ਕੱਪੜਾ ਵਪਾਰੀ ਕਤਲ ਮਾਮਲਾ: ਸੁਰੱਖਿਆ ਮੁਲਾਜ਼ਮ ਦੀ ਵੀ ਹੋਈ ਮੌਤ
ਜਲੰਧਰ, 8 ਦਸੰਬਰ 2022: ਪੰਜਾਬ ਵਿਚ ਕਾਨੂੰਨ ਵਿਵਸਥਾ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਗੈਂਗਸਟਰਾਂ ਤੇ ਗ਼ੈਰ ਸਮਾਜਿਕ ਅਨਸਰਾਂ ਵੱਲੋਂ ਸ਼ਰੇਆਮ ਨਾਮੀ ਹਸਤੀਆਂ ਨੂੰ ਧਮਕੀਆਂ ਤੇ ਗੋਲੀ ਮਾਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਬੀਤੀ ਰਾਤ ਨਕੋਦਰ ਵਿਚ ਭਾਜਪਾ ਆਗੂ ਅਤੇ ਕੱਪੜਾ ਵਪਾਰੀ ਟਿੰਮੀ ਚਾਵਲਾ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਵਾਰਦਾਤ ਦੌਰਾਨ ਟਿੰਮੀ ਚਾਵਲਾ ਦਾ ਸੁਰੱਖਿਆ ਮੁਲਾਜ਼ਮ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ, ਜਿਸ ਦੀ ਅੱਜ ਜਲੰਧਰ ਦੇ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਕਿਸੇ ਗਰੁੱਪ ਵੱਲੋਂ ਕੱਪੜਾ ਵਪਾਰੀ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਅਜਿਹਾ ਨਾ ਕਰਨ ’ਤੇ ਉਸ ਨੂੰ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ ਗਈ ਸੀ।
ਉੱਥੇ ਹੀ ਦੂਜੇ ਪਾਸੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਬਦਮਾਸ਼ਾਂ ਨੂੰ ਬਿਲਕੁੱਲ ਵੀ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦਾ ਖੌਫ ਨਹੀਂ ਰਿਹਾ ਹੈ ਜਿਸ ਕਾਰਨ ਸ਼ਰੇਆਮ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਬੀਤੇ ਇੱਕ ਮਹੀਨੇ ਵਿੱਚ ਇੱਕ ਤੋਂ ਬਾਅਦ ਇੱਕ ਵਾਰਦਾਤਾਂ ਸਾਹਮਣੇ ਆਈਆਂ ਹਨ। ਪਹਿਲਾਂ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ. ਡੇਰਾ ਪ੍ਰੇਮੀ ਪ੍ਰਦੀਪ ਇਨ੍ਹਾਂ ਤੋਂ ਬਾਅਦ ਦਿਨ ਦਿਹਾੜੇ ਇੱਕ ਹੋਰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਨੇ ਪ੍ਰਸ਼ਾਸਨ ਦੇ ਕਾਨੂੰਨ ਵਿਵਸਥਾ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
- ਰਿਪੋਰਟਰ ਪਤਰਸ ਮਸੀਹ ਦੇ ਸਹਿਯੋਗ ਨਾਲ
ਇਹ ਵੀ ਪੜੋ: ਰਾਹੁਲ ਦੀ ਯਾਤਰਾ ਦੌਰਾਨ ਨੌਜਵਾਨ ਨੇ ਖੁਦ ਨੂੰ ਅੱਗ ਲਗਾਈ, ਬਣੀ ਭਗਦੜ ਵਾਲੀ ਸਥਿਤੀ