Golden Temple ਦੇ ਲੰਗਰ ਘਰ ’ਚ ਵਾਪਰੀ ਮੰਦਭਾਗੀ ਘਟਨਾ, ਪੈਰ ਤਿਲਕਣ ਕਾਰਨ ਉਬਲਦੇ ਕੜਾਹੇ ’ਚ ਡਿੱਗਿਆ ਸੇਵਾਦਾਰ

ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਇੱਕ ਸੇਵਦਾਰ ਸੇਵਾ ਕਰਦੇ ਸਮੇਂ ਉਬਲਦੇ ਆਲੂਆਂ ਦੇ ਕੜਾਹੇ ਵਿੱਚ ਡਿੱਗ ਗਿਆ।

By  Dhalwinder Sandhu August 3rd 2024 10:46 AM -- Updated: August 3rd 2024 12:50 PM

Golden Temple Langar Hall Accident : ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵੱਡਾ ਹਾਦਸਾ ਵਾਪਰ ਗਿਆ। ਬੀਤੀ ਰਾਤ ਇੱਕ ਸੇਵਦਾਰ ਸੇਵਾ ਕਰਦੇ ਸਮੇਂ ਉਬਲਦੇ ਆਲੂਆਂ ਦੇ ਕੜਾਹੇ ਵਿੱਚ ਡਿੱਗ ਗਿਆ। ਨੇੜੇ ਹੀ ਸੇਵਾ ਕਰ ਰਹੇ ਹੋਰ ਸੇਵਾਦਾਰਾਂ ਨੇ ਤੁਰੰਤ ਉਸ ਨੂੰ ਕੜਾਹੇ ਵਿੱਚੋਂ ਬਾਹਰ ਕੱਢਿਆ। ਜਿਸ ਤੋਂ ਬਾਅਦ ਪੀੜਤ ਨੂੰ ਅੰਮ੍ਰਿਤਸਰ ਦੇ ਵੱਲਾ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪੈਰ ਤਿਲਕਣ ਕਾਰਨ ਵਾਪਰਿਆ ਹਾਦਸਾ

ਸੇਵਾਦਾਰ ਬਲਬੀਰ ਸਿੰਘ ਵਾਸੀ ਧਾਲੀਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਹੈ। ਉਹ ਪਿਛਲੇ ਦਸ ਸਾਲਾਂ ਤੋਂ ਹਰਿਮੰਦਰ ਸਾਹਿਬ ਵਿਖੇ ਸੇਵਾ ਲਈ ਆ ਰਿਹਾ ਸੀ। ਕਰੀਬ 12.30 ਵਜੇ ਆਲੂ ਉਬਾਲਣ ਦੀ ਸੇਵਾ ਚੱਲ ਰਹੀ ਸੀ ਤੇ ਵੱਡੇ ਕੜਾਹੇ ਵਿੱਚ ਆਲੂ ਉਬਾਲੇ ਜਾ ਰਹੇ ਸਨ। ਇਸ ਦੌਰਾਨ ਬਲਬੀਰ ਸਿੰਘ ਵੀ ਅਚਾਨਕ ਉਸ ਕੜਾਹੇ ਵਿੱਚ ਡਿੱਗ ਗਿਆ।

ਸੇਵਾ ਕਰ ਰਹੇ ਸੇਵਾਦਾਰਾਂ ਨੇ ਦੱਸਿਆ ਕਿ ਆਲੂ ਉਬਾਲਣ ਸਮੇਂ ਕੜਾਹੇ 'ਤੇ ਝੱਗ ਨਜ਼ਰ ਆਉਂਦੀ ਹੈ, ਜਿਸ ਨੂੰ ਸਾਫ਼ ਕੀਤਾ ਜਾਂਦਾ ਹੈ। ਬਲਬੀਰ ਸਿੰਘ ਵੀ ਉਹੀ ਝੱਗ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸਿੱਧਾ ਕੜਾਹੇ ਵਿੱਚ ਜਾ ਡਿੱਗਿਆ।

ਅੱਧੇ ਤੋਂ ਵੱਧ ਸਰੀਰ ਸੜ ਗਿਆ

ਪੀੜਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵੱਲਾ ਵਿਖੇ ਦਾਖਲ ਕਰਵਾਇਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ 70 ਫੀਸਦੀ ਸਰੀਰ ਸੜ ਗਿਆ ਹੈ। ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਦੀ ਟੀਮ ਵੱਲੋਂ ਜ਼ਖ਼ਮੀ ਸੇਵਾਦਾਰ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।

Related Post