ਕੜਾਕੇ ਦੀ ਠੰਢ ਨੇ ਉੱਤਰ ਭਾਰਤ ਠਾਰਿਆ, ਸੰਘਣੀ ਧੁੰਦ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ

By  Ravinder Singh January 11th 2023 09:24 AM

ਨਵੀਂ ਦਿੱਲੀ : ਪੂਰੇ ਉੱਤਰ ਭਾਰਤ 'ਚ ਕੜਾਕੇ ਦੀ ਠੰਢ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਸੰਘਣੀ ਧੁੰਦ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਮੌਸਮ ਵਿਭਾਗ ਨੇ ਕੁਝ ਥਾਵਾਂ 'ਤੇ ਫੌਰੀ ਰਾਹਤ ਦੇ ਸੰਕੇਤ ਦਿੱਤੇ ਹਨ। ਭਾਰਤ ਮੌਸਮ ਵਿਭਾਗ (IMD) ਅਨੁਸਾਰ ਉੱਤਰੀ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਤੋਂ ਸੀਤ ਲਹਿਰ ਦੇ ਹਾਲਾਤ ਘੱਟ ਗਏ ਹਨ ਅਤੇ ਅਗਲੇ 4 ਦਿਨਾਂ ਦੌਰਾਨ ਉੱਤਰੀ ਭਾਰਤ ਵਿੱਚ ਸੀਤ ਲਹਿਰ ਦੇ ਹਾਲਾਤ ਘੱਟ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਅਗਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਯੂਪੀ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਪੈ ਸਕਦੀ ਹੈ।



ਆਈਐਮਡੀ ਅਨੁਸਾਰ ਰਾਜਧਾਨੀ ਦਿੱਲੀ ਨੂੰ ਪਿਛਲੇ 23 ਸਾਲਾਂ ਵਿੱਚ ਤੀਜੀ ਸਭ ਤੋਂ ਵਧ ਠੰਢ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ 14 ਜਨਵਰੀ ਤੋਂ ਮੁੜ ਠੰਢ ਵਧਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਗਿਆਨੀ ਆਰਕੇ ਜੇਨਾਮਾਨੀ ਨੇ ਦੱਸਿਆ ਕਿ 3 ਤੋਂ 9 ਜਨਵਰੀ ਤੱਕ ਦਿੱਲੀ ਵਿੱਚ ਲਗਾਤਾਰ 5 ਦਿਨਾਂ ਤੱਕ ਸੀਤ ਲਹਿਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਪੰਜ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ 2 ਤੋਂ 4 ਡਿਗਰੀ ਦੇ ਆਸ-ਪਾਸ ਰਿਹਾ।

ਇਸ ਤੋਂ ਪਹਿਲਾਂ ਸਾਲ 2006 ਵਿੱਚ ਘੱਟੋ-ਘੱਟ ਤਾਪਮਾਨ 1.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸਾਲ 2013 ਵਿੱਚ ਵੀ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਿਆ ਸੀ। ਜੇਨਾਮਨੀ ਨੇ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਯੂਪੀ ਅਤੇ ਉੱਤਰੀ ਰਾਜਸਥਾਨ ਵਰਗੇ ਰਾਜਾਂ ਵਿੱਚ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਹੋਵੇਗੀ ਅਤੇ ਨਾਲ ਹੀ ਪਹਾੜੀ ਖੇਤਰਾਂ ਵਿੱਚ ਬਰਫਬਾਰੀ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਗਣਤੰਤਰਤਾ ਦਿਵਸ ਮੌਕੇ ਬਠਿੰਡਾ 'ਚ ਮੁੱਖ ਮੰਤਰੀ ਭਗਵੰਤ ਮਾਨ ਲਹਿਰਾਉਣਗੇ ਕੌਮੀ ਤਿਰੰਗਾ

ਉਨ੍ਹਾਂ ਕਿਹਾ ਕਿ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਬੱਦਲ ਛਾਏ ਰਹਿਣਗੇ ਅਤੇ ਨਮੀ ਵੀ ਦੇਖਣ ਨੂੰ ਮਿਲੇਗੀ। ਪੱਛਮੀ ਗੜਬੜੀ ਦੇ 11 ਤੋਂ 14 ਜਨਵਰੀ ਦੇ ਦੌਰਾਨ ਪੱਛਮੀ ਹਿਮਾਲੀਅਨ ਖੇਤਰ ਅਤੇ ਮੈਦਾਨੀ ਖੇਤਰ ਨਾਲ ਟਕਰਾਉਣ ਦੀ ਸੰਭਾਵਨਾ ਹੈ। ਇਸ ਨਾਲ ਬੱਦਲ ਛਾਏ ਰਹਿਣਗੇ।

Related Post