ਸ਼੍ਰੋਮਣੀ ਕਮੇਟੀ ਵਫ਼ਦ ਨੇ ਮੇਘਾਲਿਆ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ, ਸਿੱਖ ਮਾਮਲਿਆਂ ਨੂੰ ਲੈ ਕੇ ਸੌਂਪਿਆ ਮੰਗ ਪੱਤਰ
SGPC Delegation Meet Meghalaya Governor : ਸ਼੍ਰੋਮਣੀ ਕਮੇਟੀ ਵਫ਼ਦ ਦੀ ਅਗਵਾਈ ਕਰ ਰਹੇ ਜਰਨਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਅੱਜ ਸ਼੍ਰੋਮਣੀ ਕਮੇਟੀ ਵਫ਼ਦ ਨੇ ਮੇਘਾਲਿਆ ਦੇ ਰਾਜਪਾਲ ਨੂੰ ਸ਼ਿਲਾਂਗ ’ਚ ਗੁਰੂ ਘਰ ਨੂੰ ਢਾਹੁਣ ਦੀ ਕਾਰਵਾਈ ਤੁਰੰਤ ਰੋਕਣ ਲਈ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਆਖਿਆ ਹੈ।
SGPC Delegation Meet Meghalaya Governor : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਇਕ ਵਫ਼ਦ ਨੇ ਅੱਜ ਮੇਘਾਲਿਆ ਦੇ ਰਾਜਪਾਲ ਸੀਐਚ ਵਿਜਯਸ਼ੰਕਰ ਨੂੰ ਮਿਲ ਕੇ ਸ਼ਿਲਾਂਗ ਵਿਖੇ ਪੰਜਾਬੀ ਕਾਲੋਨੀ ਵਿਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦਾ ਮਾਮਲਾ ਤੁਰੰਤ ਹੱਲ ਕਰਵਾਉਣ ਲਈ ਦਖ਼ਲ ਦੀ ਮੰਗ ਕੀਤੀ ਹੈ। ਇਸ ਵਫ਼ਦ ਨੇ ਬੀਤੇ ਕੱਲ੍ਹ ਮੇਘਾਲਿਆ ਸਰਕਾਰ ਦੇ ਮੁੱਖ ਸਕੱਤਰ ਡੋਨਾਲਡ ਫਿਲੀਪਸ ਵਾਹਲੈਂਗ ਨਾਲ ਮੁਲਾਕਾਤ ਕਰਕੇ ਸ਼ਿਲਾਂਗ ਦੇ ਸਿੱਖਾਂ ਦੇ ਮਸਲੇ ਹੱਲ ਕਰਨ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੀ ਕਾਰਵਾਈ ਤੁਰੰਤ ਰੋਕਣ ਲਈ ਮੰਗ ਪੱਤਰ ਸੌਂਪਿਆ ਸੀ। ਇਸੇ ਦੀ ਲਗਾਤਾਰਤਾ ਵਿਚ ਹੀ ਅੱਜ ਮੇਘਾਲਿਆ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਗਈ।
ਸ਼੍ਰੋਮਣੀ ਕਮੇਟੀ ਵਫ਼ਦ ਦੀ ਅਗਵਾਈ ਕਰ ਰਹੇ ਜਰਨਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਅੱਜ ਸ਼੍ਰੋਮਣੀ ਕਮੇਟੀ ਵਫ਼ਦ ਨੇ ਮੇਘਾਲਿਆ ਦੇ ਰਾਜਪਾਲ ਨੂੰ ਸ਼ਿਲਾਂਗ ’ਚ ਗੁਰੂ ਘਰ ਨੂੰ ਢਾਹੁਣ ਦੀ ਕਾਰਵਾਈ ਤੁਰੰਤ ਰੋਕਣ ਲਈ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਆਖਿਆ ਹੈ। ਭਾਈ ਮਹਿਤਾ ਨੇ ਕਿਹਾ ਕਿ ਸ਼ਿਲਾਂਗ ਦੀ ਪੰਜਾਬੀ ਕਾਲੋਨੀ ਵਿਚ ਵੱਸੇ ਸਿੱਖ ਪਰਿਵਾਰਾਂ ਦੇ ਘਰਾਂ ਦਾ ਮਾਮਲਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਹੁਣ ਗੁਰਦੁਆਰਾ ਸਾਹਿਬ ਢਾਹੁਣ ਦੇ ਨਿਰਦੇਸ਼ ਜਾਰੀ ਹੋਣ ’ਤੇ ਸਥਾਨਕ ਸਿੱਖਾਂ ਅੰਦਰ ਵਿਆਪਕ ਰੋਸ ਹੈ। ਉਨ੍ਹਾਂ ਰਾਜਪਾਲ ਤੋਂ ਮੰਗ ਕੀਤੀ ਕਿ ਮੇਘਾਲਿਆ ਸਰਕਾਰ ਨੂੰ ਹਦਾਇਤ ਜਾਰੀ ਕਰਕੇ ਸਥਾਨਕ ਸਿੱਖਾਂ ਦੇ ਹੱਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਰਾਜਪਾਲ ਨਾਲ ਮੁਲਾਕਾਤ ਸਮੇਂ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਤੋਂ ਇਲਾਵਾ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਸ਼ਿਲਾਂਗ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਪ੍ਰਧਾਨ ਸ. ਗੁਰਜੀਤ ਸਿੰਘ, ਸੇਵ ਸ਼ਿਲਾਂਗ ਸਿੱਖਸ ਸੰਸਥਾ ਦੇ ਕਨਵੀਨਰ ਪ੍ਰੋਫ਼ੈਸਰ ਜਗਮੋਹਨ ਸਿੰਘ ਸ਼ਾਮਲ ਸਨ।