Ambedkar Statue Case : ਫਿਲੌਰ ਚ ਡਾ. ਅੰਬੇਦਕਰ ਦੇ ਬੁੱਤ ਤੇ ਲਿਖੇ ਗਏ ਖਾਲਿਸਤਾਨੀ ਨਾਅਰੇ, SFJ ਨੇ ਜ਼ਿੰਮੇਵਾਰੀ ਲੈਂਦਿਆਂ ਦਿੱਤੀ ਚੇਤਾਵਨੀ
BR Ambedkar Statue Case : ਪੰਨੂ ਨੇ ਕਿਹਾ ਕਿ ਨੰਗਲ, ਫਿਲੌਰ 'ਚ ਬਣੇ ਬਾਬਾ ਸਾਹਿਬ ਦੇ ਬੁੱਤ 'ਤੇ ਖਾਲਿਸਤਾਨੀ ਨਾਅਰਾ ਉਨ੍ਹਾਂ ਵੱਲੋਂ ਲਿਖਿਆ ਗਿਆ ਹੈ। ਇਸ ਦੌਰਾਨ 14 ਅਪ੍ਰੈਲ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਮੌਕੇ ਪੰਜਾਬ ਭਰ 'ਚ ਬੁੱਤ ਹਟਾਉਣ ਲਈ ਕਿਹਾ ਗਿਆ ਹੈ, ਜਿਸ ਕਾਰਨ ਐਸਸੀ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
Ambedkar Statue Case : ਫਿਲੌਰ 'ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ 'ਤੇ ਖਾਲਿਸਤਾਨੀ ਨਾਅਰਾ ਲਿਖਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੀ ਕਥਿਤ ਤੌਰ 'ਤੇ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਪੰਨੂ ਨੇ ਜ਼ਿੰਮੇਵਾਰੀ ਲਈ ਹੈ। ਇਸ ਦੌਰਾਨ ਪੰਨੂ ਨੇ ਕਿਹਾ ਕਿ ਨੰਗਲ, ਫਿਲੌਰ 'ਚ ਬਣੇ ਬਾਬਾ ਸਾਹਿਬ ਦੇ ਬੁੱਤ 'ਤੇ ਖਾਲਿਸਤਾਨੀ ਨਾਅਰਾ ਉਨ੍ਹਾਂ ਵੱਲੋਂ ਲਿਖਿਆ ਗਿਆ ਹੈ। ਇਸ ਦੌਰਾਨ 14 ਅਪ੍ਰੈਲ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਮੌਕੇ ਪੰਜਾਬ ਭਰ 'ਚ ਬੁੱਤ ਹਟਾਉਣ ਲਈ ਕਿਹਾ ਗਿਆ ਹੈ, ਜਿਸ ਕਾਰਨ ਐਸਸੀ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਿੱਖ ਫਾਰ ਜਸਟਿਸ ਨੇ ਕਥਿਤ ਵੀਡੀਓ ਜਾਰੀ ਕਰਕੇ ਕੀ ਕਿਹਾ ?
ਜਾਰੀ ਕੀਤੀ ਗਈ ਕਥਿਤ ਵੀਡੀਓ ਵਿੱਚ ਗੁਰਪਤਵੰਤ ਸਿੰਘ ਪੰਨੂ ਵੱਲੋਂ ਬਾਬਾ ਸਾਹਿਬ ਅੰਬੇਦਕਰ ਲਈ ਬਹੁਤ ਹੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਉਸ ਨੇ ਕਿਹਾ ਕਿ ਅੱਜ ਬਾਬਾ ਅੰਬੇਦਕਰ ਦੇ ਬੁੱਤ 'ਤੇ ਸਿੱਖ ਫਾਰ ਜਸਟਿਸ ਦੇ ਕਾਰਕੁੰਨਾਂ ਨੇ ਇਹ ਛਾਪੇ ਲਾਏ ਹਨ। ਪਨੂੰ ਨੇ ਕਿਹਾ ਕਿ ਇਹ ਐਸਸੀ ਭਾਈਚਾਰੇ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਉਨ੍ਹਾਂ ਦਾ ਗੁਰੂ ਬਾਬਾ ਸਾਹਿਬ ਅੰਬੇਦਕਰ ਨਹੀਂ, ਸਗੋਂ ਭਗਤ ਰਵੀਦਾਸ ਜੀ ਹਨ।
ਉਸ ਨੇ 14 ਅਪ੍ਰੈਲ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਲੈ ਕੇ ਐਸ.ਸੀ. ਭਾਈਚਾਰੇ ਨੂੰ ਚੇਤਾਵਨੀ ਜਾਰੀ ਕੀਤੀ ਕਿ ਉਹ ਇਸ ਦਿਨ ਬਾਬਾ ਸਾਹਿਬ ਦੇ ਪੰਜਾਬ ਭਰ ਵਿੱਚੋਂ ਬੁੱਤ ਉਤਾਰ ਦੇਣ ਅਤੇ ਭਗਤ ਰਵੀਦਾਸ ਜੀ ਦੇ ਬੁੱਤ ਲਗਾਏ ਜਾਣ।
ਐਸ.ਸੀ. ਭਾਈਚਾਰੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ 3 ਅਪ੍ਰੈਲ ਤੱਕ ਦਾ ਸਮਾਂ
ਉਧਰ, ਨੂਰਮਹਿਲ ਵਿਖੇ ਹੋਈ ਦਲਿਤ ਸਮਾਜ ਵੱਲੋਂ ਇੱਕ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਮਾਮਲੇ ਵਿੱਚ ਕਾਰਵਾਈ ਲਈ 3 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ। ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਨਾਂ ਵੱਲੋਂ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਅਪਸ਼ਬਦ ਲਿਖੇ ਹਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ,ਨਹੀਂ ਤਾਂ ਤਿੰਨ ਅਪ੍ਰੈਲ ਤੋਂ ਬਾਅਦ ਐਸ.ਸੀ. ਸਮਾਜ ਵੱਲੋਂ ਵੱਡੇ ਐਕਸ਼ਨ ਦਾ ਫੈਸਲਾ ਕੀਤਾ ਜਾਵੇਗਾ।
ਸਾਂਸਦ ਚੰਨੀ ਨੇ ਸਖਤ ਸ਼ਬਦਾਂ 'ਚ ਕੀਤੀ ਨਿਖੇਧੀ
ਜਲੰਧਰ ਦੇ ਸੰਸਦ ਮੈਂਬਰ ਚੰਨੀ ਨੇ ਇਸ ਘਟਨਾ ਨੂੰ ਨਿੰਦਣਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪਸੀ ਭਾਈਚਾਰਾ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ਼ਰਾਰਤੀ ਅਨਸਰ ਸਭ ਨੂੰ ਧਰਮ ਦੇ ਨਾਂ 'ਤੇ ਲੜਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ। ਸ਼ਰਾਰਤੀ ਲੋਕ ਜਾਣਦੇ ਹਨ ਕਿ ਸੂਬੇ ਵਿੱਚ ਦਲਿਤ ਭਾਈਚਾਰਾ ਵੱਡੀ ਗਿਣਤੀ ਵਿੱਚ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਤੁਰੰਤ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਦੀ ਅਪੀਲ ਕੀਤੀ ਹੈ।