤੋਂ ਬਚਿਆ ਜਾ ਸਕੇ।

Related Post